ਸ਼ਨੀਵਾਰ ਨੂੰ ਹੋ ਸਕਦੀ ਹੈ ਪਟੀਸ਼ਨ 'ਤੇ ਸੁਣਵਾਈ
ਨਵੀਂ ਦਿੱਲੀ - ਆਪਣੀ ਲਿਵ-ਇਨ ਪਾਰਟਨਰ ਦੇ ਕਤਲ ਦੇ ਦੋਸ਼ੀ ਆਫ਼ਤਾਬ ਪੂਨਾਵਾਲਾ ਨੇ ਸ਼ੁੱਕਰਵਾਰ ਨੂੰ ਜ਼ਮਾਨਤ ਲਈ ਅਦਾਲਤ ਦਾ ਰੁਖ਼ ਕੀਤਾ। ਇਹ ਜਾਣਕਾਰੀ ਮੁਲਜ਼ਮ ਦੇ ਵਕੀਲ ਨੇ ਦਿੱਤੀ।
ਆਫਤਾਬ ਪੂਨਾਵਾਲਾ (28) ਨੇ ਕਥਿਤ ਤੌਰ 'ਤੇ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਵਾਲਕਰ ਦਾ ਕਤਲ ਕਰਕੇ ਉਸ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ ਸਨ, ਅਤੇ ਉਨ੍ਹਾਂ ਨੂੰ ਰਾਸ਼ਟਰੀ ਰਾਜਧਾਨੀ ਦੇ ਵੱਖ-ਵੱਖ ਹਿੱਸਿਆਂ ਵਿੱਚ ਸੁੱਟ ਦਿੱਤਾ ਸੀ।
ਪੂਨਾਵਾਲਾ ਦੇ ਵਕੀਲ ਨੇ ਕਿਹਾ ਕਿ ਵਧੀਕ ਸੈਸ਼ਨ ਜੱਜ ਵਰਿੰਦਾ ਕੁਮਾਰੀ ਸ਼ਨੀਵਾਰ ਨੂੰ ਪਟੀਸ਼ਨ 'ਤੇ ਸੁਣਵਾਈ ਕਰ ਸਕਦੀ ਹੈ।
ਉਨ੍ਹਾਂ ਕਿਹਾ ਕਿ ਕਿਉਂਕਿ ਮਾਮਲੇ ਦੀ ਮੁੱਢਲੀ ਜਾਂਚ ਪੂਰੀ ਹੋ ਚੁੱਕੀ ਹੈ, ਅਤੇ ਚਾਰਜਸ਼ੀਟ ਦਾਇਰ ਹੋਣੀ ਬਾਕੀ ਹੈ, ਇਸ ਲਈ ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿੱਚ ਰੱਖਣ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ।
ਪੂਨਾਵਾਲਾ ਦੀ ਨਿਆਂਇਕ ਹਿਰਾਸਤ 9 ਦਸੰਬਰ ਨੂੰ 14 ਦਿਨਾਂ ਲਈ ਹੋਰ ਵਧਾ ਦਿੱਤੀ ਗਈ ਸੀ।