
3 ਕਰੋੜ ਨਕਦ, 50 ਕਿਲੋ ਸੋਨਾ, 13 ਕਾਰਤੂਸ, 9 ਕੁਇੰਟਲ ਦੇਸੀ ਘਿਓ ਬਰਾਮਦ
ਪ੍ਰਯਾਗਰਾਜ: ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਮਹੰਤ ਨਰੇਂਦਰ ਗਿਰੀ ਦੀ ਮੌਤ ਨੂੰ ਇਕ ਸਾਲ ਪੂਰਾ ਹੋ ਗਿਆ ਹੈ। ਮਹੰਤ ਦੀ ਮੌਤ ਕਿਵੇਂ ਹੋਈ, ਇਸ ਦੀ ਅਸਲੀਅਤ ਅਜੇ ਤੱਕ ਸਾਹਮਣੇ ਨਹੀਂ ਆਈ ਹੈ। ਵੀਰਵਾਰ ਨੂੰ ਸੀਬੀਆਈ ਦੀ ਟੀਮ ਜਾਂਚ ਲਈ ਪ੍ਰਯਾਗਰਾਜ ਦੇ ਅੱਲਾਪੁਰ ਸਥਿਤ ਬਾਘੰਬੜੀ ਗੱਦੀ ਮਠ ਪਹੁੰਚੀ। ਜਿਸ ਕਮਰੇ ਵਿਚ ਮਹੰਤ ਦੀ ਲਾਸ਼ ਮਿਲੀ ਸੀ, ਸੀਬੀਆਈ ਨੇ ਉਸ ਕਮਰੇ ਦਾ ਤਾਲਾ ਖੋਲ੍ਹ ਕੇ ਜਾਂਚ ਕੀਤੀ।
ਸੂਤਰਾਂ ਮੁਤਾਬਕ ਮਹੰਤ ਦੇ ਕਮਰੇ 'ਚੋਂ 3 ਕਰੋੜ ਰੁਪਏ ਨਕਦ ਅਤੇ 50 ਕਿਲੋ ਸੋਨਾ, ਹਨੂੰਮਾਨ ਜੀ ਦਾ ਸੋਨੇ ਦਾ ਮੁਕਟ, ਕਠੋਰ ਹਥਿਆਰ ਬਰਾਮਦ ਹੋਏ ਹਨ। ਇਹ ਸਾਰੇ ਇਕ ਲੋਹੇ ਦੀ ਅਲਮਾਰੀ ਵਿਚ ਬੰਦ ਸਨ। ਇਸ ਤੋਂ ਇਲਾਵਾ ਕਰੋੜਾਂ ਦੀ ਜਾਇਦਾਦ ਦੇ ਰਜਿਸਟਰੀ ਕਾਗਜ਼, 13 ਕਾਰਤੂਸ ਅਤੇ 9 ਕੁਇੰਟਲ ਦੇਸੀ ਘਿਓ ਵੀ ਮਿਲਿਆ। ਸੀਬੀਆਈ ਦੇ ਜਾਂਚ ਅਧਿਕਾਰੀ ਐਡੀਸ਼ਨਲ ਐਸਪੀ ਕੇਐਸ ਨੇਗੀ ਅਤੇ ਸੀਬੀਆਈ ਇੰਸਪੈਕਟਰ ਦੀ ਮੌਜੂਦਗੀ ਵਿਚ ਕਮਰੇ ਦਾ ਤਾਲਾ ਖੋਲ੍ਹਿਆ ਗਿਆ। ਇਸ ਦੌਰਾਨ ਐਸਪੀ ਸਿਟੀ ਸਮੇਤ ਕਈ ਅਧਿਕਾਰੀ ਵੀ ਫੋਰਸ ਦੇ ਨਾਲ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਮਹੰਤ ਨਰੇਂਦਰ ਗਿਰੀ ਦੀ ਲਾਸ਼ 20 ਸਤੰਬਰ 2021 ਨੂੰ ਮੱਠ ਦੇ ਇਕ ਕਮਰੇ ਵਿਚ ਲਟਕਦੀ ਮਿਲੀ ਸੀ। ਜਾਂਚ ਸੀਬੀਆਈ ਨੂੰ ਸੌਂਪੀ ਗਈ ਸੀ। ਇਸ ਮਾਮਲੇ 'ਚ ਆਨੰਦ ਗਿਰੀ, ਅਧਿਆ ਪ੍ਰਸਾਦ ਤਿਵਾੜੀ ਅਤੇ ਉਹਨਾਂ ਦੇ ਬੇਟੇ ਸੰਦੀਪ ਤਿਵਾੜੀ, ਜੋ ਮਹੰਤ ਨਰਿੰਦਰ ਦੇ ਚੇਲੇ ਸਨ, ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੂੰ ਕਮਰੇ ਵਿਚੋਂ ਇਕ ਸੁਸਾਈਡ ਨੋਟ ਵੀ ਮਿਲਿਆ ਸੀ।