ਪੁਲਿਸ ਨੇ ਸੋਮਵਾਰ ਨੂੰ ਦੋ ਲੋਕਾਂ ਨੂੰ ਹਿਰਾਸਤ
ਸਾਰਣ: ਬਿਹਾਰ ਦੇ ਸਾਰਨ ਜ਼ਿਲ੍ਹੇ ’ਚ ਈਦ ਮਿਲਾਦ-ਉਨ-ਨਬੀ ਦੇ ਜਲੂਸ ਦੌਰਾਨ ਅਸ਼ੋਕ ਚੱਕਰ ਦੀ ਬਜਾਏ ‘ਚੰਨ ਅਤੇ ਤਾਰੇ’ ਵਾਲਾ ਤਿਰੰਗਾ ਝੰਡਾ ਲਹਿਰਾਉਣ ਦੇ ਦੋਸ਼ ’ਚ ਪੁਲਿਸ ਨੇ ਸੋਮਵਾਰ ਨੂੰ ਦੋ ਲੋਕਾਂ ਨੂੰ ਹਿਰਾਸਤ ’ਚ ਲੈ ਲਿਆ।ਸਾਰਨ ਪੁਲਿਸ ਨੇ ਇਕ ਬਿਆਨ ’ਚ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਇਕ ਵੀਡੀਉ ਪ੍ਰਾਪਤ ਹੋਇਆ ਸੀ ਜਿਸ ’ਚ ਅਸ਼ੋਕ ਚੱਕਰ ਦੀ ਥਾਂ ਤਿਰੰਗਾ ਝੰਡਾ ‘ਚੰਨ ਤਾਰਾ’ ਲਗਾਇਆ ਗਿਆ ਸੀ ਜੋ ਭਾਰਤ ਦੇ ਝੰਡੇ 2002 ਸਮੇਤ ਕਈ ਕਾਨੂੰਨਾਂ ਦੀ ਉਲੰਘਣਾ ਹੈ।
ਸਾਰਨ ਦੇ ਪੁਲਿਸ ਸੁਪਰਡੈਂਟ (ਐਸ.ਪੀ.) ਕੁਮਾਰ ਆਸ਼ੀਸ਼ ਨੇ ਦਸਿਆ ਕਿ ਕੋਪਾ ਥਾਣੇ ਅਧੀਨ ਈਦ ਮਿਲਾਦ-ਉਨ-ਨਬੀ ਦੇ ਜਲੂਸ ਦੌਰਾਨ ਕਥਿਤ ਤੌਰ ’ਤੇ ਅਜਿਹਾ ਝੰਡਾ ਲਹਿਰਾਉਣ ਦੇ ਮਾਮਲੇ ’ਚ ਪੁਲਿਸ ਟੀਮ ਨੇ ਤੁਰਤ ਕਾਰਵਾਈ ਕਰਦਿਆਂ ਇਕ ਪਿਕਅਪ ਵਾਹਨ ਸਮੇਤ ਝੰਡਾ ਜ਼ਬਤ ਕਰ ਲਿਆ ਅਤੇ ਦੋ ਲੋਕਾਂ ਨੂੰ ਹਿਰਾਸਤ ’ਚ ਲੈ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਉਸ ਵਿਅਕਤੀ ਦੀ ਵੀ ਭਾਲ ਕਰ ਰਹੀ ਹੈ ਜਿਸ ਨੇ ਉਨ੍ਹਾਂ ਨੂੰ ਇਹ ਝੰਡਾ ਬਣਾਇਆ ਸੀ। ਬਿਆਨ ’ਚ ਪੁਲਿਸ ਨੇ ਕਿਹਾ ਕਿ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਪੁੱਛੇ ਜਾਣ ’ਤੇ ਕਿ ਕੀ ਜਲੂਸ ਲਈ ਪ੍ਰਸ਼ਾਸਨ ਤੋਂ ਇਜਾਜ਼ਤ ਲਈ ਗਈ ਸੀ, ਐਸ.ਪੀ. ਨੇ ਕਿਹਾ ਕਿ ਇਸ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਇਸ ’ਚ ਸ਼ਾਮਲ ਸਾਰੇ ਵਿਅਕਤੀਆਂ ਦੀ ਪਛਾਣ ਕਰ ਕੇ ਸਖਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਲੋਕਾਂ ਨੂੰ ਚਿਤਾਵਨੀ ਵੀ ਦਿਤੀ ਹੈ ਕਿ ਉਹ ਸੋਸ਼ਲ ਮੀਡੀਆ ’ਤੇ ਕੋਈ ਦੁਸ਼ਮਣੀ ਪੋਸਟ ਨਾ ਕਰਨ ਅਤੇ ਅਜਿਹਾ ਕਰਨ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ।