
ਚੋਣ ਖ਼ਰਚਾ ਕੱਢਣ ਲਈ ਚੋਣ ਕਮਿਸ਼ਨ ਤੋਂ ਮਨਜੂਰੀ ਮੰਗੀ
ਬਾਲਾਘਾਟ : ਕੀ ਤੁਸੀ ਕਦੇ ਸੁਣਿਆ ਹੈ ਕਿ ਚੋਣ ਲੜਨ ਲਈ ਕੋਈ ਉਮੀਦਵਾਰ ਆਪਣੀ ਕਿਡਨੀ ਵੇਚਣ ਲਈ ਤਿਆਰ ਹੋ ਜਾਵੇ। ਇਹ ਜ਼ਰੂਰ ਸੁਣਨ 'ਚ ਅਜੀਬ ਲੱਗ ਰਿਹਾ ਹੋਵੇਗਾ, ਪਰ ਇਹ ਸੱਚ ਹੈ। ਮੱਧ ਪ੍ਰਦੇਸ਼ ਦੇ ਬਾਲਾਘਾਟ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਸਾਬਕਾ ਵਿਧਾਇਕ ਕਿਸ਼ੋਰ ਸਮਰੀਤੇ ਨੇ ਚੋਣ ਖ਼ਰਚਾ ਕੱਢਣ ਲਈ ਚੋਣ ਕਮਿਸ਼ਨ ਤੋਂ ਆਪਣੀ ਕਿਡਨੀ ਵੇਚਣ ਦੀ ਮਨਜੂਰੀ ਮੰਗੀ ਹੈ।
Kishore Samrite
ਕਿਸ਼ੋਰ ਸਮਰੀਤੇ ਨੇ ਕਿਡਨੀ ਵੇਚਣ ਲਈ ਬਕਾਇਦਾ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਚਿੱਠੀ ਲਿਖੀ ਹੈ। ਇਸ 'ਚ ਉਸ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ 'ਚ ਕਿਸੇ ਵੀ ਉਮੀਦਵਾਰ ਨੂੰ ਵੱਧ ਤੋਂ ਵੱਧ 75 ਲੱਖ ਰੁਪਏ ਖ਼ਰਚਣ ਦੀ ਮਨਜੂਰੀ ਹੈ ਪਰ ਚੋਣ ਲੜਨ ਲਈ ਮੇਰੇ ਕੋਲ ਇੰਨੇ ਪੈਸੇ ਨਹੀਂ ਹਨ। ਦੂਜੇ ਉਮੀਦਵਾਰਾਂ ਕੋਲ ਲੱਖਾਂ-ਕਰੋੜਾਂ ਰੁਪਏ ਦੀ ਜਾਇਦਾਦ ਹੈ। ਚੋਣਾਂ 'ਚ ਸਿਰਫ਼ 15 ਦਿਨ ਬਚੇ ਹਨ। ਅਜਿਹੇ 'ਚ ਇੰਨੇ ਘੱਟ ਸਮੇਂ 'ਚ ਪੈਸੇ ਇਕੱਤਰ ਕਰਨਾ ਮੁਸ਼ਕਲ ਹੈ। ਕਿਸ਼ੋਰ ਸਮਰੀਤੇ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਕਮਿਸ਼ਨ ਉਸ ਲਈ 75 ਲੱਖ ਰੁਪਏ ਦਾ ਪ੍ਰਬੰਧ ਕਰੇ ਜਾਂ ਫਿਰ ਬੈਂਕ ਤੋਂ ਕਰਜ਼ਾ ਦਿਵਾਏ। ਜੇ ਅਜਿਹਾ ਨਹੀਂ ਹੋ ਸਕਦਾ ਤਾਂ ਉਸ ਨੂੰ ਆਪਣੀ ਇਕ ਕਿਡਨੀ ਵੇਚਣ ਦੀ ਮਨਜੂਰੀ ਦਿੱਤੀ ਜਾਵੇ।
Election Commission of India
ਜ਼ਿਕਰਯੋਗ ਹੈ ਕਿ ਕਿਸ਼ੋਰ ਸਮਰੀਤੇ 10 ਸਾਲ ਬਾਅਦ ਚੋਣ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਹਰ ਸਾਲ ਮਹਿੰਗੀ ਹੁੰਦੀ ਜਾ ਰਹੀ ਹੈ। ਕਮਜੋਰ ਤਬਕੇ ਦੇ ਲੋਕਾਂ ਲਈ ਚੋਣ ਲੜਨੀ ਮੁਸ਼ਕਲ ਹੋ ਗਈ ਹੈ। ਇਸ ਲਈ ਚੋਣ ਕਮਿਸ਼ਨ ਨੂੰ ਅਜਿਹਾ ਪ੍ਰਬੰਧ ਕਰਨਾ ਚਾਹੀਦਾ ਹੈ ਜਿਸ ਨਾਲ ਆਮ ਵਿਅਕਤੀ ਲਈ ਚੋਣ ਲੜਨਾ ਆਸਾਨ ਹੋਵੇ। ਜ਼ਿਕਰਯੋਗ ਹੈ ਕਿ ਸਮਰੀਤੇ ਸਮਾਜਵਾਦੀ ਪਾਰਟੀ ਦੇ ਵਿਧਾਇਕ ਰਹਿ ਚੁੱਕੇ ਹਨ।