
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਡਿਜੀਟਲ ਇੰਡੀਆ ਦਲਾਲਾਂ ਅਤੇ ਵਿਚੋਲਿਆਂ ਨਾਲ ਲੜਾਈ ਦੀ ਮੁਹਿੰਮ ਹੈ ਜਿਸ ਨਾਲ ਕਾਲਾਧਨ.......
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਡਿਜੀਟਲ ਇੰਡੀਆ ਦਲਾਲਾਂ ਅਤੇ ਵਿਚੋਲਿਆਂ ਨਾਲ ਲੜਾਈ ਦੀ ਮੁਹਿੰਮ ਹੈ ਜਿਸ ਨਾਲ ਕਾਲਾਧਨ ਅਤੇ ਕਾਲਾਬਾਜ਼ਾਰੀ 'ਤੇ ਲਗਾਮ ਲਾਉਣ ਅਤੇ ਛੋਟੇ ਸ਼ਹਿਰਾਂ ਤੇ ਪੇਂਡੂ ਖੇਤਰਾਂ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿਚ ਮਦਦ ਮਿਲੀ ਹੈ। ਡਿਜੀਟਲ ਇੰਡੀਆ ਦੇ ਲਾਭਪਾਤਰੀਆਂ ਨਾਲ ਡਿਜੀਟਲ ਮਾਧਿਅਮ ਰਾਹੀਂ ਚਰਚਾ ਦੌਰਾਨ ਮੋਦੀ ਨੇ ਕਿਹਾ ਕਿ ਡਿਜੀਟਲ ਇੰਡੀਆ ਤੋਂ ਪ੍ਰੇਸ਼ਾਨ ਹੋ ਕੇ ਦਲਾਲ ਅਤੇ ਵਿਚੋਲੇ ਤਰ੍ਹਾਂ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਉਣ ਵਿਚ ਲੱਗੇ ਹੋਏ ਹਨ
ਪਰ ਪਿੰਡਾਂ, ਗ਼ਰੀਬਾਂ, ਕਿਸਾਨਾਂ ਦੇ ਸਸ਼ਕਤੀਕਰਨ ਅਤੇ ਲੋਕਾਂ ਦੇ ਹੱਕ ਦੀ ਲੜਾਈ ਜ਼ਰੀਏ ਡਿਜੀਟਲ ਇੰਡੀਆ ਨੂੰ ਹੋਰ ਮਜ਼ਬੂਤ ਬਣਾਉਣ ਪ੍ਰਤੀ ਸਰਕਾਰ ਪ੍ਰਤੀਬੱਧ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਦਲਾਲੀ ਬਨਾਮ ਡਿਜੀਟਲ ਇੰਡੀਆ ਦੀ ਹੈ ਅਤੇ ਲੋਕਾਂ ਨੂੰ ਅਪਣੇ ਹੱਕ ਦੀ ਲੜਾਈ ਦੇ ਡਿਜੀਟਲ ਮਾਧਿਅਮ ਦੀ ਪੂਰੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦ ਡਿਜੀਟਲ ਇੰਡੀਆ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਕੁੱਝ ਲੋਕਾਂ ਨੇ ਇਸ ਦੀ ਕਾਫ਼ੀ ਵਿਰੋਧਤਾ ਕੀਤੀ ਸੀ।
ਕਿਹਾ ਗਿਆ ਸੀ ਕਿ ਜਿਸ ਦੇਸ਼ ਵਿਚ ਅਜਿਹੀ ਸਹੂਲਤ ਨਹੀਂ ਹੈ, ਲੋਕ ਸਿਰਹਾਣੇ ਹੇਠਾਂ ਪੈਸੇ ਰਖਦੇ ਹਨ, ਵਿਚੋਲੇ ਪੈਸੇ ਖਾਂਦੇ ਹਨ, ਉਥੇ ਇਹ ਕਿਵੇਂ ਚੱਲੇਗਾ ਪਰ ਅੱਜ ਘਰ ਵਿਚ ਕੰਮ ਕਰਨ ਵਾਲੀ ਔਰਤ ਮੀਨੂ, 10ਵੀਂ ਅਤੇ 12ਵੀਂ ਵਿਚ ਪੜ੍ਹਨ ਵਾਲੀਆਂ ਕੁੜੀਆਂ, ਸਪੇਰਾ ਭਾਈਚਾਰੇ ਦੀ ਕੁੜੀ ਨੇ ਇਸ ਮਾਧਿਅਮ ਦੀ ਵਰਤੋਂ ਕਰ ਕੇ ਆਲੋਚਕਾਂ ਨੂੰ ਜਵਾਬ ਦਿਤਾ ਹੈ। ਮੋਦੀ ਨੇ ਕਿਹਾ, 'ਪਰ ਅੱਜ ਪਿੰਡ, ਗ਼ਰੀਬ, ਕਿਸਾਨ ਇਸ ਮਾਧਿਅਮ ਦੀ ਵਰਤੋਂ ਕਰ ਰਿਹਾ ਹੈ। ਰਸੋਈ ਗੈਸ, ਪੈਨਸ਼ਨ, ਬਿਜਲੀ, ਪਾਣੀ ਦੇ ਬਿਲ, ਰੇਲਵੇ ਦੀ ਟਿਕਟ ਲਈ ਇਹ ਕਾਫ਼ੀ ਉਪਯੋਗੀ ਮਾਧਿਅਮ ਬਣ ਕੇ ਉਭਰਿਆ ਹੈ।' (ਏਜੰਸੀ)