
ਭਾਜਪਾ ਦੇ ਪਾਰਟੀ ਨੇਤਾਵਾਂ ਲਈ ਦਿਨ ਚੰਗੇ ਨਹੀਂ ਚਲ ਰਹੇ ਹਨ।
ਨਵੀਂ ਦਿੱਲੀ : ਆਉਣ ਵਾਲੀਆਂ ਲੋਕਸਭਾ ਚੋਣਾਂ ਭਾਜਪਾ ਲਈ ਬਹੁਤ ਮਹੱਤਵਪੂਰਨ ਹਨ। ਪਾਰਟੀ ਨੇ ਇਸ ਦੇ ਲਈ ਵੱਡੇ ਪੱਧਰ 'ਤੇ ਰੈਲੀਆਂ ਕੱਢਣ ਦੀ ਯੋਜਨਾ ਵੀ ਤਿਆਰ ਕੀਤੀ ਹੈ, ਪਰ ਇਹਨਾਂ ਸਬੰਧੀ ਕੁਝ ਵੀ ਸਪਸ਼ਟ ਨਹੀਂ ਹੈ ਕਿਓਂਕਿ ਪਾਰਟੀ ਨੇਤਾਵਾਂ ਲਈ ਦਿਨ ਚੰਗੇ ਨਹੀਂ ਚਲ ਰਹੇ ਹਨ। ਉਹ ਸਿਹਤ ਨਾਲ ਸਬੰਧਤ ਸਮੱਸਿਆਵਾਂ ਨਾਲ ਜੂਝ ਰਹੇ ਹਨ। ਭਾਜਪਾ ਦੇ ਰਾਸ਼ਟਰੀ ਮੁਖੀ ਅਮਿਤ ਸ਼ਾਹ ਨੂੰ ਸਵਾਈਨ ਫਲੂ ਹੋਇਆ ਹੈ ਜਿਸ ਕਾਰਨ ਉਹਨਾਂ ਨੂੰ ਏਮਸ ਵਿਚ ਭਰਤੀ ਕਰਵਾਇਆ ਗਿਆ ਹੈ।
Amit Shah
ਮਾਹਰ ਡਾਕਟਰਾਂ ਦੀ ਟੀਮ ਉਹਨਾਂ ਦਾ ਇਲਾਜ ਕਰ ਰਹੀ ਹੈ। ਪ੍ਰੋਟੋਕਾਲ ਅਤੇ ਬਿਮਾਰੀ ਕਾਰਨ ਉਹਨਾਂ ਨੂੰ ਵੱਖਰੇ ਤੌਰ 'ਤੇ ਰੱਖਿਆ ਗਿਆ ਹੈ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੀ ਸਿਹਤ ਵੀ ਠੀਕ ਨਹੀਂ ਹੈ। ਜੇਤਲੀ ਦੀ ਸਿਹਤ ਸਬੰਧੀ ਅਧਿਕਾਰਕ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਹੈ। ਉਹ ਅਪਣਾ ਇਲਾਜ ਅਮਰੀਕਾ ਵਿਚ ਕਰਵਾ ਰਹੇ ਹਨ। ਕੇਂਦਰੀ ਮੰਤਰੀ ਰਵਿਸ਼ੰਕਰ ਪ੍ਰਸਾਦ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਪ੍ਰਸਾਦ ਨੂੰ ਸਾਹ ਨਲੀ ਵਿਚ ਮੁਸ਼ਕਲ ਹੋਣ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ।
Arun Jaitley
ਉਹਨਾਂ ਦੀ ਹਾਲਤ ਹੁਣ ਸਥਿਰ ਹੈ। ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰਿਕਰ ਬੀਤੇ 11 ਮਹੀਨਿਆਂ ਤੋਂ ਬਿਮਾਰ ਚਲ ਰਹੇ ਹਨ। ਸਾਲ 2018 ਦੀਆਂ ਸ਼ੁਰੂਆਤੀ ਤਿੰਨ ਮਹੀਨੇ ਅਮਰੀਕਾ ਵਿਚ ਇਲਾਜ ਕਰਾਉਣ ਤੋਂ ਬਾਅਦ ਉਹਨਾਂ ਦਾ ਇਲਾਜ ਏਮਸ ਵਿਚ ਇਲਾਜ ਚਲਿਆ। 16 ਦਸੰਬਰ ਨੂੰ ਉਹਨਾਂ ਨੂੰ ਏਮਸ ਤੋਂ ਛੁੱਟੀ ਮਿਲੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਸਿਹਤ ਠੀਕ ਨਾ ਹੋਣ ਕਾਰਨ 2019 ਵਿਚ ਲੋਕਸਭਾ ਚੋਣਾਂ ਨਾ ਲੜਨ ਦਾ ਫ਼ੈਸਲਾ ਲਿਆ ਹੈ।
Sushma Swaraj
ਮੀਡੀਆ ਰੀਪੋਰਟਾਂ ਮੁਤਾਬਕ ਉਹਨਾਂ ਦੀ ਕਿਡਨੀ ਫੇਲ੍ਹ ਹੋ ਗਈ ਸੀ। ਜਿਸ ਤੋਂ ਬਾਅਦ ਉਹਨਾਂ ਦੀ ਕਿਡਨੀ ਦਾ ਆਪ੍ਰੇਸ਼ਨ ਹੋਇਆ ਹੈ। ਕੇਂਦਰੀ ਸੜਕ ਆਵਾਜਾਈ ਮੰਤਰੀ ਨੀਤਿਨ ਗਡਕਰੀ ਵੀ ਕੁਝ ਸਮੇਂ ਤੋਂ ਬਿਮਾਰ ਚਲ ਰਹੇ ਹਨ। ਕੁਝ ਸਮਾਂ ਪਹਿਲਾਂ ਇਕ ਸਮਾਗਮ ਦੌਰਾਨ ਉਹ ਬੇਹੋਸ਼ ਹੋ ਗਏ ਸਨ। ਭਾਜਪਾ ਦੇ ਕੌਮੀ ਜਨਰਲ ਸਕੱਤਰ ਰਾਮ ਲਾਲ ਨੂੰ ਨੌਇਡਾ ਦੇ ਕੈਲਾਸ਼ ਹਸਪਤਾਲ ਵਿਖੇ ਤੇਜ਼ ਬੁਖਾਰ ਕਾਰਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।