
ਭਾਰਤ ਵਲੋਂ ਪਾਕਿਸਤਾਨੀ ਸਫ਼ਾਰਤਖ਼ਾਨੇ ਦਾ ਅਧਿਕਾਰੀ ਤਲਬ, ਇਤਰਾਜ਼ ਪੱਤਰ ਜਾਰੀ ਕੀਤਾ
ਨਵੀਂ ਦਿੱਲੀ: ਭਾਰਤ ਨੇ ਸੋਮਵਾਰ ਨੂੰ ਪਾਕਿਸਤਾਨ ਦੇ ਰਾਜਦੂਤ ਨੂੰ ਸੰਮਨ ਕਰ ਕੇ ਇਸਲਾਮਾਬਾਦ ਵਿਚ ਭਾਰਤੀ ਸਫ਼ਾਰਤਖ਼ਾਨੇ ਦੇ ਦੋ ਅਧਿਕਾਰੀਆਂ ਨੂੰ ਕਥਿਤ ਤੌਰ 'ਤੇ ਗ੍ਰਿਫ਼ਤਾਰ ਕੀਤੇ ਜਾਣ 'ਤੇ ਸਖ਼ਤ ਵਿਰੋਧ ਦਰਜ ਕਰਾਇਆ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਮੀਡੀਆ ਨੇ ਖ਼ਬਰ ਦਿਤੀ ਹੈ ਕਿ ਸੋਮਵਾਰ ਦੀ ਸਵੇਰ ਲਾਪਤਾ ਦੋ ਭਾਰਤੀ ਮੁਲਾਜ਼ਮਾਂ ਨੂੰ ਪਾਕਿਸਤਾਨ ਦੇ ਅਧਿਕਾਰੀਆਂ ਨੇ 'ਟੱਕਰ ਮਾਰ ਕੇ ਭੱਜਣ' ਵਿਚ ਕਥਿਤ ਤੌਰ 'ਤੇ ਸ਼ਾਮਲ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
File
ਸੂਤਰਾਂ ਨੇ ਦਸਿਆ ਕਿ ਦੋਵੇਂ ਅਧਿਕਾਰੀ ਸਵੇਰੇ ਸਾਢੇ ਅੱਠ ਵਜੇ ਦਫ਼ਤਰੀ ਕੰਮ ਲਈ ਵਾਹਨ ਵਿਚ ਸਫ਼ਾਰਤਖ਼ਾਨੇ ਤੋਂ ਬਾਹਰ ਗਏ ਸਨ ਪਰ ਉਹ ਅਪਣੇ ਮੁਕਾਮ ਤਕ ਨਹੀਂ ਪਹੁੰਚੇ। ਸੂਤਰਾਂ ਨੇ ਦਸਿਆ ਕਿ ਪਾਕਿਸਤਾਨ ਮਿਸ਼ਨ ਦੇ ਇੰਚਾਰਜ ਨੂੰ ਵਿਦੇਸ਼ ਮੰਤਰਾਲੇ ਨੇ ਸੰਮਨ ਕੀਤਾ ਅਤੇ ਦੋ ਭਾਰਤੀ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਦੀ ਖ਼ਬਰ ਬਾਰੇ ਇਤਰਾਜ਼ ਪੱਤਰ ਜਾਰੀ ਕੀਤਾ।
File
ਉਨ੍ਹਾਂ ਕਿਹਾ ਕਿ ਇਤਰਾਜ਼ ਪੱਤਰ ਵਿਚ ਪਾਕਿਸਤਾਨ ਮਿਸ਼ਨ ਦੇ ਇੰਚਾਰਜ ਨੂੰ ਇਹ ਸਪੱਸ਼ਟ ਕਰ ਦਿਤਾ ਗਿਆ ਕਿ ਭਾਰਤੀ ਅਧਿਕਾਰੀਆਂ ਕੋਲੋਂ ਪੁੱਛ-ਪੜਤਾਲ ਨਹੀਂ ਹੋਣੀ ਚਾਹੀਦੀ ਜਾਂ ਉਸ 'ਤੇ ਅਤਿਆਚਾਰ ਨਹੀਂ ਹੋਣਾ ਚਾਹੀਦਾ ਅਤੇ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਪਾਕਿਸਤਾਨੀ ਅਧਿਕਾਰੀਆਂ 'ਤੇ ਹੈ। ਸੂਤਰਾਂ ਨੇ ਕਿਹਾ ਕਿ ਪਾਕਿਸਤਾਨੀ ਧਿਰ ਨੂੰ ਕਿਹਾ ਗਿਆ ਹੈ ਕਿ ਦੋਵੇਂ ਅਧਿਕਾਰੀਆਂ ਨੂੰ ਉਨ੍ਹਾਂ ਦੀ ਸਰਕਾਰੀ ਕਾਰ ਨਾਲ ਵਾਪਸ ਕੀਤਾ ਜਾਵੇ। ਇਸਲਾਮਾਬਾਦ ਵਿਚ ਸਵੇਰੇ ਦੋ ਅਧਿਕਾਰੀ ਲਾਪਤਾ ਹੋ ਗਏ ਜਿਸ ਤੋਂ ਬਾਅਦ ਭਾਰਤ ਨੇ ਮਾਮਲੇ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਸਾਹਮਣੇ ਉਠਾਇਆ।
File
ਭਾਰਤ ਦੁਆਰਾ ਪਾਕਿਸਤਾਨ ਸਫ਼ਾਰਤਖ਼ਾਨ ਦੇ ਦੋ ਅਧਿਕਾਰੀਆਂ ਨੂੰ ਜਾਸੂਸੀ ਦੇ ਦੋਸ਼ ਹੇਠ ਮੁਅੱਤਲ ਕੀਤੇ ਜਾਣ ਦੇ ਦੋ ਹਫ਼ਤਿਆਂ ਮਗਰੋਂ ਇਹ ਘਟਨਾ ਵਾਪਰੀ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਸਫ਼ਾਰਤਖ਼ਾਨੇ ਦੇ ਦੋ ਅਧਿਕਾਰੀਆਂ ਆਬਿਦ ਹੁਸੈਲ ਅਤੇ ਮੁਹੰਮਦ ਤਾਹਿਰ ਨੂੰ ਦਿੱਲੀ ਪੁਲਿਸ ਨੇ ਉਸ ਵਕਤ ਗ੍ਰਿਫ਼ਤਾਰ ਕੀਤਾ ਜਦ ਉਹ ਪੈਸਿਆਂ ਬਦਲੇ ਭਾਰਤੀ ਨਾਗਰਿਕ ਕੋਲੋਂ ਭਾਰਤੀ ਸੁਰੱਖਿਆ ਟਿਕਾਣਿਆਂ ਨਾਲ ਸਬੰਧਤ ਸੰਵੇਦਨਸ਼ੀਲ ਦਸਤਾਵੇਜ਼ ਹਾਸਲ ਕਰ ਰਹੇ ਸਨ।
File
ਪਾਕਿ ਅਧਿਕਾਰੀਆਂ ਨੇ ਭਾਰਤੀ ਸਫ਼ਾਰਤਖ਼ਾਨੇ ਦੇ ਦੋ ਕਰਮਚਾਰੀਆਂ ਨੂੰ ਛੱਡਿਆ- ਪਾਕਿਸਤਾਨੀ ਅਧਿਕਾਰੀਆਂ ਨੇ ਸੋਮਵਾਰ ਦੀ ਸ਼ਾਮ ਇਸਲਾਮਾਬਾਦ ਵਿਚ ਭਾਰਤੀ ਸਫ਼ਾਰਖਾਨੇ ਦੇ ਦੋ ਕਰਮਚਾਰੀਆਂ ਨੂੰ ਰਿਹਾ ਕਰ ਦਿਤਾ ਜਿਨ੍ਹਾਂ ਨੇ 'ਹਿੱਟ ਐਂਡ ਰਨ' ਦੇ ਇਕ ਮਾਮਲੇ ਵਿਚ ਕਥਿਤ ਰੂਪ ਵਿਚ ਸ਼ਾਮਲ ਹੋਣ ਲਈ ਹਿਰਾਸਤ ਵਿਚ ਲਿਆ ਸੀ। ਸੀਨੀਅਰ ਸਰਕਾਰੀ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਕਿ ਦੋ ਭਾਰਤੀ ਕਰਮਚਾਰੀਆਂ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਰਿਹਾ ਕਰ ਦਿਤਾ ਹੈ ਅਤੇ ਉਹ ਭਾਰਤੀ ਸਫ਼ਾਰਤਖਾਨੇ ਪਰਤ ਆਏ ਹਨ।
File
ਸੂਤਰਾਂ ਨੇ ਦਸਿਆ ਕਿ ਦੋਵੇਂ ਅਪਣੀ ਡਿਊਟੀ ਲਈ ਸਵੇਰੇ ਸਾਢੇ ਅੱਠ ਵਜੇ ਸਫ਼ਾਰਤਖਾਨੇ ਤੋਂ (ਭਾਰਤੀ ਸਮੇਂ ਅਨੁਸਾਰ) ਇਕ ਗੱਲੀ ਵਿਚ ਨਿਕਲੇ ਸਨ ਪਰ ਅਪਣੀ ਮੰਜ਼ਿਲ ਤਕ ਨਹੀਂ ਪੁੱਜੇ। ਭਾਰਤੀ ਨੇ ਦਿੱਲੀ ਵਿਚ ਪਾਕਿਸਤਾਨੀ ਸਫ਼ਾਰਖਾਨੇ ਦੇ ਮੁੱਖੀ ਨੂੰ ਸੰਮਨ ਕੀਤਾ ਅਤੇ ਦੋ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਖ਼ਤ ਵਿਰੋਧ ਦਰਜ ਕੀਤਾ। ਪਾਕਿ ਮੀਡੀਆ ਨੇ ਕਿਹਾ ਸੀ ਕਿ ਦੋਹਾਂ ਭਾਰਤੀ ਕਰਮਚਾਰੀਆਂ ਨੂੰ ਕਥਿਤ ਤੌਰ 'ਤੇ ਹਿੱਟ ਐਂਡ ਰਨ ਦੇ ਇਕ ਹਾਦਸੇ ਵਿਚ ਸ਼ਾਮਲ ਹੋਣ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।