
ਪਤਨੀ ਦੇ ‘ਆਈ.ਐਸ.ਆਈ. ਸਬੰਧਾਂ’ ਬਾਰੇ ਮੇਰਾ ਸਟੈਂਡ ਸਪੱਸ਼ਟ ਹੈ : ਕਾਂਗਰਸ ਸੰਸਦ ਮੈਂਬਰ ਗੋਗੋਈ
ਗੁਹਾਟੀ : ਅਸਾਮ ਸਰਕਾਰ ਨੇ ਪਾਕਿਸਤਾਨੀ ਨਾਗਰਿਕ ਅਲੀ ਤੌਕੀਰ ਸ਼ੇਖ ਦੀ ਭਾਰਤ ਦੇ ਅੰਦਰੂਨੀ ਮਾਮਲਿਆਂ ’ਤੇ ਸੋਸ਼ਲ ਮੀਡੀਆ ’ਤੇ ਕੀਤੀ ਟਿਪਣੀ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਹੈ। ਇਹ ਕਦਮ ਕਾਂਗਰਸ ਸੰਸਦ ਮੈਂਬਰ ਗੌਰਵ ਗੋਗੋਈ ਦੀ ਬ੍ਰਿਟਿਸ਼ ਮੂਲ ਦੀ ਪਤਨੀ ਐਲਿਜ਼ਾਬੈਥ ਕੋਲਬਰਨ ਦੇ ਆਈ.ਐਸ.ਆਈ. ਨਾਲ ਕਥਿਤ ਸਬੰਧਾਂ ਨੂੰ ਲੈ ਕੇ ਵਿਵਾਦ ਦੇ ਵਿਚਕਾਰ ਆਇਆ ਹੈ। ਪਾਕਿਸਤਾਨ ਯੋਜਨਾ ਕਮਿਸ਼ਨ ਦੇ ਸਲਾਹਕਾਰ ਅਤੇ ਕੋਲਬਰਨ ਦੇ ਸਾਬਕਾ ਸਹਿਯੋਗੀ ਸ਼ੇਖ ’ਤੇ ਬੀ.ਐਨ.ਐਸ. ਅਤੇ ਯੂ.ਏ.ਪੀ.ਏ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਲਗਾਏ ਗਏ ਹਨ।
ਚਾਰ ਮੈਂਬਰੀ ਐਸ.ਆਈ.ਟੀ. ਟੀਮ ਦੀ ਅਗਵਾਈ ਸੀ.ਆਈ.ਡੀ. ਦੇ ਵਿਸ਼ੇਸ਼ ਡੀ.ਜੀ.ਪੀ. ਐਮ.ਪੀ. ਗੁਪਤਾ ਕਰਨਗੇ ਅਤੇ ਇਹ ਪੇਸ਼ੇਵਰ ਅਤੇ ਪੂਰੀ ਤਰ੍ਹਾਂ ਨਿਰਪੱਖ ਜਾਂਚ ਕਰੇਗੀ। ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਕਿ ਸ਼ੇਖ ਵਿਰੁਧ ਫਿਰਕੂ ਸਦਭਾਵਨਾ ਅਤੇ ਕੌਮੀ ਹਿੱਤਾਂ ਨੂੰ ਭੰਗ ਕਰਨ ਦੇ ਉਦੇਸ਼ ਨਾਲ ਕੀਤੀ ਗਈ ਟਿਪਣੀ ਲਈ ਐਫ.ਆਈ.ਆਰ. ਦਰਜ ਕੀਤੀ ਗਈ ਹੈ।
ਜਦਕਿ ਗੋਗੋਈ ਨੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਅਸਾਮ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਕੋਈ ਵੀ ਜਾਂਚ ਕਰਨ ਲਈ ਸੁਤੰਤਰ ਹੈ ਪਰ ਉਹ ਅਤੇ ਉਨ੍ਹਾਂ ਦੀ ਪਾਰਟੀ ਜਾਣਦੀ ਹੈ ਕਿ ਉਹ ਕਿੱਥੇ ਖੜ੍ਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਰਮਾ ਰੋਜ਼ਾਨਾ ਅਪਣਾ ਰੁਖ ਬਦਲ ਰਹੇ ਹਨ ਅਤੇ ਭਾਜਪਾ ’ਤੇ 2026 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਧਿਆਨ ਭਟਕਾਉਣ ਦੀਆਂ ਰਣਨੀਤੀਆਂ ਦਾ ਸਹਾਰਾ ਲੈਣ ਦਾ ਦੋਸ਼ ਲਾਇਆ।