
ਪੁਲਵਾਮਾ ਅਤਿਵਾਦੀ ਹਮਲੇ 'ਤੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਹ.....
ਨਵੀਂ ਦਿੱਲੀ : ਪੁਲਵਾਮਾ ਅਤਿਵਾਦੀ ਹਮਲੇ 'ਤੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਹ ਅਜਿਹੇ ਹਮਲਿਆਂ ਨਾਲ ਭਾਰਤ ਨੂੰ ਕਮਜ਼ੋਰ ਨਹੀਂ ਕਰ ਸਕੇਗਾ ਅਤੇ ਇਸ ਦੇ ਗੁਨਾਹਗਾਰਾਂ ਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਹੋਵੇਗੀ। ਤਿਰੰਗੇ 'ਚ ਲਪੇਟੇ ਸੀ.ਆਰ.ਪੀ.ਐਫ਼. ਦੇ ਬਹਾਦੁਰ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਦੀ ਉਡੀਕ ਕਰਦੇ ਰਿਸ਼ਤੇਦਾਰਾਂ ਦੇ ਦਰਦ ਅਤੇ ਦੇਸ਼ ਭਰ 'ਚ ਇਸ ਭਿਆਨਕ ਹਮਲੇ ਪ੍ਰਤੀ ਲੋਕਾਂ ਦੀਆਂ ਭਾਵਨਾਵਾਂ ਦੇ ਉਬਾਲ ਵਿਚਕਾਰ ਪ੍ਰਧਾਨ ਮੰਤਰੀ ਨੇ ਬੇਹੱਦ ਸਖ਼ਤ ਲਹਿਜੇ ਨਾਲ ਕਿਹਾ ਕਿ ਸੁਰੱਖਿਆ ਬਲਾਂ ਨੂੰ ਅਗਲੇਰੀ ਕਾਰਵਾਈ,
ਸਮਾਂ ਸਥਾਨ ਅਤੇ ਸਰੂਪ ਤੈਅ ਕਰਨ ਦੀ ਪੂਰੀ ਆਜ਼ਾਦੀ ਦੇ ਦਿਤੀ ਗਈ ਹੈ। ਉਨ੍ਹਾਂ ਕਿਹਾ, ''ਅਤਿਵਾਦੀ ਜਥੇਬੰਦੀਆਂ ਅਤੇ ਉਨ੍ਹਾਂ ਦੇ ਆਕਾਵਾਂ ਨੇ ਜੋ ਹੈਵਾਨੀਅਤ ਵਿਖਾਈ ਹੈ ਉਨ੍ਹਾਂ ਨੂੰ ਇਸ ਦੀ ਬਹੁਤ ਵੱਡੀ ਕੀਮਤ ਚੁਕਾਉਣੀ ਹੋਵੇਗੀ।'' ਪੁਲਵਾਮਾ ਹਮਲੇ 'ਤੇ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀ.ਸੀ.ਐਸ.) 'ਚ ਵੀ ਵਿਚਾਰ ਹੋਇਆ। ਇਸ ਘਿਨਾਉਣੇ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਸਖ਼ਤ ਕਦਮ ਚੁਕਦਿਆਂ ਪਾਕਿਸਤਾਨ ਨਾਲ ਵਪਾਰ 'ਚ 'ਸੱਭ ਤੋਂ ਤਰਜੀਹੀ ਦੇਸ਼ (ਐਮ.ਐਫ਼.ਐਨ.) ਦਾ ਦਰਜਾ ਵਾਪਸ ਲੈ ਲਿਆ ਹੈ। ਇਸ ਕਦਮ ਤੋਂ ਬਾਅਦ ਭਾਰਤ ਗੁਆਂਢੀ ਦੇਸ਼ ਤੋਂ ਆਉਣ ਵਾਲੀਆਂ ਵਸਤਾਂ 'ਤੇ ਟੈਕਸ ਵਧਾ ਸਕਦਾ ਹੈ।
ਇਹ ਦਰਜਾ ਪਾਕਿਸਤਾਨ ਨੂੰ 1996 'ਚ ਦਿਤਾ ਗਿਆ ਸੀ। ਭਾਰਤ ਦੇ ਇਸ ਫ਼ੈਸਲੇ ਨਾਲ ਪਾਕਿਸਤਾਨ ਦੇ ਅਰਥਚਾਰੇ 'ਤੇ ਵੱਡਾ ਅਸਰ ਪਵੇਗਾ ਜੋ ਪਹਿਲਾਂ ਹੀ ਡੂੰਘੇ ਸੰਕਟ 'ਚ ਹੈ। ਸੁਰੱਖਿਆ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਬੈਠਕ ਮਗਰੋਂ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਪੁਲਵਾਮਾ ਅਤਿਵਾਦੀ ਹਮਲੇ ਦੇ ਗੁਨਾਹਗਾਰਾਂ ਨੂੰ ਨਿਆਂ ਦੇ ਕਟਹਿਰੇ 'ਚ ਖੜਾ ਕਰਨ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾਵੇਗੀ। ਜੇਤਲੀ ਨੇ ਕਿਹਾ ਕਿ ਬੈਠਕ 'ਚ ਇਹ ਤੈਅ ਕੀਤਾ ਗਿਆ ਕਿ ਵਿਦੇਸ਼ ਮੰਤਰਾਲਾ ਪਾਕਿਸਤਾਨ ਨੂੰ ਕੌਮਾਂਤਰੀ ਪੱਧਰ 'ਤੇ ਪੂਰਨ ਰੂਪ ਨਾਲ ਵੱਖ ਕਰਨ ਲਈ ਕੂਟਨੀਤਕ ਪਹਿਲ ਅਰੰਭ ਕਰੇਗਾ।
ਇਸ ਦੌਰਾਨ ਭਾਰਤ ਨੇ ਪੁਲਵਾਮਾ 'ਚ ਪਾਕਿਸਤਾਨ ਸਥਿਤ ਅਤਿਵਾਦੀ ਜਥੇਬੰਦੀ ਦੇ ਹਮਲੇ 'ਚ ਲਗਭਗ 40 ਸੀ.ਆਰ.ਪੀ.ਐਫ਼. ਜਵਾਨਾਂ ਦੀ ਮੌਤ 'ਤੇ ਸਖ਼ਤ ਵਿਰੋਧ ਪ੍ਰਗਟਾਉਂਦਿਆਂ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਅਤੇ ਸਖ਼ਤ ਇਤਰਾਜ਼ ਪੱਤਰ (ਡੀਮਾਰਸ਼ੇ) ਜਾਰੀ ਕੀਤਾ। ਸੂਤਰਾਂ ਨੇ ਕਿਹਾ ਕਿ ਵਿਦੇਸ਼ ਸਕੱਤਰ ਵਿਜੈ ਗੋਖਲੇ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਸੋਹੇਲ ਮਹਿਮੂਦ ਨੂੰ ਸ਼ੁਕਰਵਾਰ ਦੁਪਹਿਰ 2 ਵਜੇ ਵਿਦੇਸ਼ ਮੰਤਰਾਲਾ 'ਚ ਤਬਲ ਕੀਤਾ ਅਤੇ ਵੀਰਵਾਰ ਨੂੰ ਪੁਲਵਾਮਾ 'ਚ ਹੋਏ ਅਤਿਵਾਦੀ ਹਮਲੇ 'ਤੇ ਸਖ਼ਤ ਇਤਰਾਜ਼ ਪੱਤਰ ਜਾਰੀ ਕੀਤਾ। ਪਾਕਿਸਤਾਨ ਨੂੰ ਕਿਹਾ ਗਿਆ ਹੈ ਕਿ
ਉਹ ਜੈਸ਼-ਏ-ਮੁਹੰਮਦ ਵਿਰੁਧ ਤੁਰਤ ਅਤੇ ਪ੍ਰਮਾਣਕ ਕਾਰਵਾਈ ਕਰੇ। ਉਥੇ, ਪ੍ਰਧਾਨ ਮੰਤਰੀ ਨੇ ਅਪਣੇ ਸਖ਼ਤ ਭਾਸ਼ਣ 'ਚ ਕਿਹਾ ਕਿ ਇਸ ਹਮਲੇ ਕਰ ਕੇ ਦੇਸ਼ 'ਚ ਜਿੰਨਾ ਗੁੱਸਾ ਹੈ, ਲੋਕਾਂ ਦਾ ਖ਼ੂਨ ਉੱਬਲ ਰਿਹਾ ਹੈ, ਇਹ ਮੈਂ ਸਮਝ ਰਿਹਾ ਹਾਂ। ਇਸ ਵੇਲੇ ਜੋ ਦੇਸ਼ ਦੀਆਂ ਉਮੀਦਾਂ ਹਨ ਕੁੱਝ ਕਰਨ ਵਿਖਾਉਣ ਦੀਆਂ ਹਨ, ਜੋ ਸੁਭਾਵਕ ਹਨ। ਸਾਡੇ ਸੁਰੱਖਿਆ ਬਲਾਂ ਨੂੰ ਪੂਰੀ ਆਜ਼ਾਦੀ ਦਿਤੀ ਹੋਈ ਹੈ। ਸਾਨੂੰ ਅਪਣੇ ਫ਼ੌਜੀਆਂ ਦੀ ਬਹਾਦਰੀ 'ਤੇ ਪੂਰਾ ਭਰੋਸਾ ਹੈ।'' (ਪੀਟੀਆਈ)