
ਕਾਂਗਰਸ ਨੇ ਗੋਆ 'ਚ ਸਨਿਚਰਵਾਰ ਨੂੰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿਤਾ ਹੈ
ਪਣਜੀ: ਕਾਂਗਰਸ ਨੇ ਗੋਆ 'ਚ ਸਨਿਚਰਵਾਰ ਨੂੰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿਤਾ ਹੈ। ਪਾਰਟੀ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਧਾਇਕ ਫ਼ਰਾਂਸਿਸ ਡਿਸੂਜ਼ਾ ਦੀ ਮੌਤ ਮਗਰੋਂ ਮਨੋਹਰ ਪਰੀਕਰ ਸਰਕਾਰ ਨੇ ਵਿਧਾਨ ਸਭਾ 'ਚ ਅਪਣਾ ਬਹੁਮਤ ਗੁਆ ਦਿਤਾ ਹੈ। ਗੋਆ ਦੀ ਰਾਜਪਾਲ ਮ੍ਰਿਦੁਲਾ ਸਿਨਹਾ ਨੂੰ ਲਿਖੀ ਚਿੱਠੀ 'ਚ ਵਿਰੋਧੀ ਪਾਰਟੀ ਦੇ ਆਗੂ ਚੰਦਰਕਾਂਤ ਕਾਵਲੇਕਰ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਅਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਬਰਖ਼ਾਸਤ ਕੀਤੇ ਜਾਣ ਦੀ ਮੰਗ ਕੀਤੀ।
ਡਿਸੂਜ਼ਾ ਦੀ ਮੌਤ ਅਤੇ ਦੋ ਵਿਧਾਇਕਾਂ ਸੁਭਾਸ਼ ਸ਼ਿਰੋਡਕਰ ਅਤੇ ਦਿਆਨੰਦ ਸੋਪਤੇ ਦੇ ਪਾਰਟੀ ਛੱਡਣ ਮਗਰੋਂ 40 ਮੈਂਬਰਾਂ ਦੀ ਵਿਧਾਨ ਸਭਾ ਦੀ ਸਮਰਥਾ ਹੁਣ 37 ਰਹਿ ਗਈ ਹੈ। ਸੋਪਤੇ ਅਤੇ ਸ਼ਿਰੋਡਕਰ ਦੇ ਅਸਤੀਫ਼ੇ ਮਗਰੋਂ ਕਾਂਗਰਸ ਕੋਲ 14 ਵਿਧਾਇਕ ਹਨ। ਭਾਜਪਾ ਦੇ ਵਿਧਾਇਕਾਂ ਦੀ ਗਿਣਤੀ 13 ਹੈ। ਗੋਆ ਫ਼ਾਰਵਰਡ ਪਾਰਟੀ, ਐਮ.ਜੀ.ਪੀ. ਦੇ ਤਿੰਨ-ਤਿੰਨ ਵਿਧਾਇਕ ਅਤੇ ਇਕ ਆਜ਼ਾਦ ਵਿਧਾਇਕ ਸਮੇਤ ਐਨ.ਸੀ.ਪੀ. ਦੇ ਇਕੋ-ਇਕ ਵਿਧਾਇਕ ਦੀ ਭਾਜਪਾ ਨੂੰ ਹਮਾਇਤ ਹਾਸਲ ਹੈ।
ਰਾਜਪਾਲ ਨੂੰ ਲਿਖੀ ਚਿੱਠੀ 'ਚ ਕਾਵਲੇਕਰ ਨੇ ਕਿਹਾ, ''ਭਾਜਪਾ ਨਾਲ ਸਬੰਧ ਰੱਖਣ ਵਾਲੇ ਵਿਧਾਇਕ ਫ਼ਰਾਂਸਿਸ ਡਿਸੂਜ਼ਾ ਦੀ ਮੌਤ ਦੇ ਮੱਦੇਨਜ਼ਰ ਤੁਹਾਨੂੰ ਨਿਰਮਤਾ ਨਾਲ ਸੂਚਿਤ ਕੀਤਾ ਜਾ ਰਿਹਾ ਹੈ ਕਿ ਮਨੋਹਰ ਪਰੀਕਰ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਦਨ 'ਚ ਬਹੁਮਤ ਗੁਆ ਚੁੱਕੀ ਹੈ।'' ਚਿੱਠੀ 'ਚ ਕਿਹਾ ਗਿਆ ਹੈ ਕਿ ਭਾਜਪਾ ਦੀ ਗਿਣਤੀ 'ਚ ਹੋਰ ਕਮੀ ਆ ਸਕਦੀ ਹੈ
ਅਤੇ ਘੱਟ ਗਿਣਤੀ 'ਚ ਰਹਿ ਗਈ ਹੋਣ ਵਾਲੀ ਇਸ ਤਰ੍ਹਾਂ ਦੀ ਪਾਰਟੀ ਨੂੰ ਸੱਤਾ 'ਚ ਰਹਿਣ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ। ਸੋਪਤੇ ਅਤੇ ਸ਼ਿਰੋਡਕਰ ਕੇ ਅਸਤੀਫ਼ੇ ਅਤੇ ਡਿਸੂਜ਼ਾ ਦੀ ਮੌਤ ਮਗਰੋਂ ਖ਼ਾਲੀ ਹੋਈਆਂ ਵਿਧਾਨ ਸਭਾ ਸੀਟਾਂ 'ਤੇ ਉਪਚੋਣ 23 ਅਪ੍ਰੈਲ ਨੂੰ ਸੂਬੇ 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨਾਲ ਹੀ ਹੋਵੇਗੀ। (ਪੀਟੀਆਈ)