
ਦਿੱਲੀ ਵਿਚ ਭੜਕ ਉਠੀ ਹਿੰਸਾ, ਕਈ ਜ਼ਖ਼ਮੀ। ਪ੍ਰਦਰਸ਼ਨਕਾਰੀਆਂ ਨੇ ਬਸਾਂ ਫੂਕੀਆਂ, ਪੁਲਿਸ ਵਲੋਂ ਲਾਠੀਚਾਰਜ, ਅੱਥਰੂ ਗੈਸ, 13 ਮੈਟਰੋ ਸਟੇਸ਼ਨ ਬੰਦ
ਨਵੀਂ ਦਿੱਲੀ: ਸੋਧੇ ਹੋਏ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਦੀ ਐਤਵਾਰ ਨੂੰ ਪੁਲਿਸ ਨਾਲ ਹਿੰਸਕ ਝੜਪ ਹੋ ਗਈ। ਪ੍ਰਦਰਸ਼ਨਕਾਰੀਆਂ ਨੇ ਦੱਖਣ ਪੂਰਬੀ ਦਿੱਲੀ ਦੀ ਨਿਊ ਫ਼ਰੈਂਡਜ਼ ਕਾਲੋਨੀ ਵਿਚ ਡੀਟੀਸੀ ਦੀਆਂ ਕਈ ਬਸਾਂ ਅਤੇ ਇਕ ਗੱਡੀ ਵਿਚ ਅੱਗ ਲਾ ਦਿਤੀ। ਪੁਲਿਸ ਮੁਤਾਬਕ ਇਸ ਹਿੰਸਕ ਪ੍ਰਦਰਸ਼ਨ ਵਿਚ ਸਿਪਾਹੀ ਅਤੇ ਦੋ ਅੱਗ ਬੁਝਾਊ ਕਾਮੇ ਜ਼ਖ਼ਮੀ ਹੋ ਗਏ। ਅੱਗ ਨਾਲ ਘੱਟੋ ਘੱਟ ਚਾਰ ਬਸਾਂ ਅਤੇ ਦੋ ਪੁਲਿਸ ਵਾਹਨ ਪੂਰੀ ਤਰ੍ਹਾਂ ਨੁਕਸਾਨੇ ਗਏ।
ਇਹ ਝੜਪ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਹੋਈ। ਪ੍ਰਦਰਸ਼ਨਾਂ ਮਗਰੋਂ ਦਿੱਲੀ ਪੁਲਿਸ ਨੇ ਯੂਨੀਵਰਸਿਟੀ 'ਤੇ 'ਧਾਵਾ' ਬੋਲ ਦਿਤਾ ਅਤੇ ਭੀੜ ਨੂੰ ਖਿੰਡਾਉਣ ਲਈ ਹੰਝੂ ਗੈਸ ਦੇ ਗੋਲੇ ਛੱਡੇ। ਮੁਜ਼ਾਹਰਾ ਕਰ ਰਹੇ ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀਆਂ ਅਤੇ ਪੁਲਿਸ ਵਿਚਾਲੇ ਸੰਘਰਸ਼ ਮਗਰੋਂ ਦੱਖਣ ਪੂਰਬੀ ਦਿੱਲੀ ਦੇ ਮਥੁਰਾ ਰੋਡ 'ਤੇ ਹਿੰਸਾ ਭੜਕ ਉਠੀ।
ਪ੍ਰਤੱਖਦਰਸ਼ੀ ਨੇ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀਆਂ ਨੇ ਮੋਟਰਸਾਈਕਲ ਵਿਚੋਂ ਪਟਰੌਲ ਕਢਿਆ ਜਿਸ ਨਾਲ ਬਸਾਂ ਨੂੰ ਅੱਗ ਲਾ ਦਿਤੀ। ਉਧਰ, ਜਾਮੀਆ ਮਿਲੀਆ ਵਿਦਿਆਰਥੀਆਂ ਨੇ ਬਿਆਨ ਜਾਰੀ ਕਰ ਕੇ ਨਾਗਰਿਕਤਾ ਕਾਨੂੰਨ ਵਿਰੁਧ ਪ੍ਰਦਰਸ਼ਨ ਦੌਰਾਨ ਵਾਪਰੀ ਹਿੰਸਾ ਤੋਂ ਖ਼ੁਦ ਨੂੰ ਵੱਖ ਕਰ ਲਿਆ। ਝੜਪ ਕਾਰਨ ਆਵਾਜਾਈ ਰੁਕ ਗਈ ਅਤੇ ਸੜਕਾ 'ਤੇ ਵਾਹਨ ਕਈ ਘੰਟਿਆਂ ਤਕ ਫਸੇ ਰਹੇ।
ਪ੍ਰਦਰਸ਼ਨਕਾਰੀਆਂ ਦੀ ਹਿੰਸਾ ਵਿਚ ਅੱਗ ਬੁਝਾਊ ਵਿਭਾਗ ਦੀ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਦੋ ਮੁਲਾਜ਼ਮ ਜ਼ਖ਼ਮੀ ਹੋ ਗਏ। ਕੁੱਝ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦ ਉਹ ਸ਼ਾਂਤੀਪੂਰਨ ਤਰੀਕੇ ਨਾਲ ਅੰਦੋਲਨ ਕਰ ਰਹੇ ਸਨ ਤਾਂ ਪੁਲਿਸ ਨੇ ਉਨ੍ਹਾਂ 'ਤੇ ਲਾਠੀਚਾਰਜ ਕੀਤਾ। ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕੀਤਾ ਅਤੇ ਹੰਝੂ ਗੈਸ ਦੇ ਗੋਲੇ ਛੱਡੇ।
ਇਕ ਵਿਦਿਆਰਥੀ ਨੇ ਦਾਅਵਾ ਕੀਤਾ ਕਿ ਪੁਲਿਸ ਮੁਲਾਜ਼ਮਾਂ ਦੁਆਰਾ ਲਾਠੀਚਾਰਜ ਕਰਨ ਮਗਰੋਂ ਕੁੱਝ ਪ੍ਰਦਰਸ਼ਨਕਾਰੀਆਂ ਨੇ ਬਸਾਂ ਵਿਚ ਅੱਗ ਲਾ ਦਿਤੀ ਅਤੇ ਭੰਨਤੋੜ ਕੀਤੀ। ਪੁਲਿਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਬਸਾਂ ਨੂੰ ਅੱਗ ਲਾ ਦਿਤੀ ਅਤੇ ਅੱਗ ਬੁਝਾਊ ਗੱਡੀ ਫੂਕ ਦਿਤੀ। ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ।
ਦਿੱਲੀ ਅੱਗ ਬੁਝਾਊ ਸੇਵਾ ਦੇ ਅਧਿਕਾਰੀ ਨੇ ਕਿਹਾ ਕਿ ਘਟਨਾ ਸਥਾਨ 'ਤੇ ਅੱਗ ਬੁਝਾਊ ਵਿਭਾਗ ਦੀਆਂ ਚਾਰ ਗੱਡੀਆਂ ਭੇਜੀਆਂ ਗਈਆਂ। ਉਧਰ, ਦਿੱਲੀ ਪੁਲਿਸ ਜਾਮੀਆ ਯੂਨੀਵਰਸਿਟੀ ਪੁੱਜੀ ਅਤੇ ਯੂਨੀਵਰਸਿਟੀ ਦੇ ਦਰਵਾਜ਼ਿਆਂ ਨੂੰ ਬੰਦ ਕਰ ਦਿਤਾ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਹਿੰਸਕ ਪ੍ਰਦਰਸ਼ਨਾਂ ਨੂੰ ਵੇਖਦਿਆਂ ਸ਼ਾਮ ਨੂੰ ਸੁਖਦੇਵ ਵਿਹਾਰ ਮੈਟਰੋ ਸਟੇਸ਼ਨ ਦਾ ਗੇਟ ਬੰਦ ਕਰ ਦਿਤਾ।
ਸ਼ਾਮ ਸਮੇਂ ਤਿੰਨ ਹੋਰ ਮੈਟਰੋ ਸਟੇਸ਼ਨ ਬੰਦ ਕਰ ਦਿਤੇ ਗਏ। ਕਾਂਗਰਸ ਨਾਲ ਸਬੰਧਤ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ ਦੇ ਸਕੱਤਰ ਸਿਮਾਨ ਫ਼ਾਰੂਕੀ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਸ਼ਾਂਤਮਈ ਢੰਗ ਨਾਲ ਮਥੁਰਾ ਰੋਡ 'ਤੇ ਬੈਠੇ ਸਨ ਤਾਂ ਪੁਲਿਸ ਨੇ ਉਨ੍ਹਾਂ ਵਿਚੋਂ ਕੁੱਝ ਨੂੰ ਤੰਗ ਕਰਨ ਦਾ ਯਤਨ ਕੀਤਾ ਜਿਸ ਦਾ ਵਿਦਿਆਰਥੀਆਂ ਨੇ ਵਿਰੋਧ ਕੀਤਾ।
ਦੱਖਣ ਪੂਰਬੀ ਦਿੱਲੀ ਦੇ ਸਾਰੇ ਸਕੂਲ ਅੱਜ ਬੰਦ
ਉਪ ਮੁੱਖੀ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦੱਖਣ ਪੂਰਬੀ ਦਿੱਲੀ ਦੇ ਸਰਕਾਰੀ ਅਤੇ ਨਿਜੀ ਸਾਰੇ ਸਕੂਲ ਸੋਮਵਾਰ ਨੂੰ ਬੰਦ ਰਹਿਣਗੇ। ਉਨ੍ਹਾਂ ਦਸਿਆ ਕਿ ਜਾਮੀਆ, ਓਖਲਾ, ਨਿਊ ਫ਼ਰੈਂਡਜ਼ ਕਾਲੋਨੀ ਅਤੇ ਮਦਨਪੁਰ ਖਾਦਰ ਸਮੇਤ ਦੱਖਣ ਪੂਰਬੀ ਜ਼ਿਲ੍ਹੇ ਦੇ ਇਲਾਕਿਆਂ ਦੇ ਸਾਰੇ ਸਕੂਲ ਸੋਮਵਾਰ ਨੂੰ ਬੰਦ ਰਹਿਣਗੇ। ਟੀਬੀ ਨਗਰ, ਸ਼ਿਵਾਜੀ ਸਟੇਡੀਅਮ, ਪਟੇਲ ਚੌਕ, ਯੂਨੀਵਰਸਿਟੀ, ਬਸੰਤ ਵਿਹਾਰ, ਮੁਨਿਰਕਾ, ਆਰ ਕੇ ਪੁਰਮ ਮੈਟਰੋ ਸਟੇਸ਼ਨਾਂ ਦੇ ਗੇਟ ਬੰਦ ਕਰ ਦਿਤੇ ਗਏ ਹਨ।
ਹਿੰਸਕ ਘਟਨਾ ਮਗਰੋਂ ਪੁਲਿਸ ਜਾਮੀਆ ਮਿਲੀਆ ਯੂਨੀਵਰਸਿਟੀ ਵਿਚ ਦਾਖ਼ਲ ਹੋਈ। ਯੂਨੀਵਰਸਿਟੀ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਕੁੱਟਮਾਰ ਕੀਤੀ। ਪ੍ਰਸ਼ਾਸਨ ਨੇ ਇਹ ਵੀ ਕਿਹਾ ਕਿ ਹਿੰਸਕ ਘਟਨਾਵਾਂ ਵਿਚ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਾਮਲ ਨਹੀਂ ਹਨ। ਯੂਨੀਵਰਸਿਟੀ ਅਧਿਕਾਰੀਆਂ ਮੁਤਾਬਕ ਪੁਲਿਸ ਨੂੰ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿਤੀ ਗਈ ਸੀ।
ਵਿਦਿਆਰਥੀਆਂ ਨੇ ਪੁਲਿਸ ਦੇ ਹੈਡਕੁਆਰਟਰ ਨੂੰ ਘੇਰਿਆ
ਪ੍ਰਦਰਸ਼ਨਕਾਰੀਆਂ ਨੇ ਪੁਲਿਸ ਕਾਰਵਾਈ ਦੇ ਵਿਰੋਧ ਵਿਚ ਰਾਤ ਨੂੰ ਦਿੱਲੀ ਪੁਲਿਸ ਦੇ ਮੁੱਖ ਦਫ਼ਤਰ ਨੂੰ ਘੇਰਾ ਪਾ ਲਿਆ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਦਿੱਲੀ ਵਾਸੀਆਂ ਅਤੇ ਹੋਰ ਵਿਦਿਆਰਥੀਆਂ ਨੂੰ ਦਿੱਲੀ ਪੁਲਿਸ ਮੁੱਖ ਦਫ਼ਤਰ ਦੇ ਬਾਹਰ ਰਾਤ 89 ਵਜੇ ਜਮ੍ਹਾਂ ਹੋਣ ਦੀ ਅਪੀਲ ਕੀਤੀ ਸੀ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਰਾਤ 8.30 ਵਜੇ ਸਾਬਰਮਤੀ ਢਾਬੇ ਲਾਗੇ ਇਕੱਠੇ ਹੋਣ ਲਈ ਕਿਹਾ ਗਿਆ ਸੀ।