ਵਧੀਕ ਪੁਲਿਸ ਕਮਿਸ਼ਨਰ (ਏ.ਸੀ.ਪੀ.) ਰੈਂਕ ਦੇ ਅਧਿਕਾਰੀ ਦੀ ਅਗਵਾਈ 'ਚ ਇਕ ਟੀਮ ਘਟਨਾ ਦੀ ਜਾਣਕਾਰੀ ਲੈਣ ਲਈ ਮਾਲੀਵਾਲ ਦੇ ਘਰ ਗਈ ਹੈ।
Swati Maliwal News: ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ 'ਤੇ ਕਥਿਤ ਦੁਰਵਿਵਹਾਰ ਦੇ ਮਾਮਲੇ 'ਚ ਦਿੱਲੀ ਪੁਲਿਸ ਦੀ ਇਕ ਟੀਮ ਵੀਰਵਾਰ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਉਨ੍ਹਾਂ ਦਸਿਆ ਕਿ ਵਧੀਕ ਪੁਲਿਸ ਕਮਿਸ਼ਨਰ (ਏ.ਸੀ.ਪੀ.) ਰੈਂਕ ਦੇ ਅਧਿਕਾਰੀ ਦੀ ਅਗਵਾਈ 'ਚ ਇਕ ਟੀਮ ਘਟਨਾ ਦੀ ਜਾਣਕਾਰੀ ਲੈਣ ਲਈ ਮਾਲੀਵਾਲ ਦੇ ਘਰ ਗਈ ਹੈ।
ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਾਲੀਵਾਲ ਸੋਮਵਾਰ ਸਵੇਰੇ ਸਿਵਲ ਲਾਈਨਜ਼ ਥਾਣੇ ਪਹੁੰਚੀ ਅਤੇ ਇਲਜ਼ਾਮ ਲਾਇਆ ਕਿ ਕੇਜਰੀਵਾਲ ਦੇ ਨਿੱਜੀ ਸਟਾਫ ਦੇ ਇਕ ਮੈਂਬਰ ਨੇ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਉਸ ਨਾਲ ਬਦਸਲੂਕੀ ਕੀਤੀ। ਪੁਲਿਸ ਨੂੰ ਅਜੇ ਇਸ ਮਾਮਲੇ ਵਿਚ ਰਸਮੀ ਸ਼ਿਕਾਇਤ ਨਹੀਂ ਮਿਲੀ ਹੈ।
ਰਾਸ਼ਟਰੀ ਮਹਿਲਾ ਕਮਿਸ਼ਨ ਨੇ ਮਾਲੀਵਾਲ ਦੇ ਇਲਜ਼ਾਮਾਂ ਨੂੰ ਲੈ ਕੇ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਨੂੰ ਤਲਬ ਕੀਤਾ ਹੈ। ਸ਼ੁੱਕਰਵਾਰ ਸਵੇਰੇ 11 ਵਜੇ ਉਨ੍ਹਾਂ ਦਾ ਪੱਖ ਸੁਣਿਆ ਜਾਵੇਗਾ। 'ਆਪ' ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਮਾਲੀਵਾਲ ਨਾਲ ਵਾਪਰੀ ਘਟਨਾ ਬਹੁਤ ਨਿੰਦਣਯੋਗ ਹੈ।