
ਜ਼ਿਆਦਾਤਰ ਪਰਵਾਰ ਨੋਇਡਾ ਛੱਡ ਕੇ ਅਪਣੇ ਪਿੰਡਾਂ ਨੂੰ ਚਲੇ ਗਏ, ਹੁਣ ਸਿਰਫ਼ ਚਾਰ ਲੋਕ ਹੀ ਨੋਇਡਾ ’ਚ ਰਹਿ ਗਏ
ਨੋਇਡਾ: ਉਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਵਿਚ 2006 ਦੇ ਬਦਨਾਮ ਨਿਠਾਰੀ ਕਤਲੇਆਮ ਮਾਮਲੇ ਵਿਚ ਇਲਾਹਾਬਾਦ ਹਾਈ ਕੋਰਟ ਵਲੋਂ ਵੱਖ-ਵੱਖ ਦੋਸ਼ਾਂ ਤੋਂ ਮੁੱਖ ਮੁਲਜ਼ਮ ਮੋਨਿੰਦਰ ਸਿੰਘ ਪੰਧੇਰ ਅਤੇ ਸੁਰਿੰਦਰ ਕੋਹਲੀ ਨੂੰ ਬਰੀ ਕਰਨ ਦੇ ਫ਼ੈਸਲੇ ਤੋਂ ਪੀੜਤਾਂ ਦੇ ਰਿਸ਼ਤੇਦਾਰ ਨਿਰਾਸ਼ ਹਨ। ਕਈ ਪਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ 17 ਸਾਲ ਬਾਅਦ ਵੀ ਇਨਸਾਫ਼ ਨਹੀਂ ਮਿਲਿਆ, ਇਸ ਲਈ ਉਹ ਹੁਣ ਇਨਸਾਫ਼ ਲੈਣ ਲਈ ਅਗਲੀ ਰਣਨੀਤੀ ਤੈਅ ਕਰਨਗੇ।
ਇਸ ਕਤਲੇਆਮ ਦਾ ਸ਼ਿਕਾਰ ਹੋਈਆਂ ਔਰਤਾਂ, ਬੱਚਿਆਂ ਅਤੇ ਲੜਕੀਆਂ ਦੇ ਜ਼ਿਆਦਾਤਰ ਪਰਵਾਰਕ ਮੈਂਬਰ ਨੋਇਡਾ ਛੱਡ ਕੇ ਅਪਣੇ ਜੱਦੀ ਪਿੰਡਾਂ ਨੂੰ ਚਲੇ ਗਏ ਹਨ ਅਤੇ ਹੁਣ ਸਿਰਫ਼ ਚਾਰ ਲੋਕ ਹੀ ਨੋਇਡਾ ’ਚ ਰਹਿ ਰਹੇ ਹਨ। ਨਿਠਾਰੀ ਪਿੰਡ ਦੇ ਵਸਨੀਕ ਅਸ਼ੋਕ ਨੇ ਕਿਹਾ ਕਿ ਉਹ ਇਸ ਹੁਕਮ ਨਾਲ ਬਹੁਤ ਦੁਖੀ ਹਨ। ਇਸ ਘਟਨਾ ’ਚ ਮੂਲ ਰੂਪ ’ਚ ਨੋਇਡਾ ਦੇ ਰਹਿਣ ਵਾਲੇ ਆਸ਼ੇਕ ਦੇ ਸਾਢੇ ਪੰਜ ਸਾਲ ਦੇ ਬੇਟੇ ਦਾ ਕਥਿਤ ਤੌਰ ’ਤੇ ਕਤਲ ਕਰ ਦਿਤਾ ਗਿਆ ਸੀ।
ਆਸ਼ੋਕ ਨੇ ਕਿਹਾ ਕਿ ਮੁਲਜ਼ਮ ਤਾਕਤਵਰ ਅਤੇ ਅਮੀਰ ਹਨ ਜਦਕਿ ਉਹ ਗ਼ਰੀਬ ਹੈ, ਇਸ ਲਈ ਉਸ ਨਾਲ ਇਨਸਾਫ਼ ਨਹੀਂ ਕੀਤਾ ਗਿਆ। ਇਸ ਘਟਨਾ ’ਚ ਅਪਣੀ ਜਾਨ ਗੁਆਉਣ ਵਾਲੀ ਕੁੜੀ ਦੇ ਪਿਤਾ ਝੱਬੂ ਲਾਲ ਨੇ ਕਿਹਾ ਕਿ ਉਹ ਇਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਤੋਂ ਬਹੁਤ ਦੁਖੀ ਹਨ। ਉਨ੍ਹਾਂ ਕਿਹਾ ਕਿ ਸੁਰਿੰਦਰ ਕੋਲੀ ਨੇ ਪੁਲਿਸ ਕੋਲ ਕੁੜੀਆਂ ਦੇ ਕਤਲ ਅਤੇ ਬਲਾਤਕਾਰ ਕਰਨ ਦੀ ਗੱਲ ਕਬੂਲੀ ਹੈ।
ਪੀੜਤ ਪੱਪੂ ਦਾ ਕਹਿਣਾ ਹੈ ਕਿ ਉਹ ਹਾਈ ਕੋਰਟ ਦੇ ਇਸ ਫ਼ੈਸਲੇ ਤੋਂ ਦੁਖੀ ਹੈ ਅਤੇ ਕਿਹਾ ਕਿ ਉਹ ਇਨਸਾਫ਼ ਦੀ ਲੜਾਈ ਜਾਰੀ ਰਖੇਗਾ। ਪੱਪੂ ਦੀ ਨਾਬਾਲਗ਼ ਧੀ ਨਾਲ ਕਥਿਤ ਤੌਰ ’ਤੇ ਬਲਾਤਕਾਰ ਕਰ ਕੇ ਕਤਲ ਕਰ ਦਿਤਾ ਗਿਆ ਸੀ। ਇਸੇ ਤਰ੍ਹਾਂ ਰਾਮਕਿਸ਼ਨ ਦੀ ਨਾਬਾਲਗ਼ ਧੀ ਨਾਲ ਵੀ ਕਥਿਤ ਤੌਰ ’ਤੇ ਬਲਾਤਕਾਰ ਅਤੇ ਕਤਲ ਕੀਤਾ ਗਿਆ ਸੀ। ਰਾਮਕਿਸ਼ਨ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਅਦਾਲਤੀ ਹੁਕਮਾਂ ਦੀਆਂ ਕਾਪੀਆਂ ਮਿਲ ਜਾਣਗੀਆਂ ਤਾਂ ਉਹ ਅਪਣੇ ਵਕੀਲ ਦੀ ਮਦਦ ਨਾਲ ਇਸ ਦਾ ਅਧਿਐਨ ਕਰਨ ਤੋਂ ਬਾਅਦ ਅਗਲੀ ਰਣਨੀਤੀ ਤੈਅ ਕਰਨਗੇ।
ਨਿਠਾਰੀ ਕਾਂਡ ਦੇ ਪੀੜਤਾਂ ਲਈ ਲੰਮੀ ਲੜਾਈ ਲੜਨ ਵਾਲੇ 85 ਸਾਲਾ ਸਤੀਸ਼ ਚੰਦਰ ਮਿਸ਼ਰਾ ਨੂੰ ਹਾਈ ਕੋਰਟ ਦੇ ਇਸ ਫ਼ੈਸਲੇ ਨਾਲ ਡੂੰਘਾ ਦੁੱਖ ਹੈ। ਸਮਾਜ ਸੇਵੀ ਮਿਸ਼ਰਾ ਨੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਗ਼ਰੀਬ ਲੋਕਾਂ ਨੂੰ ਇਨਸਾਫ਼ ਨਹੀਂ ਮਿਲਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੀ.ਬੀ.ਆਈ. ਨੇ ਇਸ ਕੇਸ ਦੀ ਪੈਰਵੀ ਸਹੀ ਢੰਗ ਨਾਲ ਨਹੀਂ ਕੀਤੀ। ਉਨ੍ਹਾਂ ਦਸਿਆ ਕਿ ਪੰਧੇਰ ਅਤੇ ਸੁਰਿੰਦਰ ਕੋਲੀ ਦੋਹਾਂ ਨੇ ਅਪਣਾ ਜੁਰਮ ਕਬੂਲ ਕਰ ਲਿਆ ਹੈ। ਮਿਸ਼ਰਾ ਸੀ.ਬੀ.ਆਈ. ਤੋਂ ਇੰਨੇ ਨਾਰਾਜ਼ ਨਜ਼ਰ ਆਏ ਕਿ ਉਨ੍ਹਾਂ ਕਿਹਾ ਕਿ ਕਿਸੇ ਵੀ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਨਹੀਂ ਹੋਣੀ ਚਾਹੀਦੀ।
ਮਿਸ਼ਰਾ ਨੇ ਕਿਹਾ ਕਿ ਨਿਠਾਰੀ ਕਾਂਡ ’ਚ ਜਿਨ੍ਹਾਂ ਲੋਕਾਂ ਦੇ ਬੱਚੇ ਮਾਰੇ ਗਏ ਹਨ, ਉਹ ਬਹੁਤ ਗਰੀਬ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਪੀੜਤ ਪਰਵਾਰਾਂ ਨੇ ਨੋਇਡਾ ਛੱਡ ਕੇ ਅਪਣੇ ਜੱਦੀ ਪਿੰਡਾਂ ਨੂੰ ਚਲੇ ਗਏ ਹਨ ਕਿਉਂਕਿ ਉਹ ਬੇਰੁਜ਼ਗਾਰ ਹੋ ਗਏ ਹਨ। ਮਿਸ਼ਰਾ ਨੇ ਕਿਹਾ ਕਿ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਉਹ ਨਿਠਾਰੀ ਕਾਂਡ ਦੇ ਪੀੜਤ ਪਰਵਾਰਾਂ ਨਾਲ ਮੀਟਿੰਗ ਕਰ ਕੇ ਭਵਿੱਖ ਦੀ ਰਣਨੀਤੀ ਤੈਅ ਕਰਨਗੇ। ਬਦਨਾਮ ਨਿਠਾਰੀ ਕਤਲੇਆਮ 2005 ਅਤੇ 2006 ਵਿਚਕਾਰ ਹੋਇਆ ਸੀ ਅਤੇ ਦਸੰਬਰ 2006 ’ਚ ਨਿਠਾਰੀ, ਨੋਇਡਾ ’ਚ ਇਕ ਘਰ ਦੇ ਨੇੜੇ ਇਕ ਨਾਲੇ ’ਚ ਮਨੁੱਖੀ ਪਿੰਜਰ ਮਿਲੇ ਸਨ, ਉਦੋਂ ਚਰਚਾ ’ਚ ਆਇਆ ਸੀ। ਮੋਨਿੰਦਰ ਪੰਧੇਰ ਉਸ ਘਰ ਦਾ ਮਾਲਕ ਸੀ ਤੇ ਕੋਲੀ ਉਸ ਦਾ ਨੌਕਰ ਸੀ।
ਜਾਂਚ ਬਹੁਤ ਖ਼ਰਾਬੀ ਤਰੀਕੇ ਨਾਲ ਕੀਤੀ ਗਈ ਅਤੇ ਸਬੂਤ ਇਕੱਠੇ ਕਰਨ ’ਚ ਮੁਢਲੇ ਨਿਯਮਾਂ ਦੀ ਉਲੰਘਣਾ ਹੋਈ : ਅਦਾਲਤ
ਪ੍ਰਯਾਗਰਾਜ: ਇਲਾਹਾਬਾਦ ਹਾਈ ਕੋਰਟ ਨੇ ਸੋਮਵਾਰ ਨੂੰ ਨੋਇਡਾ ਦੇ ਬਹੁਚਰਚਿਤ ਨਿਠਾਰੀ ਮਾਮਲੇ ਵਿਚ ਮੁਲਜ਼ਮ ਸੁਰਿੰਦਰ ਕੋਲੀ ਅਤੇ ਮਨਿੰਦਰ ਸਿੰਘ ਪੰਧੇਰ ਨੂੰ ਵੱਡੀ ਰਾਹਤ ਦਿੰਦੇ ਹੋਏ ਬਰੀ ਕਰ ਦਿਤਾ ਹੈ। ਇਸ ਤੋਂ ਪਹਿਲਾਂ ਗਾਜ਼ੀਆਬਾਦ ਦੀ ਸੀ.ਬੀ.ਆਈ. ਅਦਾਲਤ ਨੇ ਕੋਹਲੀ ਅਤੇ ਪੰਧੇਰ ’ਤੇ ਕੁੜੀਆਂ ਨਾਲ ਬਲਾਤਕਾਰ ਅਤੇ ਕਤਲ ਦੇ ਦੋਸ਼ ਤੈਅ ਕਰ ਕੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਐਸ.ਐਚ.ਏ. ਰਿਜ਼ਵੀ ਦੀ ਬੈਂਚ ਨੇ ਕੋਹਲੀ ਅਤੇ ਪੰਧੇਰ ਦੀ ਅਪੀਲ ’ਤੇ ਇਹ ਹੁਕਮ ਸੁਣਾਇਆ। ਪੰਧੇਰ ਅਤੇ ਕੋਲੀ ਨੇ ਗਾਜ਼ੀਆਬਾਦ ਸੀ.ਬੀ.ਆਈ. ਅਦਾਲਤ ਦੇ ਫ਼ੈਸਲੇ ਨੂੰ ਹਾਈ ਕੋਰਟ ’ਚ ਚੁਨੌਤੀ ਦਿਤੀ ਸੀ।
ਅਦਾਲਤ ਨੇ ਕਿਹਾ ਕਿ ਇਸਤਗਾਸਾ ਪੱਖ ਅਪਣੇ ਕੇਸ ਨੂੰ ਵਾਜਬ ਸ਼ੱਕ ਤੋਂ ਪਰੇ ਸਾਬਤ ਕਰਨ ’ਚ ਅਸਫਲ ਰਿਹਾ। ਇਲਾਹਾਬਾਦ ਹਾਈ ਕੋਰਟ ਨੇ ਕਿਹਾ ਕਿ ਜਾਂਚ ਬਹੁਤ ਖ਼ਰਾਬੀ ਤਰੀਕੇ ਨਾਲ ਕੀਤੀ ਗਈ ਅਤੇ ਸਬੂਤ ਇਕੱਠੇ ਕਰਨ ’ਚ ਮੁਢਲੇ ਨਿਯਮਾਂ ਦੀ ਉਲੰਘਣਾ ਹੋਈ। ਅਦਾਲਤ ਨੇ ਕਿਹਾ ਕਿ ਅਪਰਾਧ ਬਾਰੇ ਇਸਤਗਾਸਾ ਪੱਖ ਦਾ ਰੁਖ ਸਮੇਂ-ਸਮੇਂ ’ਤੇ ਬਦਲਦਾ ਰਿਹਾ ਅਤੇ ਜਿਸ ਤਰੀਕੇ ਨਾਲ ਖਾਸ ਤੌਰ ’ਤੇ ਪੀੜਤ ‘ਏ’ ਦੇ ਲਾਪਤਾ ਹੋਣ ਦੀ ਜਾਂਚ ਕੀਤੀ ਗਈ, ਅਸੀਂ ਉਸ ਤੋਂ ਨਿਰਾਸ਼ ਹਾਂ।
ਪੰਧੇਰ ਦੀ ਵਕੀਲ ਮਨੀਸ਼ਾ ਭੰਡਾਰੀ ਨੇ ਫ਼ੋਨ ’ਤੇ ਪੀ.ਟੀ.ਆਈ. ਨੂੰ ਦਸਿਆ, ‘‘ਇਲਾਹਾਬਾਦ ਹਾਈ ਕੋਰਟ ਦੇ ਹੁਕਮ ਨਾਲ ਪੰਧੇਰ ਲਈ ਗਾਜ਼ੀਆਬਾਦ ਦੀ ਜੇਲ ਤੋਂ ਬਾਹਰ ਨਿਕਲਣ ਦਾ ਰਾਹ ਪੱਧਰਾ ਹੋ ਸਕਦਾ ਹੈ।’’ ਹਾਲਾਂਕਿ ਕੋਲੀ ਦੇ ਜੇਲ ’ਚ ਹੀ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਉਹ ਇਕ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਨਵੀਂ ਦਿੱਲੀ ’ਚ ਸੀ.ਬੀ.ਆਈ. ਦੇ ਇਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਇਸ ਫੈਸਲੇ ਦੀ ਕਾਪੀ ਦੀ ਉਡੀਕ ਕਰ ਰਹੀ ਹੈ ਅਤੇ ਉਸ ਨੂੰ ਪੜ੍ਹਨ ਤੋਂ ਬਾਅਦ ਅਗਲੇ ਕਦਮ ’ਤੇ ਫੈਸਲਾ ਕਰੇਗੀ।
ਗਾਜ਼ੀਆਬਾਦ ਦੀ ਇਕ ਜੇਲ ’ਚ ਬੰਦ ਕੋਲੀ ਨੂੰ 12 ਮਾਮਲਿਆਂ ’ਚ ਫਾਂਸੀ ਦੀ ਸਜ਼ਾ ਹੋਈ ਸੀ, ਜਿਸ ਵਿਰੁਧ ਅਪੀਲ ’ਤੇ ਇਲਾਹਾਬਾਦ ਹਾਈ ਕੋਰਟ ਵਲੋਂ ਸੁਣਵਾਈ ਕੀਤੀ ਜਾ ਰਹੀ ਸੀ। ਉਸ ਦਾ ਸਾਬਕਾ ਮਾਲਕ ਪੰਧੇਰ ਨੋਇਡਾ ਦੀ ਇਕ ਜੇਲ ’ਚ ਬੰਦ ਹੈ ਅਤੇ ਉਸ ਨੂੰ ਦੋ ਮਾਮਲਿਆਂ ’ਚ ਫਾਂਸੀ ਦੀ ਸਜ਼ਾ ਹੋਈ ਸੀ।
ਇਨ੍ਹਾਂ ਦੋਹਾਂ ’ਤੇ ਜਬਰ ਜਨਾਹ ਅਤੇ ਕਤਲ ਦੇ ਦੋਸ਼ ਤੈਅ ਕੀਤੇ ਗਏ ਸਨ ਅਤੇ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਕੁਲ ਮਿਲਾ ਕੇ ਪੰਧੇਰ ਅਤੇ ਕੋਲੀ ਵਿਰੁਧ 2007 ਦੇ 19 ਮਾਮਲੇ ਦਰਜ ਕੀਤੇ ਗਏ ਸਨ। ਤਿੰਨ ਮਾਮਲਿਆਂ ’ਚ ਸਬੂਤਾਂ ਦੀ ਕਮੀ ਕਾਰਨ ‘ਕਲੋਜ਼ਰ ਰੀਪੋਰਟ’ ਦਾਖ਼ਲ ਕੀਤੀ ਗਈ ਸੀ।
ਬਾਕੀ ਦੇ 16 ਮਾਮਲਿਆਂ ’ਚੋਂ ਕੋਲੀ ਨੂੰ ਪਹਿਲਾਂ ਤਿੰਨ ਮਾਮਲਿਆਂ ’ਚ ਬਰੀ ਕੀਤਾ ਗਿਆ ਸੀ ਅਤੇ ਹਿਕ ਮਾਮਲੇ ’ਚ ਉਸ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲ ਦਿਤਾ ਗਿਆ ਸੀ। ਹਾਈ-ਪ੍ਰੋਫ਼ਾਈਲ ਨਿਠਾਰੀ ਕੇਸ 2005 ਅਤੇ 2006 ਦੇ ਵਿਚਕਾਰ ਹੋਇਆ ਸੀ ਅਤੇ ਉਸ ਸਮੇਂ ਚਰਚਾ ’ਚ ਆਇਆ ਜਦੋਂ ਦਸੰਬਰ 2006 ’ਚ ਨਿਠਾਰੀ, ਨੋਇਡਾ ’ਚ ਇਕ ਘਰ ਦੇ ਨੇੜੇ ਇਕ ਡਰੇਨ ’ਚ ਮਨੁੱਖੀ ਪਿੰਜਰ ਮਿਲੇ ਸਨ। ਮੋਨਿੰਦਰ ਪੰਧੇਰ ਉਸ ਘਰ ਦਾ ਮਾਲਕ ਸੀ ਤੇ ਕੋਹਲੀ ਉਸ ਦਾ ਨੌਕਰ ਸੀ। ਬਾਅਦ ’ਚ, ਮਾਮਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ. ਨੇ ਸੁਰਿੰਦਰ ਕੋਹਲੀ ਵਿਰੁਧ ਕਤਲ, ਅਗ਼ਵਾ, ਬਲਾਤਕਾਰ ਅਤੇ ਸਬੂਤ ਨਸ਼ਟ ਕਰਨ ਅਤੇ ਪੰਧੇਰ ਵਿਰੁਧ ਅਨੈਤਿਕ ਮਨੁੱਖੀ ਤਸਕਰੀ ਦੇ 16 ਮਾਮਲਿਆਂ ’ਚ ਚਾਰਜਸ਼ੀਟ ਦਾਇਰ ਕੀਤੀ। ਹਾਈ ਕੋਰਟ ਨੇ ਸਬੂਤਾਂ ਦੀ ਘਾਟ ਕਾਰਨ ਦੋਹਾਂ ਨੂੰ ਸਾਰੇ ਕੇਸਾਂ ’ਚੋਂ ਬਰੀ ਕਰ ਦਿਤਾ।