ਫਿਲਹਾਲ ਸੀਐਮਓ ਦੀਆਂ ਹਦਾਇਤਾਂ ’ਤੇ ਪ੍ਰਾਈਵੇਟ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ ਹੈ
UP News: ਉੱਤਰ ਪ੍ਰਦੇਸ਼ ਦੇ ਮੈਨਪੁਰੀ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 5 ਦਿਨਾਂ ਦੀ ਬੱਚੀ ਨੂੰ ਧੁੱਪ ਵਿੱਚ ਰੱਖਣ ਨਾਲ ਮੌਤ ਹੋ ਗਈ ਹੈ। ਪਰਿਵਾਰ ਦਾ ਆਰੋਪ ਹੈ ਕਿ ਡਾਕਟਰ ਦੀ ਸਲਾਹ 'ਤੇ ਬੱਚੀ ਨੂੰ ਧੁੱਪ 'ਚ ਰੱਖਿਆ ਗਿਆ ਸੀ। ਬੱਚੀ ਦੀ ਮੌਤ ਤੋਂ ਬਾਅਦ ਡਾਕਟਰ ਹਸਪਤਾਲ ਛੱਡ ਕੇ ਫ਼ਰਾਰ ਹੋ ਗਿਆ। ਫਿਲਹਾਲ ਸੀਐਮਓ ਦੀਆਂ ਹਦਾਇਤਾਂ ’ਤੇ ਪ੍ਰਾਈਵੇਟ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ ਹੈ।
ਦਰਅਸਲ, ਪੂਰਾ ਮਾਮਲਾ ਮੈਨਪੁਰੀ ਦੇ ਘਿਰੌਰ ਥਾਣਾ ਖੇਤਰ ਦਾ ਹੈ। ਇੱਥੋਂ ਦੇ ਪਿੰਡ ਭੁਗਾਈ ਦੇ ਵਸਨੀਕ ਵਿਮਲੇਸ਼ ਕੁਮਾਰ ਦੀ ਪਤਨੀ ਰੀਟਾ ਨੇ ਪੰਜ ਦਿਨ ਪਹਿਲਾਂ ਸ਼ਹਿਰ ਦੇ ਰਾਧਾਰਮਨ ਰੋਡ ’ਤੇ ਸਥਿਤ ਸਾਈਂ ਹਸਪਤਾਲ ਵਿੱਚ ਅਪਰੇਸ਼ਨ ਨਾਲ ਇੱਕ ਬੱਚੀ ਨੂੰ ਜਨਮ ਦਿੱਤਾ ਸੀ। ਬੱਚੀ ਨੂੰ ਕੁਝ ਦਿੱਕਤ ਸੀ ਤਾਂ ਹਸਪਤਾਲ ਦੇ ਡਾਕਟਰ ਨੇ ਬੱਚੀ ਨੂੰ ਅੱਧਾ ਘੰਟਾ ਧੁੱਪ 'ਚ ਰੱਖਣ ਦੀ ਸਲਾਹ ਦਿੱਤੀ ਸੀ।
ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਨੇ ਕਰੀਬ ਸਾਢੇ 11 ਵਜੇ ਮਾਸੂਮ ਬੱਚੀ ਨੂੰ ਹਸਪਤਾਲ ਦੀ ਛੱਤ 'ਤੇ ਧੁੱਪ ਸੇਕਣ ਲਈ ਰੱਖਿਆ ਸੀ ਪਰ ਧੁੱਪ ਐਨੀ ਤੇਜ਼ ਸੀ ਕਿ ਥੋੜ੍ਹੇ ਸਮੇਂ ਵਿੱਚ ਹੀ ਬੱਚੀ ਦੀ ਹਾਲਤ ਵਿਗੜ ਗਈ। ਕਰੀਬ 12 ਵਜੇ ਪਰਿਵਾਰਕ ਮੈਂਬਰ ਉਸ ਨੂੰ ਧੁੱਪ 'ਚੋਂ ਚੁੱਕ ਕੇ ਹੇਠਾਂ ਲੈ ਕੇ ਆਏ ਸੀ ਪਰ ਇਸ ਤੋਂ ਕੁਝ ਦੇਰ ਬਾਅਦ ਹੀ ਬੱਚੀ ਦੀ ਮੌਤ ਹੋ ਗਈ।
ਬੱਚੀ ਦੀ ਮੌਤ ਨੂੰ ਲੈ ਕੇ ਗੁੱਸੇ 'ਚ ਆਏ ਪਰਿਵਾਰਕ ਮੈਂਬਰਾਂ ਨੇ ਜਦੋਂ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਡਾਕਟਰ ਹਸਪਤਾਲ ਛੱਡ ਕੇ ਭੱਜ ਗਿਆ। ਆਰੋਪ ਹੈ ਕਿ ਹਸਪਤਾਲ ਦੇ ਸਟਾਫ ਨੇ ਮ੍ਰਿਤਕ ਬੱਚੀ ਦੀ ਮਾਂ ਨੂੰ ਵੀ ਬਾਹਰ ਕੱਢ ਦਿੱਤਾ। ਫਿਲਹਾਲ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਮੈਨਪੁਰੀ ਦੇ ਸੀਐੱਮਓ ਡਾ.ਆਰ.ਸੀ.ਗੁਪਤਾ ਨੇ ਟੀਮ ਭੇਜ ਕੇ ਹਸਪਤਾਲ ਨੂੰ ਸੀਲ ਕਰ ਦਿੱਤਾ ਹੈ ਅਤੇ ਪੂਰੀ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਇਸ ਦੇ ਨਾਲ ਹੀ ਇਹ ਘਟਨਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਿਹਤ ਵਿਭਾਗ ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ ਹਨ। ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਮਾਸੂਮ ਬੱਚੀ ਦੀ ਮੌਤ ਦਾ ਅਸਲ ਕਾਰਨ ਕੀ ਹੈ ਪਰ ਜਨਮ ਤੋਂ ਕੁਝ ਦਿਨਾਂ ਬਾਅਦ ਹੀ ਆਪਣੀ ਬੱਚੀ ਨੂੰ ਗੁਆਉਣ ਵਾਲੇ ਜੋੜੇ ਦਾ ਰੋ-ਰੋ ਬੁਰਾ ਹਾਲ ਹੈ।