
ਧਰਨੇ 'ਚ ਟਾਈਟਲਰ ਦੀ ਹਾਜ਼ਰੀ ਰੜਕੀ
ਨਵੀਂ ਦਿੱਲੀ : ਪੂਰਬੀ ਰਾਜਾਂ ਤੋਂ ਨਾਗਰਿਕਤਾ ਸੋਧ ਕਾਨੂੰਨ ਵਿਰੁਧ ਜਾਰੀ ਹੋਏ ਰੋਸ ਪ੍ਰਦਰਸ਼ਨ ਬੀਤੇ ਦਿਨੀਂ ਦਿੱਲੀ ਪਹੁੰਚ ਚੁੱਕੇ ਹਨ। ਦਿੱਲੀ ਵਿਖੇ ਸਥਿਤ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਪੁਲਿਸ ਦਰਮਿਆਨ ਹੋਈਆਂ ਝੜਪਾਂ ਤੋਂ ਬਾਅਦ ਰੋਸ ਪ੍ਰਦਰਸ਼ਨ ਜਾਰੀ ਹਨ। ਇਸੇ ਦੌਰਾਨ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਵੀ ਇੰਡੀਆ ਗੇਟ ਵਿਖੇ ਧਰਨਾ ਦਿਤਾ। ਪ੍ਰਿਅੰਕਾ ਦੇ ਨਾਲ ਧਰਨੇ 'ਤੇ ਸਾਬਕਾ ਰੱਖਿਆ ਮੰਤਰੀ ਏਕੇ ਐਂਟਨੀ, ਪੀਐਲ ਪੁਨੀਆ, ਅਹਿਮਦ ਪਟੇਲ ਅਤੇ ਅੰਬਿਕਾ ਸੋਨੀ ਵਰਗੇ ਸੀਨੀਅਰ ਆਗੂ ਵੀ ਬੈਠੇ ਹਨ।
Photo
ਇਸ ਮਸਲੇ 'ਤੇ ਕੇਂਦਰ ਸਰਕਾਰ ਖਿਲਾਫ਼ ਹਮਲਾ ਬੋਲਦਿਆਂ ਪ੍ਰਿਅੰਕਾ ਵਾਂਡਰਾ ਨੇ ਕਿਹਾ ਕਿ ਦੇਸ਼ ਦਾ ਮਾਹੌਲ ਖ਼ਰਾਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਯੂਨਵਰਸਿਟੀ ਅੰਦਰ ਜਾ ਕੇ ਵਿਦਿਆਰਥੀਆਂ ਨੂੰ ਕੁੱਟ ਰਹੀ ਹੈ। ਸਰਕਾਰ ਸੰਵਿਧਾਨ ਨਾਲ ਛੇੜਛਾੜ ਕਰ ਰਹੀ ਹੈ। ਇਸ ਲਈ ਅਸੀਂ ਸੰਵਿਧਾਨ ਲਈ ਸੰਘਰਸ਼ ਕਰਾਂਗੇ।
Photo
ਧਰਨੇ 'ਚ ਟਾਈਟਲਰ ਦੀ ਮੌਜੂਦੀ ਬਣੀ ਚਰਚਾ ਦਾ ਵਿਸ਼ਾ : ਇਨ੍ਹਾਂ ਤੋਂ ਇਲਾਵਾ ਵਿਵਾਦਤ ਆਗੂ ਜਗਦੀਸ਼ ਟਾਈਟਲਰ ਦਾ ਧਰਨੇ ਵਿਚ ਸ਼ਾਮਲ ਹੋਣਾ ਕਾਂਗਰਸ ਲਈ ਨਵੀਂ ਮੁਸੀਬਤ ਖੜ੍ਹੀ ਕਰ ਸਕਦਾ ਹੈ। ਕਾਬਲੇਗੌਰ ਹੈ ਕਿ ਟਾਈਟਲਰ 'ਤੇ 1984 ਦੇ ਸਿੱਖ ਵਿਰੋਧੀ ਦੰਗਿਆਂ 'ਚ ਸ਼ਾਮਲ ਹੋਣ ਦੇ ਦੋਸ਼ ਲਗਦੇ ਰਹੇ ਹਨ। ਦੱਸ ਦਈਏ ਕਿ ਪਿਛਲੇ ਸਾਲ ਨਸਲੀ ਹਿੰਸਾਂ ਖਿਲਾਫ਼ ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਨੇ ਸਮੂਹਿਕ ਭੁੱਖ ਹੜਤਾਲ ਕੀਤੀ ਸੀ। ਇਸ ਵਿਚ ਜਗਦੀਸ਼ ਟਾਈਟਲਰ ਨੂੰ ਸ਼ਾਮਲ ਨਹੀਂ ਸੀ ਹੋਣ ਦਿਤਾ ਤੇ ਉਨ੍ਹਾਂ ਨੂੰ ਵਾਪਿਸ ਪਰਤਣਾ ਗਿਆ ਸੀ। ਇਹੀ ਕਾਰਨ ਹੈ ਕਿ ਹੁਣ ਪ੍ਰਿਅੰਕਾ ਗਾਂਧੀ ਦੇ ਧਰਨਾ ਪ੍ਰਦਰਸ਼ਨਾਂ 'ਚ ਟਾਈਟਲਰ ਦਾ ਸ਼ਾਮਲ ਹੋਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
Photo
ਕਾਬਲੇਗੌਰ ਹੈ ਕਿ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਪੂਰਬ ਉਤਰੀ ਰਾਜਾਂ ਵਿਚ ਕਾਫ਼ੀ ਜ਼ਿਆਦਾ ਵਿਰੋਧ ਹੋ ਰਿਹਾ ਹੈ। ਅਸਾਮ, ਤ੍ਰਿਪੁਰਾ ਅਤੇ ਮੇਘਾਲਿਆ 'ਚ ਕਈ ਥਾਵਾਂ 'ਤੇ ਹਿੰਸਕ ਘਟਨਾਵਾਂ ਹੋਈਆਂ ਹਨ। ਤਿੰਨਾਂ ਰਾਜਾਂ ਵਿਚ ਫਿਲਹਾਲ ਸਥਿਤੀ ਕਾਬੂ ਹੇਠ ਹੈ। ਇਨ੍ਹਾਂ ਰਾਜਾਂ ਵਿਚ ਇੰਟਰਨੈੱਟ ਤੇ ਐਸਐਮਐਸ ਸੇਵਾਵਾਂ ਅਜੇ ਬੰਦ ਹਨ। ਇਸੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।