
ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੇ ਸਨ ਵਿਦਿਆਰਥੀ
ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਰੋਸ ਮਜ਼ਾਹਰਿਆਂ ਦੌਰਾਨ ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀਆਂ ਨੂੰ 6 ਘੰਟੇ ਹਿਰਾਸਤ ਵਿਚ ਰੱਖਣ ਤੋਂ ਬਾਅਦ ਦਿੱਲੀ ਪੁਲਿਸ ਨੇ ਸੋਮਵਾਰ ਤੜਕੇ ਰਿਹਾਅ ਕਰ ਦਿੱਤਾ ਹੈ। ਕੱਲ੍ਹ ਐਤਵਾਰ ਪ੍ਰਦਰਸ਼ਨ ਦੇ ਦੌਰਾਨ ਪੁਲਿਸ ਨੇ ਤਿੱਖੀਆਂ ਝੜਪਾ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲੈ ਲਿਆ ਸੀ।
Photo
ਨਵੇਂ ਸੋਧ ਕਾਨੂੰਨ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਦੀ ਜਾਮੀਆ ਇਸਲਾਮੀਆ ਨੇੜੇ ਨਿਊ ਫ਼ਰੈਂਡਜ਼ ਕਾਲੋਨੀ ਵਿਚ ਪੁਲਿਸ ਨਾਲ ਝੜਪ ਹੋ ਗਈ ਸੀ ਜਿਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਡੀਟੀਸੀ ਦੀਆਂ ਚਾਰ ਬੱਸਾਂ ਤੇ ਪੁਲਿਸ ਦੀਆਂ ਦੋ ਗੱਡੀਆਂ ਨੂੰ ਅੱਗ ਲਗਾ ਦਿੱਤੀ ਸੀ। ਇਸ ਝੜਪ ਵਿਚ ਵਿਦਿਆਰਥੀਆਂ ,ਪੁਲਿਸ ਅਧਿਕਾਰੀਆਂ ਅਤੇ ਫ਼ਾਇਰ ਬ੍ਰਿਗੇਡ ਦੇ ਕਰਮਚਾਰੀਆਂ ਸਣੇ 60 ਵਿਅਕਤੀ ਜਖ਼ਮੀ ਹੋ ਗਏ ਸਨ।
Photo
ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਇਹ ਹੰਗਾਮਾ ਹੋਇਆ। ਦਰਅਸਲ ਪੁਲਿਸ ਕੱਲ੍ਹ ਯੂਨੀਵਰਸਿਟੀ ਵਿਚ ਦਾਖਲ ਹੋਈ ਅਤੇ ਉਸ ਤੋਂ ਬਾਅਦ ਕਥਿਤ ਤੌਰ ਉੱਤੇ ਹਿੰਸਾ ਵਿਚ ਸ਼ਾਮਲ ਕਈ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ। ਦੱਖਣ-ਪੂਰਬੀ ਦਿੱਲੀ ਦੇ ਡਿਪਟੀ ਕਮਿਸ਼ਨਰ ਚਿਨਮਯਲ ਬਿਸਵਾਲ ਨੇ ਦੱਸਿਆ ਕਿ ਹਿਰਾਸਤ 'ਚ ਲਏ ਗਏ 35 ਵਿਦਿਆਰਥੀਆੰ ਨੂੰ ਕਾਲਕਾਜੀ ਪੁਲਿਸ ਥਾਣੇ 'ਚੋਂ ਰਿਹਾਅ ਕਰ ਦਿੱਤਾ ਗਿਆ ਹੈ। ਇੰਝ ਹੀ ਫਰੈਂਡਜ਼ ਕਾਲੋਨੀ ਥਾਣੇ 'ਚੋਂ ਵੀ 16 ਵਿਦਿਆਰਥੀ ਰਿਹਾਅ ਕੀਤੇ ਗਏ ਹਨ।
Photo
ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਦੱਖਣੀ ਦਿੱਲੀ ਵਿਖੇ ਹੋਏ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਜਾਮੀਆ ਦੇ ਵਿਦਿਆਰਥੀ ਉੱਤੇ ਹੋਈ ਪੁਲਿਸ ਦੀ ਕਾਰਵਾਈ ਦੇ ਵਿਰੋਧ ਵਿਚ ਸੈਕੜੇ ਵਿਦਿਆਰਥੀ ਦਿੱਲੀ ਪੁਲਿਸ ਹੈੱਡਕੁਆਰਟਰਜ਼ ਦੇ ਸਾਹਮਣੇ ਪ੍ਰਦਰਸ਼ਨ ਲਈ ਇਕਠੇ ਹੋ ਗਏ ਸਨ। ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲਏ ਜਾਣ ਦੇ ਵਿਰੋਧ ਵਿਚ ਜਾਮੀਆ ਦੇ ਵਿਦਿਆਰਥੀਆਂ ਨੇ ਪੁਲਿਸ ਹੈੱਡਕੁਆਰਟਰਜ਼ ਦੇ ਸਾਹਮਣੇ ਦੇਰ ਰਾਤ ਤੱਕ ਪ੍ਰਦਰਸ਼ਨ ਕੀਤਾ ਸੀ।