
ਪਹਿਲਾਂ ਮੈਚ ਕੋਲਕਾਤਾ ਤੇ ਬੈਂਗਲੁਰੂ ਵਿਚਕਾਰ ਜਾਵੇਗਾ ਖੇਡਿਆ
ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਯਾਨੀ ਆਈ.ਪੀ.ਐਲ 2025 ਦੇ 18ਵੇਂ ਸੀਜ਼ਨ ਦੇ ਸ਼ੈਡਿਊਲ ਦਾ ਐਲਾਨ ਕਰ ਦਿਤਾ ਗਿਆ ਹੈ। ਆਈ.ਪੀ.ਐਲ 2025 ਦਾ ਪਹਿਲਾ ਮੈਚ 22 ਮਾਰਚ ਨੂੰ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਕੇਕੇਆਰ ਦੇ ਘਰੇਲੂ ਮੈਦਾਨ ਈਡਨ ਗਾਰਡਨ ’ਤੇ ਖੇਡਿਆ ਜਾਵੇਗਾ। ਜਦਕਿ ਆਈ.ਪੀ.ਐਲ 2025 ਦਾ ਫਾਈਨਲ 25 ਮਈ ਨੂੰ ਖੇਡਿਆ ਜਾਵੇਗਾ।
ਆਈਪੀਐਲ 2025 ਦਾ ਪਹਿਲਾ ਮੈਚ 22 ਮਾਰਚ ਨੂੰ ਈਡਨ ਗਾਰਡਨ ਵਿਚ ਖੇਡਿਆ ਜਾਵੇਗਾ ਜਦਕਿ 18ਵੇਂ ਸੀਜ਼ਨ ਦਾ ਫ਼ਾਈਨਲ ਵੀ 25 ਮਈ ਨੂੰ ਈਡਨ ਗਾਰਡਨ ਵਿਚ ਖੇਡਿਆ ਜਾਵੇਗਾ। ਆਈਪੀਐਲ 2025 ਵਿਚ 13 ਸ਼ਹਿਰਾਂ ਵਿਚ 10 ਟੀਮਾਂ ਵਿਚਕਾਰ ਕੁੱਲ 74 ਮੈਚ ਖੇਡੇ ਜਾਣਗੇ। ਇਨ੍ਹਾਂ ਵਿਚ ਨਾਕਆਊਟ ਯਾਨੀ ਪਲੇਆਫ਼ ਮੈਚ ਵੀ ਸ਼ਾਮਲ ਹਨ। ਲੀਗ ਪੜਾਅ ਦੇ ਮੈਚ 22 ਮਾਰਚ ਤੋਂ 18 ਮਈ ਦਰਮਿਆਨ ਖੇਡੇ ਜਾਣਗੇ।
ਆਈ.ਪੀ.ਐਲ 2025 ਦਾ ਸੱਭ ਤੋਂ ਵੱਡਾ ਮੈਚ 23 ਮਾਰਚ ਨੂੰ ਹੋਵੇਗਾ। ਇਸ ਦਿਨ ਆਈ.ਪੀ.ਐਲ ਦੀਆਂ ਦੋ ਵੱਡੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। 23 ਮਾਰਚ ਨੂੰ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੁਕਾਬਲਾ ਹੋਵੇਗਾ। ਇਸ ਸੀਜ਼ਨ ’ਚ ਦੋਵਾਂ ਟੀਮਾਂ ਵਿਚਾਲੇ ਦੋ ਮੁਕਾਬਲੇ ਹੋਣਗੇ।
ਆਈ.ਪੀ.ਐਲ 2025 ਦਾ ਦੂਜਾ ਮੈਚ 23 ਮਾਰਚ ਨੂੰ ਸਨਰਾਈਜ਼ਰਸ ਹੈਦਰਾਬਾਦ ਅਤੇ ਰਾਜਸਥਾਨ ਰਾਇਲਸ ਵਿਚਾਲੇ ਖੇਡਿਆ ਜਾਵੇਗਾ। ਚੇਨਈ ਅਤੇ ਮੁੰਬਈ ਵਿਚਾਲੇ 23 ਮਾਰਚ ਨੂੰ ਹੀ ਮੁਕਾਬਲਾ ਹੋਵੇਗਾ। ਭਾਵ 23 ਮਾਰਚ ਨੂੰ ਦੋ ਮੈਚ ਖੇਡੇ ਜਾਣਗੇ।
ਆਈਪੀਐਲ ਦੇ 18ਵੇਂ ਸੀਜ਼ਨ ਦੇ ਮੈਚ ਕੁੱਲ 13 ਸ਼ਹਿਰਾਂ ਵਿਚ ਖੇਡੇ ਜਾਣਗੇ। ਆਈ.ਪੀ.ਐਲ 2025 ਦੇ ਮੈਚ ਲਖਨਊ, ਮੁੰਬਈ, ਹੈਦਰਾਬਾਦ, ਚੇਨਈ, ਅਹਿਮਦਾਬਾਦ, ਵਿਸ਼ਾਖਾਪਟਨਮ, ਗੁਹਾਟੀ, ਬੈਂਗਲੁਰੂ, ਨਿਊ ਚੰਡੀਗੜ੍ਹ, ਜੈਪੁਰ, ਦਿੱਲੀ, ਕੋਲਕਾਤਾ ਅਤੇ ਧਰਮਸ਼ਾਲਾ ਵਿਚ ਖੇਡੇ ਜਾਣਗੇ। ਆਈ.ਪੀ.ਐਲ 2025 ਵਿਚ ਕੁੱਲ 12 ਡਬਲ ਹੈਡਰ ਮੈਚ ਹਨ। ਇਸ ਦਾ ਮਤਲਬ ਹੈ ਕਿ ਦੋ ਮੈਚ ਇੱਕ ਦਿਨ ਵਿੱਚ 12 ਵਾਰ ਖੇਡੇ ਜਾਣਗੇ।
ਹਰ ਸਾਲ ਆਈਪੀਐਲ ਦਾ ਪਹਿਲਾ ਮੈਚ ਪਿਛਲੇ ਸੀਜ਼ਨ ਵਿਚ ਫ਼ਾਈਨਲ ਖੇਡਣ ਵਾਲੀਆਂ ਦੋ ਟੀਮਾਂ ਵਿਚਾਲੇ ਹੁੰਦਾ ਸੀ ਪਰ ਇਸ ਵਾਰ ਅਜਿਹਾ ਨਹੀਂ ਹੋ ਰਿਹਾ ਹੈ। ਪਿਛਲੇ ਸੀਜ਼ਨ ਯਾਨੀ ਆਈ.ਪੀ.ਐਲ 2024 ਦੇ ਫ਼ਾਈਨਲ ’ਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਟੱਕਰ ਸੀ, ਪਰ ਆਈ.ਪੀ.ਐਲ 2025 ਦਾ ਪਹਿਲਾ ਮੈਚ ਕੇ.ਕੇ.ਆਰ ਅਤੇ ਆਰ.ਸੀ.ਬੀ ਵਿਚਾਲੇ ਖੇਡਿਆ ਜਾਵੇਗਾ।