
ਚੁਰਾਚਾਂਦਪੁਰ ’ਚ ਹਿੰਸਾ ਤੋਂ ਬਾਅਦ ਫੈਲਿਆ ਤਣਾਅ
ਇੰਫਾਲ: ਮਨੀਪੁਰ ਦੇ ਚੁਰਾਚਾਂਦਪੁਰ ’ਚ ਸੁਰੱਖਿਆ ਫ਼ੋਰਸ ਨਾਲ ਝੜਪ ’ਚ ਦੋ ਵਿਅਕਤੀਆਂ ਦੀ ਮੌਤ ਹੋਣ ਤੋਂ ਬਾਅਦ ਸ਼ੁਕਰਵਾਰ ਨੂੰ ਵੀ ਇਹ ਇਲਾਕਾ ਤਣਾਅਪੂਰਨ ਰਿਹਾ। ਮਨੀਪੁਰ ਸਰਕਾਰ ਨੇ ਸ਼ੁਕਰਵਾਰ ਨੂੰ ਚੁਰਾਚੰਦਪੁਰ ਜ਼ਿਲ੍ਹੇ ’ਚ ਇਕ ਪੁਲਿਸ ਮੁਲਾਜ਼ਮ ਵਿਰੁਧ ਕਾਰਵਾਈ ਨੂੰ ਲੈ ਕੇ ਹੋਈ ਹਿੰਸਾ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਨੂੰ 5 ਦਿਨਾਂ ਲਈ ਮੁਅੱਤਲ ਕਰ ਦਿਤਾ ਹੈ।
ਇਕ ਕਾਂਸਟੇਬਲ ਦੀ ਮੁਅੱਤਲੀ ਦਾ ਵਿਰੋਧ ਕਰ ਰਹੀ ਭੀੜ ਛੋਟੀ ਸਕੱਤਰੇਤ ’ਚ ਦਾਖ਼ਲ ਹੋ ਗਈ ਸੀ। ਉਨ੍ਹਾਂ ਕਿਹਾ ਕਿ ਵੀਰਵਾਰ ਰਾਤ ਨੂੰ ਹੋਈ ਝੜਪ ’ਚ ਦੋ ਜਣਿਆਂ ਦੀ ਮੌਤ ਹੋ ਗਈ ਅਤੇ 42 ਹੋਰ ਜ਼ਖ਼ਮੀ ਹੋ ਗਏ। ਕਾਂਸਟੇਬਲ ਨੂੰ ਇਕ ਕਥਿਤ ਵੀਡੀਉ ’ਚ ਹਥਿਆਰਬੰਦ ਲੋਕਾਂ ਨਾਲ ਵੇਖੇ ਜਾਣ ਮਗਰੋਂ ਮੁਅੱਤਲ ਕਰ ਦਿਤਾ ਗਿਆ ਸੀ। ਇਹ ਵੀਡੀਉ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਸੀ। ਮਿ੍ਰਤਕਾਂ ਦੀ ਪਛਾਣ ਲੇਟਲਾਲਖੁਓਲ ਗਾਂਗਟੇ ਅਤੇ ਥਾਂਗਗੁਨਲੇਨ ਹਾਓਕਿਪ ਵਜੋਂ ਹੋਈ ਹੈ।
ਦੂਜੇ ਪਾਸੇ ਇਕ ਅਧਿਕਾਰੀ ਨੇ ਦਸਿਆ ਕਿ ਅੱਜ ਸਵੇਰੇ ਪੁਲਿਸ ਸੁਪਰਡੈਂਟ (ਐਸ.ਪੀ.) ਅਤੇ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ’ਚ ਭੰਨਤੋੜ ਕਰਨ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀ.ਏ.ਪੀ.ਐਫ.) ਵਲੋਂ ਵਰਤੇ ਜਾਣ ਵਾਲੇ ਗੱਡੀਆਂ ਨੂੰ ਅੱਗ ਲਾਉਣ ਅਤੇ ਐਸ.ਪੀ. ਦਫ਼ਤਰ ਕੰਪਲੈਕਸ ’ਚ ਕੌਮੀ ਝੰਡਾ ਉਤਾਰੇ ਜਾਣ ਤੋਂ ਬਾਅਦ ਜ਼ਿਲ੍ਹੇ ’ਚ ਸਥਿਤੀ ਤਣਾਅਪੂਰਨ ਬਣੀ ਰਹੀ।
ਉਨ੍ਹਾਂ ਕਿਹਾ ਕਿ ਇਹ ਖਦਸ਼ਾ ਹੈ ਕਿ ਕੁੱਝ ਸਮਾਜ ਵਿਰੋਧੀ ਅਨਸਰ ਭੜਕਾਊ ਤਸਵੀਰਾਂ, ਪੋਸਟਾਂ ਅਤੇ ਵੀਡੀਉ ਸੰਦੇਸ਼ ਫੈਲਾਉਣ ਲਈ ਵੱਡੇ ਪੱਧਰ ’ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰ ਸਕਦੇ ਹਨ, ਜਿਸ ਨਾਲ ਕਾਨੂੰਨ ਵਿਵਸਥਾ ਦੀ ਸਥਿਤੀ ’ਤੇ ਗੰਭੀਰ ਅਸਰ ਪੈ ਸਕਦਾ ਹੈ। ਜਾਨ/ਜਾਇਦਾਦ/ਭੜਕਾਊ ਸਮੱਗਰੀ ਅਤੇ ਝੂਠੀਆਂ ਅਫਵਾਹਾਂ ਦੇ ਨੁਕਸਾਨ ਦਾ ਖਤਰਾ ਜਨਤਕ ਜਾਂ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਜਨਤਕ ਸ਼ਾਂਤੀ ਅਤੇ ਫ਼ਿਰਕੂ ਸਦਭਾਵਨਾ ਨੂੰ ਵਿਆਪਕ ਤੌਰ ’ਤੇ ਭੰਗ ਕਰ ਸਕਦਾ ਹੈ।
ਇਕ ਅਧਿਕਾਰੀ ਨੇ ਦਸਿਆ ਕਿ ਵੀਰਵਾਰ ਰਾਤ ਨੂੰ ਜ਼ਿਲ੍ਹੇ ’ਚ ਹਿੰਸਾ ਭੜਕ ਗਈ ਅਤੇ ਭੀੜ ਨੇ ਇਕ ਸਰਕਾਰੀ ਇਮਾਰਤ ’ਚ ਦਾਖਲ ਹੋ ਕੇ ਗੱਡੀਆਂ ਨੂੰ ਅੱਗ ਲਾ ਦਿਤੀ। ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਅਤੇ ਸਥਿਤੀ ਨੂੰ ਕਾਬੂ ਵਿਚ ਲਿਆਉਣ ਲਈ ਅੱਥਰੂ ਗੈਸ ਦੇ ਕਈ ਗੋਲੇ ਛੱਡੇ ਅਤੇ ‘ਹਲਕੀ ਤਾਕਤ‘ ਦਾ ਇਸਤੇਮਾਲ ਕੀਤਾ। ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ ਝੜਪਾਂ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਜ਼ਖਮੀ ਹੋ ਗਏ।