
ਉੱਤਰ ਪ੍ਰਦੇਸ਼ ਸਰਕਾਰ ਨੇ 16 ਦਸੰਬਰ ਨੂੰ ਵਿਧਾਨ ਪ੍ਰੀਸ਼ਦ ਨੂੰ ਦੱਸਿਆ ਕਿ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਸੂਬੇ ਵਿਚ ਆਕਸੀਜਨ ਦੀ ਕਮੀ ਕਾਰਨ ਇਕ ਵੀ ਮੌਤ ਨਹੀਂ ਹੋਈ ਹੈ।
ਲਖਨਊ: ਉੱਤਰ ਪ੍ਰਦੇਸ਼ ਸਰਕਾਰ ਨੇ 16 ਦਸੰਬਰ ਨੂੰ ਵਿਧਾਨ ਪ੍ਰੀਸ਼ਦ ਨੂੰ ਦੱਸਿਆ ਕਿ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਸੂਬੇ ਵਿਚ ਆਕਸੀਜਨ ਦੀ ਕਮੀ ਕਾਰਨ ਇਕ ਵੀ ਮੌਤ ਨਹੀਂ ਹੋਈ ਹੈ। ਦੂਜੇ ਪਾਸੇ ਵਿਰੋਧੀ ਧਿਰਾਂ ਨੇ ਯੋਗੀ ਸਰਕਾਰ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ। ਦਰਅਸਲ ਪ੍ਰਸ਼ਨ ਕਾਲ ਦੌਰਾਨ ਕਾਂਗਰਸ ਮੈਂਬਰ ਦੀਪਕ ਸਿੰਘ ਦੇ ਸਵਾਲ ਦੇ ਜਵਾਬ ਵਿਚ ਯੋਗੀ ਸਰਕਾਰ ਨੇ ਸੂਬੇ ਵਿਚ ਆਕਸੀਜਨ ਦੀ ਕਮੀ ਕਾਰਨ ਇਕ ਵੀ ਮੌਤ ਨਾ ਹੋਣ ਦਾ ਦਾਅਵਾ ਕੀਤਾ। ਵਿਧਾਨ ਪ੍ਰੀਸ਼ਦ 'ਚ ਯੂਪੀ ਦੇ ਸਿਹਤ ਮੰਤਰੀ ਜੈ ਪ੍ਰਤਾਪ ਸਿੰਘ ਨੇ ਕਿਹਾ, ''ਦੂਜੀ ਲਹਿਰ ਦੌਰਾਨ ਆਕਸੀਜਨ ਦੀ ਕਮੀ ਕਾਰਨ ਸੂਬੇ 'ਚ ਕਿਸੇ ਦੀ ਮੌਤ ਹੋਣ ਦੀ ਖਬਰ ਨਹੀਂ ਹੈ।
Oxygen cylinder
ਪ੍ਰਸ਼ਨ ਕਾਲ ਦੌਰਾਨ ਸਵਾਲ ਕਰਦਿਆਂ ਦੀਪਕ ਸਿੰਘ ਨੇ ਪੁੱਛਿਆ ਸੀ ਕਿ ਕੀ ਸਰਕਾਰ ਕੋਲ ਅਜਿਹੇ ਮਾਮਲਿਆਂ ਦੇ ਵੇਰਵੇ ਹਨ, ਕਿਉਂਕਿ ਅਜਿਹੇ ਮਾਮਲੇ ਉਹਨਾਂ ਦੇ ਆਪਣੇ ਮੰਤਰੀਆਂ ਵੱਲੋਂ ਉਠਾਏ ਗਏ ਸਨ। ਉਹਨਾਂ ਕਿਹਾ, “ਕਈ ਮੰਤਰੀਆਂ ਨੇ ਪੱਤਰ ਲਿਖ ਕੇ ਕਿਹਾ ਕਿ ਸੂਬੇ ਵਿਚ ਆਕਸੀਜਨ ਦੀ ਕਮੀ ਕਾਰਨ ਮੌਤਾਂ ਹੋ ਰਹੀਆਂ ਹਨ। ਇਸ ਤੋਂ ਇਲਾਵਾ ਕਈ ਸੰਸਦ ਮੈਂਬਰਾਂ ਨੇ ਵੀ ਅਜਿਹੀਆਂ ਸ਼ਿਕਾਇਤਾਂ ਕੀਤੀਆਂ ਸਨ। ਆਕਸੀਜਨ ਦੀ ਕਮੀ ਕਾਰਨ ਮੌਤਾਂ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਕੀ ਪੂਰੇ ਸੂਬੇ ਵਿਚ ਇਹਨਾਂ ਮੌਤਾਂ ਬਾਰੇ ਸਰਕਾਰ ਕੋਲ ਕੋਈ ਜਾਣਕਾਰੀ ਹੈ? ਕੀ ਸਰਕਾਰ ਨੇ ਗੰਗਾ ਵਿਚ ਤੈਰਦੀਆਂ ਲਾਸ਼ਾਂ ਅਤੇ ਆਕਸੀਜਨ ਦੀ ਕਮੀ ਨਾਲ ਪੀੜਤ ਲੋਕ ਨਹੀਂ ਦੇਖੇ ਹਨ?”
No death due to lack of oxygen during COVID-19 second wave- UP Govt
ਕਾਂਗਰਸ ਮੈਂਬਰ ਦੇ ਇਸ ਸਵਾਲ 'ਤੇ ਸਿਹਤ ਮੰਤਰੀ ਜੈ ਪ੍ਰਤਾਪ ਨੇ ਸਪੱਸ਼ਟ ਕੀਤਾ ਕਿ ਹਸਪਤਾਲ 'ਚ ਦਾਖਲ ਮਰੀਜ਼ ਦੀ ਮੌਤ ਹੋਣ 'ਤੇ ਡਾਕਟਰ ਮੌਤ ਦਾ ਸਰਟੀਫਿਕੇਟ ਜਾਰੀ ਕਰਦੇ ਹਨ। ਉਹਨਾਂ ਕਿਹਾ ਕਿ ਸੂਬੇ ਵਿਚ ਕੋਵਿਡ-19 ਪੀੜਤਾਂ ਲਈ ਡਾਕਟਰਾਂ ਵੱਲੋਂ ਜਾਰੀ ਕੀਤੇ ਗਏ 22,915 ਮੌਤ ਸਰਟੀਫਿਕੇਟਾਂ ਵਿਚ ਕਿਤੇ ਵੀ ‘ਆਕਸੀਜਨ ਦੀ ਘਾਟ ਕਾਰਨ ਮੌਤ’ ਦਾ ਜ਼ਿਕਰ ਨਹੀਂ ਹੈ। ਸਿਹਤ ਮੰਤਰੀ ਨੇ ਕਿਹਾ ਕਿ ਮਹਾਂਮਾਰੀ ਦੌਰਾਨ ਕਈ ਮੌਤਾਂ ਹੋਰ ਕਈ ਬਿਮਾਰੀਆਂ ਕਾਰਨ ਹੋਈਆਂ ਸਨ ਅਤੇ ਸਰਕਾਰ ਨੇ ਦੂਜੇ ਰਾਜਾਂ ਤੋਂ ਆਕਸੀਜਨ ਦਾ ਪ੍ਰਬੰਧ ਕੀਤਾ ਸੀ।
Yogi Adityanath
ਇਸ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਦੇ ਉਦੈਵੀਰ ਸਿੰਘ ਨੇ ਕਿਹਾ, “ਯੂਪੀ ਸਰਕਾਰ ਨੇ ਆਗਰਾ ਦੇ ਪਾਰਸ ਹਸਪਤਾਲ ਵਿਰੁੱਧ ਕਾਰਵਾਈ ਕੀਤੀ ਕਿਉਂਕਿ ਉੱਥੇ ਇੱਕ ਡਾਕਟਰ ਦਾ ਵੀਡੀਓ ਵਾਇਰਲ ਹੋਇਆ ਸੀ… ਅੱਧੇ ਮਰੀਜ਼ਾਂ ਨੂੰ ਆਕਸੀਜਨ ਦਿੱਤੀ ਗਈ ਸੀ ਅਤੇ ਬਾਕੀਆਂ ਦੀ ਮੌਤ ਹੋ ਗਈ ਸੀ…” ਉਦੈਵੀਰ ਸਿੰਘ ਨੇ ਕਿਹਾ ਕਿ ਜਦੋਂ ਸਰਕਾਰ ਨੇ ਹੀ ਇਸ ਮਾਮਲੇ ਵਿਚ ਕਾਰਵਾਈ ਕੀਤੀ ਹੈ ਤਾਂ ਉਹ ਸਦਨ ਵਿਚ ‘ਝੂਠਾ ਬਿਆਨ’ ਕਿਵੇਂ ਦੇ ਸਕਦੀ ਹੈ। ਜਵਾਬ ਵਿਚ ਸਿਹਤ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਪੁਲਿਸ ਕਮਿਸ਼ਨਰ ਦੀ ਜਾਂਚ ਰਿਪੋਰਟ ਵਿਚ ਹਸਪਤਾਲ ਵਿਚ ਇਕ 'ਮੌਕ ਡਰਿੱਲ' ਬਾਰੇ ਦੱਸਿਆ ਗਿਆ ਸੀ ਜਿਸ ਦੌਰਾਨ ਆਕਸੀਜਨ ਦੀ ਸਪਲਾਈ ਕਥਿਤ ਤੌਰ 'ਤੇ ਬੰਦ ਕਰ ਦਿੱਤੀ ਗਈ ਸੀ।