
ਹਰ ਮੁੰਦਰੀ ਲਗਭਗ 2 ਗ੍ਰਾਮ ਸੋਨੇ ਦੀ ਹੋਵੇਗੀ, ਜਿਸ ਦੀ ਕੀਮਤ ਲਗਭਗ 5000 ਰੁਪਏ ਹੋ ਸਕਦੀ ਹੈ।
ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ ਦੀ ਤਾਮਿਲਨਾਡੂ ਇਕਾਈ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ 'ਤੇ ਨਵਜੰਮੇ ਬੱਚਿਆਂ ਨੂੰ ਸੋਨੇ ਦੀਆਂ ਅੰਗੂਠੀਆਂ ਦੇਣ ਦਾ ਫ਼ੈਸਲਾ ਕੀਤਾ ਹੈ। ਹੋਰ ਸਕੀਮਾਂ ਵਿਚ ਇਸ ਮੌਕੇ 720 ਕਿਲੋ ਮੱਛੀ ਵੰਡਣ ਦਾ ਵੀ ਫ਼ੈਸਲਾ ਲਿਆ ਗਿਆ ਹੈ। ਮੱਛੀ ਪਾਲਣ ਅਤੇ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਐਲ ਮੁਰੂਗਨ ਨੇ ਕਿਹਾ, "ਅਸੀਂ ਚੇਨਈ ਦੇ ਸਰਕਾਰੀ RSRM ਹਸਪਤਾਲ ਦੀ ਚੋਣ ਕੀਤੀ ਹੈ ਜਿੱਥੇ ਪ੍ਰਧਾਨ ਮੰਤਰੀ ਦੇ ਜਨਮ ਦਿਨ 'ਤੇ ਪੈਦਾ ਹੋਣ ਵਾਲੇ ਸਾਰੇ ਬੱਚਿਆਂ ਨੂੰ ਸੋਨੇ ਦੀਆਂ ਅੰਗੂਠੀਆਂ ਦਿੱਤੀਆਂ ਜਾਣਗੀਆਂ।"
ਜਦੋਂ ਮੁਰੂਗਨ ਤੋਂ ਰਿੰਗ ਵੰਡਣ ਦੇ ਪ੍ਰੋਗਰਾਮ 'ਚ ਹੋਏ ਖਰਚੇ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਇਸ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਹਰ ਮੁੰਦਰੀ ਲਗਭਗ 2 ਗ੍ਰਾਮ ਸੋਨੇ ਦੀ ਹੋਵੇਗੀ, ਜਿਸ ਦੀ ਕੀਮਤ ਲਗਭਗ 5000 ਰੁਪਏ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਮੁਫ਼ਤ ਵਿਚ ਦਿੱਤੀ ਜਾਣ ਵਾਲੀ ਰੇਵੜੀ ਨਹੀਂ ਹੈ। ਸਗੋਂ ਇਸ ਦੇ ਜ਼ਰੀਏ ਅਸੀਂ ਪ੍ਰਧਾਨ ਮੰਤਰੀ ਦੇ ਜਨਮ ਦਿਨ 'ਤੇ ਜਨਮ ਲੈਣ ਵਾਲਿਆਂ ਦਾ ਸਵਾਗਤ ਕਰਨਾ ਚਾਹੁੰਦੇ ਹਾਂ। ਭਾਜਪਾ ਦੀ ਸਥਾਨਕ ਇਕਾਈ ਦਾ ਅਨੁਮਾਨ ਹੈ ਕਿ ਇਸ ਹਸਪਤਾਲ ਵਿਚ 17 ਸਤੰਬਰ ਨੂੰ 10-15 ਬੱਚਿਆਂ ਦਾ ਜਨਮ ਹੋ ਸਕਦਾ ਹੈ।
ਦੱਖਣੀ ਰਾਜ ਇਸ ਮੌਕੇ 'ਤੇ ਇਕ ਹੋਰ ਵਿਲੱਖਣ ਯੋਜਨਾ ਲੈ ਕੇ ਆਇਆ ਹੈ। ਮੱਛੀ ਪਾਲਣ ਮੰਤਰੀ ਨੇ ਕਿਹਾ, ''ਮੁੱਖ ਮੰਤਰੀ ਐਮ ਕੇ ਸਟਾਲਿਨ ਦੇ ਹਲਕੇ ਨੂੰ 720 ਕਿਲੋ ਮੱਛੀ ਵੰਡਣ ਲਈ ਚੁਣਿਆ ਗਿਆ ਹੈ। ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ (PMMSY) ਦਾ ਉਦੇਸ਼ ਮੱਛੀ ਦੀ ਖਪਤ ਨੂੰ ਉਤਸ਼ਾਹਿਤ ਕਰਨਾ ਹੈ। ਇਸ ਲਈ ਅਸੀਂ ਇਹ ਕਦਮ ਚੁੱਕ ਰਹੇ ਹਾਂ। ਉਹਨਾਂ ਕਿਹਾ ਕਿ ਹਾਂ, ਅਸੀਂ ਜਾਣਦੇ ਹਾਂ ਕਿ ਪ੍ਰਧਾਨ ਮੰਤਰੀ ਸ਼ਾਕਾਹਾਰੀ ਹਨ। ਦਰਅਸਲ, ਮੋਦੀ ਇਸ ਵਾਰ 72 ਸਾਲ ਦੇ ਹੋ ਰਹੇ ਹਨ ਇਸ ਲਈ 720 ਦਾ ਅੰਕੜਾ ਚੁਣਿਆ ਗਿਆ ਹੈ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ 'ਤੇ ਦਿੱਲੀ ਭਾਜਪਾ 17 ਸਤੰਬਰ ਤੋਂ 2 ਅਕਤੂਬਰ ਤੱਕ 'ਸੇਵਾ ਪਖਵਾੜਾ' ਮਨਾਏਗੀ। ਇਸ ਦੌਰਾਨ ਸਿਹਤ ਜਾਂਚ ਅਤੇ ਖੂਨਦਾਨ ਕੈਂਪ ਲਗਾਉਣ ਸਮੇਤ ਹੋਰ ਪ੍ਰੋਗਰਾਮ ਵੀ ਹੋਣਗੇ। ਦਿੱਲੀ ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਦੱਸਿਆ ਕਿ ਇਸ ਮੌਕੇ ਇੱਕ ਵਿਸ਼ੇਸ਼ ਦੌੜ ਕਰਵਾਈ ਜਾਵੇਗੀ, ਜਿਸ ਵਿਚ ਝੁੱਗੀ-ਝੌਂਪੜੀਆਂ ਦੇ ਲੋਕ ਹਿੱਸਾ ਲੈ ਸਕਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 18 ਅਕਤੂਬਰ ਨੂੰ ਇਸ ਦੌੜ ਨੂੰ ਹਰੀ ਝੰਡੀ ਦਿਖਾਉਣਗੇ। ਇਸ ਦੌੜ ਵਿਚ ਸ਼ਹਿਰ ਦੀਆਂ ਝੁੱਗੀਆਂ-ਝੌਂਪੜੀਆਂ ਦੇ ਕਰੀਬ 10,000 ਬੱਚੇ ਅਤੇ ਨੌਜਵਾਨ ਹਿੱਸਾ ਲੈਣਗੇ।