
ਉੱਤਰੀ ਭਾਰਤ ’ਚ ਸੰਘਣੀ ਧੁੰਦ, ਸਵੇਰ ਵੇਲੇ ਰੇਲ ਆਵਾਜਾਈ ਪ੍ਰਭਾਵਤ
Weather Update: ਉੱਤਰੀ ਭਾਰਤ ਦੇ ਗੰਗਾ ਦੇ ਮੈਦਾਨੀ ਇਲਾਕਿਆਂ ’ਚ ਮੰਗਲਵਾਰ ਨੂੰ ਸੰਘਣੀ ਧੁੰਦ ਛਾਈ ਰਹੀ। ਸੰਘਣੀ ਧੁੰਦ ਕਾਰਨ ਸੜਕ ਅਤੇ ਰੇਲ ਆਵਾਜਾਈ ਪ੍ਰਭਾਵਤ ਹੋਈ। ਸੈਟੇਲਾਈਟ ਤਸਵੀਰਾਂ ’ਚ ਪੰਜਾਬ ਤੋਂ ਲੈ ਕੇ ਉੱਤਰ-ਪੂਰਬੀ ਭਾਰਤ ਤਕ ਦੇ ਇਲਾਕਿਆਂ ’ਚ ਸੰਘਣੀ ਧੁੰਦ ਵਿਖਾਈ ਦੇ ਰਹੀ ਹੈ। ਰੇਲਵੇ ਦੇ ਇਕ ਬੁਲਾਰੇ ਨੇ ਦਸਿਆ ਕਿ ਸੰਘਣੀ ਧੁੰਦ ਕਾਰਨ ਦਿੱਲੀ ਜਾਣ ਵਾਲੀਆਂ 30 ਰੇਲ ਗੱਡੀਆਂ ਵੱਧ ਤੋਂ ਵੱਧ ਛੇ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ।
ਉੱਤਰੀ ਭਾਰਤ ’ਚ ਵਾਰਾਣਸੀ, ਆਗਰਾ, ਗਵਾਲੀਅਰ, ਜੰਮੂ, ਪਠਾਨਕੋਟ ਅਤੇ ਚੰਡੀਗੜ੍ਹ ’ਚ ਸਵੇਰੇ 5:30 ਵਜੇ ਸਿਫ਼ਰ ‘ਵਿਜ਼ੀਬਿਲਟੀ’ ਦਰਜ ਕੀਤੀ ਗਈ, ਜਦਕਿ ਗਯਾ ’ਚ ਸਵੇਰੇ 5:30 ਵਜੇ 20 ਮੀਟਰ ‘ਵਿਜ਼ੀਬਿਲਟੀ’ ਦਰਜ ਕੀਤੀ ਗਈ। ਪ੍ਰਯਾਗਰਾਜ ਅਤੇ ਤੇਜਪੁਰ ’ਚ ‘ਵਿਜ਼ੀਬਿਲਟੀ’ ਦਾ ਪੱਧਰ 50 ਮੀਟਰ, ਅਗਰਤਲਾ ’ਚ 100 ਮੀਟਰ, ਅੰਮ੍ਰਿਤਸਰ ’ਚ 200 ਮੀਟਰ ਅਤੇ ਗੋਰਖਪੁਰ ’ਚ 300 ਮੀਟਰ ਰਿਹਾ।
ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਨੇੜੇ ਪਾਲਮ ਆਬਜ਼ਰਵੇਟਰੀ ਨੇ ਸਿਰਫ 50 ਮੀਟਰ ਦ੍ਰਿਸ਼ਤਾ ਦਰਜ ਕੀਤੀ। ਦੇਸ਼ ਦੇ ਉੱਤਰੀ ਅਤੇ ਉੱਤਰ-ਪੂਰਬੀ ਖੇਤਰ ’ਚ ਪਿਛਲੇ 15 ਦਿਨਾਂ ’ਚ ਧੁੰਦ ਨੇ ਸਵੇਰ ਦੇ ਸਮੇਂ ਸੜਕ, ਰੇਲ ਅਤੇ ਹਵਾਈ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ। ਸੋਮਵਾਰ ਨੂੰ ਦਿੱਲੀ ਹਵਾਈ ਅੱਡੇ ’ਤੇ ਪੰਜ ਉਡਾਣਾਂ ਦਾ ਮਾਰਗ ਬਦਲਿਆ ਗਿਆ ਅਤੇ 100 ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲੀਆਂ। ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਲੋਕਾਂ ਨੂੰ ਬੇਲੋੜੀ ਯਾਤਰਾ ਤੋਂ ਪਰਹੇਜ਼ ਕਰਨ ਅਤੇ ਗੱਡੀ ਚਲਾਉਂਦੇ ਸਮੇਂ ਸਾਵਧਾਨ ਰਹਿਣ ਦੀ ਸਲਾਹ ਦਿਤੀ ਹੈ ਕਿਉਂਕਿ ਸੰਘਣੀ ਧੁੰਦ ਕਾਰਨ ਕਈ ਥਾਵਾਂ ’ਤੇ ‘ਵਿਜ਼ੀਬਿਲਟੀ’ ਸਿਫ਼ਰ ਮੀਟਰ ਤਕ ਡਿੱਗ ਗਈ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਤਿੰਨ ਦਿਨਾਂ ਤਕ ਉੱਤਰ ਭਾਰਤ ’ਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਦੋ ਦਿਨਾਂ ਤਕ ਉੱਤਰੀ ਮੈਦਾਨੀ ਇਲਾਕਿਆਂ ’ਚ ‘ਠੰਢੇ ਦਿਨ’ ਤੋਂ ਲੈ ਕੇ ‘ਬਹੁਤ ਠੰਢੇ ਦਿਨ’ ਦੀ ਸਥਿਤੀ ਬਣੀ ਰਹੇਗੀ। ਮੌਸਮ ਵਿਭਾਗ ਨੇ ਕਿਹਾ ਕਿ ਦੇਸ਼ ਦੇ ਉੱਤਰ-ਪਛਮੀ ਖੇਤਰਾਂ ’ਚ ਤਿੰਨ ਦਿਨਾਂ ਤਕ ਸ਼ੀਤ ਲਹਿਰ ਤੋਂ ਲੈ ਕੇ ਗੰਭੀਰ ਸ਼ੀਤ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਹੈ।
(For more Punjabi news apart from Dense to very dense fog to shroud north India for 3 more days, stay tuned to Rozana Spokesman)