
ਇੰਟਰਪੋਲ ਜਨਰਲ ਸਕੱਤਰੇਤ ਨੇ 7 ਨਵੰਬਰ, 2023 ਨੂੰ ਨਰਿੰਦਰ ਸਿੰਘ ਵਿਰੁਧ ਨੋਟਿਸ ਜਾਰੀ ਕੀਤਾ ਸੀ
Narender Singh: ਨਵੀਂ ਦਿੱਲੀ : ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੇ ਤਾਲਮੇਲ ਨਾਲ ਕਤਲ ਦੇ ਇਕ ਮਾਮਲੇ ’ਚ ਦੋਸ਼ੀ ਨੂੰ ਸ਼ੁਕਰਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਤੋਂ ਹਵਾਲਗੀ ਕਰ ਦਿਤੀ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਦੋਸ਼ੀ ਦੇ ਵਿਰੁਧ ਇੰਟਰਪੋਲ ਵਲੋਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਜ਼ਰੀਏ ਉਸ ਨੂੰ ਭਾਰਤ ਵਾਪਸ ਲਿਆਂਦਾ ਗਿਆ ਹੈ। ਨਰਿੰਦਰ ਸਿੰਘ 26 ਦਸੰਬਰ, 1994 ਨੂੰ ਟੋਹਾਣਾ ਥਾਣੇ ’ਚ ਦਰਜ ਕਤਲ ਦੇ ਇਕ ਕੇਸ ’ਚ ਹਰਿਆਣਾ ਪੁਲਿਸ ਨੂੰ ਲੋੜੀਂਦਾ ਸੀ। ਨਰਿੰਦਰ ਸਿੰਘ ਨੇ ਕਥਿਤ ਤੌਰ ’ਤੇ ਸਵਰਨ ਸਿੰਘ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਸੀ।
ਅਧਿਕਾਰੀਆਂ ਨੇ ਦਸਿਆ ਕਿ ਨਰਿੰਦਰ ਸਿੰਘ ਨੂੰ ਹੇਠਲੀ ਅਦਾਲਤ ਨੇ 1998 ’ਚ ਬਰੀ ਕਰ ਦਿਤਾ ਸੀ ਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 2009 ’ਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਅਧਿਕਾਰੀਆਂ ਨੇ ਦਸਿਆ ਕਿ ਹਰਿਆਣਾ ਪੁਲਿਸ ਨੇ ਸੀ.ਬੀ.ਆਈ. ਨਾਲ ਸੰਪਰਕ ਕੀਤਾ ਹੈ ਅਤੇ ਇੰਟਰਪੋਲ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਬੇਨਤੀ ਕੀਤੀ ਹੈ ਕਿਉਂਕਿ ਨਰਿੰਦਰ ਦੇ ਲਾਪਤਾ ਹੋਣ ਦਾ ਸ਼ੱਕ ਹੈ। ਸੀ.ਬੀ.ਆਈ. ਦੇ ਇਕ ਬੁਲਾਰੇ ਨੇ ਦਸਿਆ ਕਿ ਏਜੰਸੀ ਨੇ ਹਰਿਆਣਾ ਪੁਲਿਸ ਦੀ ਬੇਨਤੀ ’ਤੇ ਇੰਟਰਪੋਲ ਨਾਲ ਸੰਪਰਕ ਕੀਤਾ ਅਤੇ ਇੰਟਰਪੋਲ ਜਨਰਲ ਸਕੱਤਰੇਤ ਨੇ 7 ਨਵੰਬਰ, 2023 ਨੂੰ ਨਰਿੰਦਰ ਸਿੰਘ ਵਿਰੁਧ ਨੋਟਿਸ ਜਾਰੀ ਕੀਤਾ।
ਇਹ ਨੋਟਿਸ ਇੰਟਰਪੋਲ ਦੇ ਸਾਰੇ ਮੈਂਬਰ ਦੇਸ਼ਾਂ ਨੂੰ ਭੇਜਿਆ ਗਿਆ ਸੀ ਤਾਂ ਜੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ। ਇੰਟਰਪੋਲ ਦੀ ਮਦਦ ਨਾਲ ਸੀ.ਬੀ.ਆਈ. ਨੂੰ ਦੋਸ਼ੀ ਦੀ ਯੂ.ਏ.ਈ. ’ਚ ਮੌਜੂਦਗੀ ਬਾਰੇ ਜਾਣਕਾਰੀ ਮਿਲੀ। ਬੁਲਾਰੇ ਨੇ ਕਿਹਾ ਕਿ ਇੰਟਰਪੋਲ ਰਾਹੀਂ ਵਿਦੇਸ਼ੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਨੇੜਲੇ ਤਾਲਮੇਲ ਅਤੇ ਗੱਲਬਾਤ ਦੇ ਕਾਰਨ, ਭਾਰਤੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਲੋਂ ਲੋੜੀਂਦੇ 29 ਅਪਰਾਧੀਆਂ ਨੂੰ 2023 ’ਚ ਵਾਪਸ ਲਿਆਂਦਾ ਗਿਆ। ਸੀ.ਬੀ.ਆਈ. ਨੇ 2023 ’ਚ ਭਾਰਤੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਲੋਂ ਲੋੜੀਂਦੇ ਅਪਰਾਧੀਆਂ ਅਤੇ ਭਗੌੜਿਆਂ ਵਿਰੁਧ ਇੰਟਰਪੋਲ ਰਾਹੀਂ ਲਗਭਗ 100 ਰੈੱਡ ਕਾਰਨਰ ਨੋਟਿਸ ਜਾਰੀ ਕੀਤੇ ਹਨ।