
ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 9520 ਹੋਈ
ਨਵੀਂ ਦਿੱਲੀ: ਭਾਰਤ ਵਿਚ ਲਗਾਤਾਰ ਤੀਜੇ ਦਿਨ ਕੋਰੋਨਾ ਵਾਇਰਸ ਲਾਗ ਦੇ 11000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਸੋਮਵਾਰ ਨੂੰ ਲਾਗ ਦੇ ਮਾਮਲੇ ਵੱਧ ਕੇ 3,32,424 ਹੋ ਗਏ। ਲਾਗ ਨਾਲ 325 ਹੋਰ ਲੋਕਾਂ ਦੀ ਮੌਤ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 9520 'ਤੇ ਪਹੁੰਚ ਗਏ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ ਹਾਲੇ 1,53,106 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਅਤੇ 169,797 ਲੋਕ ਲਾਗ ਮੁਕਤ ਹੋ ਚੁਕੇ ਹਨ ਅਤੇ ਇਕ ਮਰੀਜ਼ ਵਿਦੇਸ਼ ਚਲਾ ਗਿਆ ਹੈ। ਅਧਿਕਾਰੀ ਨੇ ਦਸਿਆ ਕਿ ਇਸ ਹਿਸਾਬ ਨਾਲ 51.07 ਫ਼ੀ ਸਦੀ ਮਰੀਜ਼ ਹੁਣ ਤਕ ਠੀਕ ਹੋ ਚੁਕੇ ਹਨ।
corona virus
ਮੰਤਰਾਲੇ ਨੇ ਦਸਿਆ ਕਿ ਪਿਛਲੇ 24 ਘੰਟਿਆਂ ਵਿਚ ਲਾਗ ਦੇ 11,502 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁਲ ਮਾਮਲੇ ਵੱਧ ਕੇ 3,32,424 ਹੋ ਗਏ ਹਨ। ਲਾਗ ਨਾਲ ਮਰਨ ਵਾਲੇ 325 ਲੋਕਾਂ ਵਿਚੋਂ 120 ਮਹਾਰਾਸ਼ਟਰ ਤੋਂ, 56 ਦਿੱਲੀ ਤੋਂ, ਗੁਜਰਾਤ ਤੋਂ 29 ਅਤੇ ਤਾਮਿਲਨਾਡੂ ਤੋਂ 38 ਵਿਅਕਤੀ ਸ਼ਾਮਲ ਹਨ। ਯੂਪੀ ਵਿਚ 14 ਹੋਰ ਵਿਅਕਤੀਆਂ ਦੀ ਲਾਗ ਨਾਲ ਮੌਤ ਹੋਈ ਹੈ। ਪਛਮੀ ਬੰਗਾਲ ਅਤੇ ਮੱਧ ਪ੍ਰਦੇਸ਼ ਵਿਚ 12.12, ਰਾਜਸਥਾਨ ਅਤੇ ਹਰਿਆਣਾ ਵਿਚ 10-10 ਵਿਅਕਤੀਆਂ ਦੀ ਮੌਤ ਹੋਈ ਹੈ। ਕਰਨਾਟਕ ਵਿਚ ਪੰਜ ਜਣਿਆਂ ਦੀ , ਜੰਮੂ ਕਸ਼ਮੀਰ ਵਿਚ ਚਾਰ, ਤੇਲੰਗਾਨਾ ਅਤੇ ਪੁਡੂਚੇਰੀ ਵਿਚ ਤਿੰਨ ਤਿੰਨ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ ਅਤੇ ਪੰਜਾਬ ਵਿਚ ਦੋ ਦੋ ਜਣਿਆਂ ਦੀ ਮੌਤ ਹੋਈ ਹੈ।
Corona virus
ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਉੜੀਸਾ ਵਿਚ ਇਕ ਇਕ ਵਿਅਕਤੀ ਦੀ ਮੌਤ ਹੋਈ ਹੈ। ਅਮਰੀਕਾ, ਬ੍ਰਾਜ਼ੀਲ ਅਤੇ ਰੂਸ ਮਗਰੋਂ ਭਾਰਤ ਕੋਰੋਨਾ ਵਾਇਰਸ ਲਾਗ ਨਾਲ ਸੱਭ ਤੋਂ ਪ੍ਰਭਾਵਤ ਦੇਸ਼ਾਂ ਦੀ ਸੂਚੀ ਵਿਚ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ ਜਦਕਿ ਭਾਰਤ ਲਾਗ ਨਾਲ ਮੌਤਾਂ ਦੇ ਮਾਮਲੇ ਵਿਚ ਨੌਂਵਾ ਦੇਸ਼ ਹੈ। ਕੋਰੋਨਾ ਵਾਇਰਸ ਨਾਲ ਹੁਣ ਤਕ ਕੁਲ 9520 ਲੋਕ ਜਾਨ ਗਵਾ ਚੁਕੇ ਹਨ। ਇਨ੍ਹਾਂ ਵਿਚੋਂ ਮਹਾਰਾਸ਼ਟਰ ਵਿਚ ਹੁਣ ਤਕ 3950 ਲੋਕਾਂ ਦੀ, ਗੁਜਰਾਤ ਵਿਚ 1477 ਲੋਕਾਂ ਦੀ ਅਤੇ ਦਿੱਲੀ ਵਿਚ 1327 ਲੋਕਾਂ ਦੀ ਲਾਗ ਨਾਲ ਮੌਤ ਹੋ ਚੁਕੀ ਹੈ।
Corona Virus
ਪਛਮੀ ਬੰਗਾਲ ਵਿਚ 475, ਮੱਧ ਪ੍ਰਦੇਸ਼ ਵਿਚ 459, ਤਾਮਿਲਨਾਡੂ ਵਿਚ 435 ਅਤੇ ਯੂਪੀ ਵਿਚ 399 ਲੋਕਾਂ ਦੀ ਮੌਤ ਹੋ ਗਈ ਹੈ। ਰਾਜਸਥਾਨ ਵਿਚ 292, ਤੇਲੰਗਾਨਾ ਵਿਚ 185, ਹਰਿਆਣਾ ਵਿਚ 88, ਕਰਨਾਟਕ ਵਿਚ 86, ਆਂਧਰਾ ਪ੍ਰਦੇਸ਼ ਵਿਚ 84, ਪੰਜਾਬ ਵਿਚ 67, ਜੰਮੂ ਕਸ਼ਮੀਰ ਵਿਚ 59, ਬਿਹਾਰ ਵਿਚ 39, ਉਤਰਾਖੰਡ ਵਿਚ 24 ਅਤੇ ਕੇਰਲਾ ਵਿਚ 19 ਜਣਿਆਂ ਦੀ ਲਾਗ ਨਾਲ ਮੌਤ ਹੋ ਚੁਕੀ ਹੈ।
corona virus
ਚੇਨਈ 'ਚ 12 ਦਿਨਾਂ ਲਈ ਮੁੜ ਲਾਗੂ ਹੋਈ ਮੁਕੰਮਲ ਤਾਲਾਬੰਦੀ- ਤਾਮਿਨਲਾਡੂ 'ਚ ਕੋਰੋਨਾ ਵਾਇਰਸ (ਕੋਵਿਡ-19) ਦੇ ਮਾਮਲਿਆਂ ਵਿਚ ਵੱਡੇ ਪੱਧਰ 'ਤੇ ਵਾਧੇ ਨੂੰ ਦੇਖਦਿਆਂ ਰਾਜਧਾਨੀ ਚੇਨਈ ਅਤੇ ਇਸ ਨਾਲ ਲਗਦੇ 3 ਜ਼ਿਲ੍ਹਿਆਂ ਵਿਚ 19 ਤੋਂ 30 ਜੂਨ ਤਕ ਸਖ਼ਤ ਪਾਬੰਦੀਆਂ ਨਾਲ ਪੂਰੀ ਤੌਰ 'ਤੇ ਤਾਲਾਬੰਦੀ ਲਾਗੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਕੇ. ਪਲਾਨੀਸਵਾਮੀ ਨੇ ਸੋਮਵਾਰ ਨੂੰ ਇਸ ਬਾਰੇ ਐਲਾਨ ਕੀਤਾ। ਉਨ੍ਹਾਂ ਕੋਰੋਨਾ ਵਾਇਰਸ 'ਤੇ ਸੂਬੇ ਦੀ ਕੈਬਨਿਟ ਅਤੇ ਮਾਹਰ ਮੈਡੀਕਲ ਪੈਨਲ ਨਾਲ ਸਮੀਖਿਆ ਬੈਠਕ ਤੋਂ ਬਾਅਦ ਤਾਲਾਬੰਦੀ 'ਚ ਸਖ਼ਤੀ ਵਰਤਣ ਦਾ ਫ਼ੈਸਲਾ ਕੀਤਾ।
Corona Virus
ਮੁੱਖ ਮੰਤਰੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਇਨ੍ਹਾਂ ਬੈਠਕਾਂ ਵਿਚ ਚਰਚਾ ਦੇ ਆਧਾਰ 'ਤੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਆਫ਼ਤ ਪ੍ਰਬੰਧਨ ਐਕਟ, 2005 ਤਹਿਤ 19 ਜੂਨ ਨੂੰ ਤੜਕੇ ਤੋਂ 30 ਜੂਨ ਦੀ ਮੱਧ ਰਾਤ ਤਕ 12 ਦਿਨਾਂ ਦੀ ਸਖਤ ਤਾਲਾਬੰਦੀ ਲਾਗੂ ਰਹੇਗੀ। ਜਿਸ 'ਚੋਂ ਕੋਈ ਛੋਟ ਨਹੀਂ ਦਿਤੀ ਜਾਵੇਗੀ। 12 ਦਿਨਾਂ ਦੇ ਸਮੇਂ ਦੌਰਾਨ ਸਿਰਫ਼ ਜ਼ਰੂਰੀ ਸੇਵਾਵਾਂ ਨੂੰ ਕੁੱਝ ਤੈਅ ਪਾਬੰਦੀਆਂ ਨਾਲ ਆਗਿਆ ਦਿਤੀ ਜਾਵੇਗੀ। ਜ਼ਿਕਰਯੋਗ ਹੈ ਕਿ ਤਾਮਿਲਨਾਡੂ 'ਚ ਵਾਇਰਸ ਦੇ 44,661 ਮਾਮਲੇ ਹੋ ਚੁੱਕੇ ਹਨ ਅਤੇ 435 ਲੋਕ ਵਾਇਰਸ ਨਾਲ ਜਾਨ ਗਵਾ ਚੁੱਕੇ ਹਨ। ਹਾਲਾਤ ਨੂੰ ਵਿਗੜਦੇ ਦੇਖ ਕੇ ਸਰਕਾਰ ਨੇ ਤਾਲਾਬੰਦੀ ਮੁੜ ਤੋਂ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।