
ਜਿਗਨੇਸ਼ ਮੇਵਾਣੀ ਨੇ ਟਵਿੱਟਰ 'ਤੇ ਲਿਖਿਆ, ''ਅੰਦੋਲਨ ਕਰਨ ਵਾਲਿਆਂ ਨੂੰ ਸਜ਼ਾ ਅਤੇ ਬਲਾਤਕਾਰੀਆਂ ਦੀ ਰਿਹਾਈ''।
ਨਵੀਂ ਦਿੱਲੀ: ਅਹਿਮਦਾਬਾਦ ਦੀ ਮੈਟਰੋਪੋਲੀਟਨ ਅਦਾਲਤ ਨੇ ਗੁਜਰਾਤ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਜਿਗਨੇਸ਼ ਮੇਵਾਣੀ ਨੂੰ ਸੜਕ ਜਾਮ ਕਰਨ ਦੇ ਮਾਮਲੇ ਵਿਚ ਛੇ ਮਹੀਨੇ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਉਸ ਦੇ ਨਾਲ 18 ਹੋਰ ਲੋਕਾਂ ਨੂੰ ਵੀ ਇਹ ਸਜ਼ਾ ਸੁਣਾਈ ਗਈ ਹੈ।
ਸਮਾਚਾਰ ਏਜੰਸੀ ਪੀਟੀਆਈ ਮੁਤਾਬਕ 2016 ਵਿਚ ਦੰਗੇ ਕਰਨ ਅਤੇ ਗੈਰ-ਕਾਨੂੰਨੀ ਢੰਗ ਨਾਲ ਇਕੱਠ ਕਰਨ ਦੇ ਇਕ ਮਾਮਲੇ ਵਿਚ ਸਾਰੇ ਲੋਕਾਂ ਨੂੰ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਅਦਾਲਤ ਨੇ ਦੋਸ਼ੀ ਠਹਿਰਾਏ ਗਏ ਵਿਅਕਤੀਆਂ ਨੂੰ ਉੱਚ ਅਦਾਲਤ ਵਿਚ ਅਪੀਲ ਕਰਨ ਦਾ ਮੌਕਾ ਦਿੰਦਿਆਂ 17 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ। ਸਜ਼ਾ ਸੁਣਾਏ ਜਾਣ ਤੋਂ ਬਾਅਦ ਜਿਗਨੇਸ਼ ਮੇਵਾਣੀ ਨੇ ਟਵਿੱਟਰ 'ਤੇ ਲਿਖਿਆ, ''ਅੰਦੋਲਨ ਕਰਨ ਵਾਲਿਆਂ ਨੂੰ ਸਜ਼ਾ ਅਤੇ ਬਲਾਤਕਾਰੀਆਂ ਦੀ ਰਿਹਾਈ''। ਇਹ ਮਾਮਲਾ 2016 ਵਿਚ ਅਹਿਮਦਾਬਾਦ ਦੇ ਯੂਨੀਵਰਸਿਟੀ ਪੁਲਿਸ ਸਟੇਸ਼ਨ ਵਿਚ ਦਰਜ ਕੀਤਾ ਗਿਆ ਸੀ।
ਮੇਵਾਣੀ ਅਤੇ ਉਹਨਾਂ ਦੇ ਸਮਰਥਕ ਉਸ ਸਮੇਂ ਗੁਜਰਾਤ ਯੂਨੀਵਰਸਿਟੀ 'ਚ ਬਣ ਰਹੇ ਹੋਸਟਲ ਦਾ ਨਾਂ ਡਾ ਬੀ ਆਰ ਅੰਬੇਡਕਰ ਦੇ ਨਾਂ 'ਤੇ ਰੱਖਣ ਦੀ ਮੰਗ ਕਰ ਰਹੇ ਸਨ। ਆਪਣੀ ਗੱਲ ਮਨਵਾਉਣ ਲਈ ਇਹਨਾਂ ਨੇ ਇਕੱਠੇ ਹੋ ਕੇ ਸੜਕ ਜਾਮ ਕਰ ਦਿੱਤੀ ਸੀ।ਅਜਿਹਾ ਕਰਨ ਲਈ ਮੇਵਾਣੀ ਅਤੇ 19 ਹੋਰਾਂ ਦੇ ਖਿਲਾਫ ਆਈਪੀਸੀ ਦੀ ਧਾਰਾ 143 ਅਤੇ 147 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ ਬਾਅਦ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ।