
ਆਰਬੀਆਈ ਅਧਿਕਾਰੀਆਂ ਨੇ 25 ਜੁਲਾਈ ਤੋਂ 29 ਜੁਲਾਈ, 2022 ਤੱਕ ਬ੍ਰਾਂਚ ਦੀ ਕਰੰਸੀ ਚੈਸਟ ਦੀ ਜਾਂਚ ਕੀਤੀ
ਕਾਨਪੁਰ - ਕਾਨਪੁਰ 'ਚ ਪੰਜਾਬ ਨੈਸ਼ਨਲ ਬੈਂਕ ਦੀ ਪਾਂਡੂ ਨਗਰ ਸ਼ਾਖਾ ਦੀ ਕਰੰਸੀ ਚੈਸਟ 'ਚ ਰੱਖੇ 42 ਲੱਖ ਰੁਪਏ ਪਾਣੀ ਦੀ ਸਿੱਲ ਨਾਲ ਗਲ ਗਏ ਪਰ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ। ਬੈਂਕ ਅਧਿਕਾਰੀਆਂ ਨੇ ਇਸ ਮਾਮਲੇ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਪਰ ਜੁਲਾਈ ਦੇ ਅਖੀਰ ਵਿਚ ਜਦੋਂ ਆਰਬੀਆਈ ਨੇ ਕਰੰਸੀ ਚੈਸਟ ਦਾ ਆਡਿਟ ਕੀਤਾ ਤਾਂ ਮਾਮਲਾ ਸਾਹਮਣੇ ਆਇਆ।
ਆਡਿਟ ਵਿਚ ਰਕਮ ਇੰਨੀ ਵੱਡੀ ਨਹੀਂ ਸੀ। ਬਾਅਦ ਵਿੱਚ ਜਦੋਂ ਗਿਣਤੀ ਕੀਤੀ ਗਈ ਤਾਂ 42 ਲੱਖ ਰੁਪਏ ਦੀ ਕਰੰਸੀ ਦੇ ਸਿੱਲੇ ਹੋਣ ਦਾ ਪਤਾ ਚੱਲਿਆ। ਇਸ ਮਾਮਲੇ 'ਚ ਸੀਨੀਅਰ ਮੈਨੇਜਰ ਕਰੰਸੀ ਚੈਸਟ ਦੇਵੀ ਸ਼ੰਕਰ ਸਮੇਤ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਤਿੰਨ ਅਧਿਕਾਰੀ ਹਾਲ ਹੀ ਵਿਚ ਤਬਾਦਲੇ ਤੋਂ ਬਾਅਦ ਇੱਥੇ ਆਏ ਸਨ।
ਆਰਬੀਆਈ ਅਧਿਕਾਰੀਆਂ ਨੇ 25 ਜੁਲਾਈ ਤੋਂ 29 ਜੁਲਾਈ, 2022 ਤੱਕ ਬ੍ਰਾਂਚ ਦੀ ਕਰੰਸੀ ਚੈਸਟ ਦੀ ਜਾਂਚ ਕੀਤੀ। ਇਸ ਤੋਂ ਬਾਅਦ ਉਹਨਾਂ ਨੇ 14,74,500 ਰੁਪਏ ਦੀ ਕਮੀ ਅਤੇ ਵੱਧ ਤੋਂ ਵੱਧ ਅਤੇ ਘੱਟੋ-ਘੱਟ ਰਕਮ ਵਿਚ 10 ਲੱਖ ਦਾ ਫਰਕ ਦੱਸਿਆ ਸੀ। ਇਸ ਦੇ ਨਾਲ ਹੀ 10 ਰੁਪਏ ਦੇ 79 ਬੰਡਲ ਅਤੇ 20 ਰੁਪਏ ਦੇ 49 ਬੰਡਲ ਨੁਕਸਾਨੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।