
ਰਾਜਧਾਨੀ ਦਿੱਲੀ ਵਿਖੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਇਥੇ ਵੱਖ-ਵੱਖ ਥਾਵਾਂ ਉੱਤੇ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਤੇ ਹੋਰ ਕੰਮਾਂ......
ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿਖੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਇਥੇ ਵੱਖ-ਵੱਖ ਥਾਵਾਂ ਉੱਤੇ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਤੇ ਹੋਰ ਕੰਮਾਂ ਦੀ ਸਿਖਲਾਈ ਲਈ ਕਈ ਸੰਸਥਾਵਾਂ ਵਲੋਂ ਕੈਂਪਾਂ ਦਾ ਆਯੋਜਨ ਕੀਤਾ ਗਿਆ ਹੈ। ਇਨ੍ਹਾਂ ਕੈਂਪਾਂ ਵਿਚ ਬੱਚੇ ਕਈ ਤਰ੍ਹਾਂ ਦੀ ਸਿਖਲਾਈ ਪ੍ਰਾਪਤ ਕਰ ਰਹੇ ਹਨ। ਇਸੇ ਕੜੀ ਦੇ ਤਹਿਤ ਰਾਣੀ ਬਾਗ਼ 'ਚ ਸਥਿਤ ਗੁਰਦਵਾਰਾ ਭਾਈ ਲਾਲੋ ਜੀ ਵਿਖੇ ਨੌਜਵਾਨ ਵੀਰਾਂ ਸ. ਭੁਪਿੰਦਰ ਸਿੰਘ, ਸ. ਪਰਮਜੀਤ ਸਿੰਘ, ਸ. ਹਰਜੀਤ ਸਿੰਘ, ਸ. ਤੇਜਿੰਦਰ ਸਿੰਘ, ਸ. ਭੁਪਿੰਦਰ ਸਿੰਘ ਚਾਵਲਾ, ਸ. ਸੁਖਪ੍ਰੀਤ ਸਿੰਘ ਅਤੇ ਸ. ਚਰਨਦੀਪ ਸਿੰਘ ਹੁਰਾਂ ਨੇ ਬੱਚਿਆਂ ਨੂੰ
ਪੰਜਾਬੀ ਭਾਸ਼ਾ ਦਾ ਗਿਆਨ ਦੇਣ ਦੇ ਨਾਲ-ਨਾਲ ਗੁਰਬਾਣੀ ਨਾਲ ਜੋੜਨ ਪ੍ਰਤੀ ਦੋ ਵਿਸ਼ੇਸ਼ ਕੈਂਪ ਲਗਾਏ ਜਿਨ੍ਹਾਂ ਵਿਚ ਤਕਰੀਬਨ ਸੈਂਕੜੇ ਬੱਚਿਆਂ ਨੇ ਪੰਜਾਬੀ ਪੜ੍ਹਨਾ ਤੇ ਲਿਖਣਾ, ਗੁਰਬਾਣੀ ਦਾ ਕੀਰਤਨ ਕਰਨਾ, ਬਾਣੀ ਪੜ੍ਹਨੀ, ਅਰਦਾਸ ਕਰਨੀ, ਹਰਮੋਨੀਅਮ ਤੇ ਤਬਲਾ ਵਜਾਉਣਾ ਅਤੇ ਗੁਰਮਤਿ ਆਰਟ ਬਣਾਉਣ ਦੀ ਸਿਖਲਾਈ ਪ੍ਰਾਪਤ ਕੀਤੀ ਹੈ। ਇਸ ਮੌਕੇ ਛੋਟੇ-ਛੋਟੇ ਬੱਚਿਆਂ ਅਤੇ ਗਿਆਨੀ ਪ੍ਰੇਮ ਸਿੰਘ ਬੰਧੂ ਨੇ ਗੁਰਬਾਣੀ ਦੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਉਕਤ ਨੌਜਵਾਨ ਵੀਰਾਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਸਟੱਡੀ ਸਰਕਲ ਦੇ ਬੈਨਰ ਹੇਠ
ਗੁਰਮਤਿ ਕਿਡਜ਼ ਕੈਂਪ ਸਾਂਝ-2018 ਨਾਮ ਦਾ ਪ੍ਰੋਗਰਾਮ ਕਰਕੇ ਬੱਚਿਆਂ ਨੂੰ ਉਪਰੋਕਤ ਕੰਮਾਂ ਪ੍ਰਤੀ ਜੋੜਨ ਦਾ ਸਫਲ ਉਪਰਾਲਾ ਕੀਤਾ ਹੈ। ਇਸ ਮੌਕੇ ਦਿੱਲੀ ਗੁਰਦਵਾਰਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ ਨੇ ਉਚੇਚੇ ਤੌਰ 'ਤੇ ਸਿਰਕਤ ਕੀਤੀ। ਸ. ਰਾਣਾ ਨੇ ਆਪਣੇ ਸੰਬੋਧਨ ਦੌਰਾਨ ਕੈਂਪ ਲਗਾਉਣ ਵਾਲਿਆਂ ਵੀਰਾਂ ਤੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਇਕਤਰ ਸੰਗਤਾਂ ਅਤੇ ਬੱਚਿਆਂ ਨੂੰ ਅਪੀਲ ਕੀਤੀ ਕਿ ਜੋ ਸਾਨੂੰ ਵਿਰਾਸਤ ਵਿਚੋਂ ਗੁਰਮਤਿ ਮਿਲੀ ਹੈ, ਉਸ ਨੂੰ ਸਲਾਮਤ ਰੱਖਣਾ ਚਾਹੀਦਾ ਹੈ।
ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਐਮ.ਪੀ.ਐਸ. ਚੱਡਾ ਨੇ ਕਿਹਾ ਕਿ ਇਸ ਕੈਂਪ ਦੌਰਾਨ ਬੱਚਿਆਂ ਨੇ ਜੋ ਸਿਖਲਾਈ ਹਾਸਲ ਕੀਤੀ ਹੈ ਉਹ ਵਧਾਈ ਦੇ ਪਾਤਰ ਹਨ। ਇਸ ਕੈਂਪ ਦੇ ਅਖੀਰਲੇ ਦਿਨ ਹਰ ਗਤੀਵਿਧੀ 'ਚ ਸ਼ਾਮਲ ਬੱਚਿਆਂ ਨੂੰ ਉਚੇਚੇ ਤੌਰ 'ਤੇ ਇਨਾਮ ਤੇ ਸਰਟੀਫ਼ਿਕੇਟ ਦਿਤੇ ਗਏ।