
ਆਈਆਈਟੀ ਕਾਨਪੁਰ, ਆਈਆਈਟੀ ਮਦਰਾਸ ਅਤੇ ਆਈਆਈਟੀ ਬੰਬੇ ਅਕਸਰ ਪ੍ਰਦਰਸ਼ਨਾਂ ਵਿਚ ਸ਼ਾਮਲ ਨਹੀਂ ਹੁੰਦੇ ਅਤੇ ਇਹਨਾਂ ਤੋਂ ਦੂਰ ਹੀ ਰਹਿੰਦੇ ਹਨ
ਨਵੀਂ ਦਿੱਲੀ: ਦੇਸ਼ ਦੀਆਂ ਤਿੰਨ ਵੱਕਾਰੀ ਵਿਦਿਅਕ ਸੰਸਥਾਵਾਂ (ਆਈਆਈਟੀ) ਦੇ ਵਿਦਿਆਰਥੀਆਂ ਨੇ ਜਾਮਿਆ ਮਿਲਿਆ ਇਸਲਾਮਿਆ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਖਿਲਾਫ ਪੁਲਿਸ ਦੀ ਕਾਰਵਾਈ ਦਾ ਸੋਮਵਾਰ ਨੂੰ ਭਾਰੀ ਵਿਰੋਧ ਕੀਤਾ। ਆਈਆਈਟੀ ਕਾਨਪੁਰ, ਆਈਆਈਟੀ ਮਦਰਾਸ ਅਤੇ ਆਈਆਈਟੀ ਬੰਬੇ ਅਕਸਰ ਪ੍ਰਦਰਸ਼ਨਾਂ ਵਿਚ ਸ਼ਾਮਲ ਨਹੀਂ ਹੁੰਦੇ ਅਤੇ ਇਹਨਾਂ ਤੋਂ ਦੂਰ ਹੀ ਰਹਿੰਦੇ ਹਨ ਪਰ ਇਸ ਵਾਰ ਉਹਨਾਂ ਨੇ ਵਿਦਿਆਰਥੀਆਂ ‘ਤੇ ਪੁਲਿਸ ਦੀ ਕਾਰਵਾਈ ਦਾ ਵਿਰੋਧ ਕੀਤਾ ਹੈ।
ਆਈਆਈਟੀ ਕਾਨਪੁਰ ਦੇ ਵਿਦਿਆਰਥੀਆਂ ਵੱਲੋਂ ਲਗਾਏ ਗਏ ਪੋਸਟਰ ਵਿਚ ਲਿਖਿਆ ਹੈ, ‘ਉਹਨਾਂ ਨੇ ਯਾਦਵਪੁਰ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੇ ਪ੍ਰਦਰਸ਼ਨ ‘ਤੇ ਕਾਰਵਾਈ ਕੀਤੀ। ਅਸੀਂ ਕੁਝ ਨਹੀਂ ਬੋਲੇ। ਉਹਨਾਂ ਨੇ ਐਮਟੈੱਕ ਦੀ ਫੀਸ ਵਧਾ ਦਿੱਤੀ, ਅਸੀਂ ਕੁਝ ਨਹੀਂ ਬੋਲੇ ਅਤੇ ਹੁਣ ਜੇਐਮਆਈ ਅਤੇ ਏਐਮਯੂ ਦੇ ਨਾਲ ਇਹ ਹੋਇਆ।
ਜੇਕਰ ਅਸੀਂ ਹੁਣ ਵੀ ਕੁਝ ਨਾ ਬੋਲੇ ਤਾਂ ਵਿਦਿਆਰਥੀਆਂ ਪ੍ਰਤੀ ਸਾਡੀ ਵਚਨਬੱਧਤਾ ‘ਤੇ ਗੰਭੀਰ ਸਵਾਲ ਖੜ੍ਹੇ ਹੋਣਗੇ। ਇਸ ਲਈ ਆਓ, ਜਮਿਆ ਮਿਲਿਆ ਇਸਲਾਮਿਆ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ ਇਕਜੁੱਟ ਹੋਈਏ। ਵਿਦਿਆਰਥੀਆਂ ਨੇ ਮੰਗਲਵਾਰ ਨੂੰ ਪਰੀਸ਼ਦ ਵਿਚ ਮਾਰਚ ਕੱਢਣ ਦਾ ਐਲਾਨ ਕੀਤਾ ਹੈ।
ਇਸੇ ਤਰ੍ਹਾਂ ਆਈਆਈਟੀ ਮਦਰਾਸ ਨੇ ਵੀ ਰੈਲੀ ਅਤੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਆਈਆਈਟੀ ਬੰਬੇ ਨੇ ਐਤਵਾਰ ਰਾਤ ਨੂੰ ਵੀ ਪ੍ਰਦਰਸ਼ਨ ਕੀਤਾ ਸੀ।ਉੱਥੇ ਹੀ ਦਿੱਲੀ ਯੂਨੀਵਰਸਿਟੀ ਦੇ ਕਈ ਵਿਦਿਆਰਥੀਆਂ ਨੇ ਨਾਗਰਿਕਤਾ ਕਾਨੂੰਨ ਖਿਲਾਫ ਪ੍ਰਦਰਸ਼ਨ ਕਰ ਰਹੇ ਜਾਮਿਆ ਅਤੇ ਅਲੀਗੜ੍ਹ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨਾਲ ਇਕਜੁੱਟਤਾ ਦਿਖਾਉਣ ਲਈ ਸੋਮਵਾਰ ਨੂੰ ਪ੍ਰੀਖਿਆਵਾਂ ਦਾ ਬਾਈਕਾਟ ਕਰਕੇ ਪ੍ਰਦਰਸ਼ਨ ਕੀਤਾ।
ਸੂਤਰਾਂ ਅਨੁਸਾਰ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੇ ਵਿਦਿਆਰਥੀਆਂ ਨੇ ਜਾਮਿਆ ਦੀ ਸਥਿਤੀ ਦਾ ਹਵਾਲਾ ਦੇ ਕੇ ਐਤਵਾਰ ਰਾਤ ਅਪਣੇ ਪ੍ਰੋਫੈਸਰਾਂ ਨੂੰ ਚਿੱਠੀ ਲਿਖ ਕੇ ਪ੍ਰੀਖਿਆਵਾਂ ਨੂੰ ਟਾਲਣ ਦੀ ਅਪੀਲ ਕੀਤੀ ਸੀ।