
ਕਾਂਗਰਸ ਨੇ ਸਪਾ, ਬਸਪਾ ਤੇ ਰਾਲੋਦ ਲਈ ਛਡੀਆਂ ਸੱਤ ਸੀਟਾਂ
ਲਖਨਊ, 17 ਮਾਰਚ: ਸਿਆਸੀ ਪੱਖ ਤੋਂ ਅਹਿਮ ਮੰਨੇ ਜਾਂਦੇ ਉਤਰ ਪ੍ਰਦੇਸ਼ ਵਿਚ ਕਾਂਗਰਸ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਉਹ ਸਮਾਜਵਾਦੀ ਪਾਰਟੀ (ਸਪਾ), ਬਹੁਜਨ ਸਮਾਜ ਪਾਰਟੀ (ਬਸਪਾ) ਤੇ ਰਾਸ਼ਟਰੀ ਲੋਕਦਲ (ਰਾਲੋਦ) ਗਠਜੋੜ ਲਈ ਸੱਤ ਸੀਟਾਂ 'ਤੇ ਉਹ ਅਪਣੇ ਉਮੀਦਵਾਰ ਨਹੀਂ ਉਤਾਰੇਗੀ। ਕਾਂਗਰਸ ਨੇ ਅਪਣੀਆਂ ਦੋ ਸੀਟਾਂ ਅਪਣਾ ਦਲ ਲਈ ਛੱਡਣ ਦਾ ਵੀ ਐਲਾਨ ਕੀਤਾ ਹੈ। ਕਾਂਗਰਸ ਨੇ ਜਨ ਅਧਿਕਾਰੀ ਪਾਰਟੀ ਨਾਲ ਚੋਣਾਂ ਨੂੰ ਲੈ ਕੇ ਸਮਝੌਤਾ ਵੀ ਕੀਤਾ ਹੋਇਆ ਹੈ।
ਉਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜ ਬੱਬਰ ਨੇ ਕਿਹਾ ਕਿ ਉਹ ਸਪਾ, ਬਸਪਾ ਤੇ ਰਾਲੋਦ ਲਈ ਸੱਤ ਸੀਟਾਂ ਛੱਡ ਰਹੇ ਹਨ। ਇਨ੍ਹਾਂ ਵਿਚੋਂ ਮੈਨਪੁਰੀ, ਕੰਨੌਜ ਤੇ ਫ਼ਿਰੋਜ਼ਾਬਾਦ ਸੀਟ ਸ਼ਾਮਲ ਹੈ। ਇਸ ਤੋਂ ਇਲਾਵਾ ਪਾਰਟੀ ਉਨ੍ਹਾਂ ਸੀਟਾਂ 'ਤੇ ਅਪਣੀ ਕੋਈ ਉਮੀਦਵਾਰ ਨਹੀਂ ਉਤਾਰੇਗੀ ਜਿਨ੍ਹਾਂ 'ਤੇ ਬਸਪਾ ਮੁਖੀ ਮਾਇਆਵਤੀ, ਰਾਲੋਦ ਮੁਖੀ ਅਜੀਤ ਸਿੰਘ ਤੇ ਉਨ੍ਹਾਂ ਦੇ ਪੁੱਤਰ ਜੈਯੰਤ ਦੇ ਚੋਣ ਲੜਨ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਗਠਜੋੜ ਨੇ ਰਾਏਬਰੇਲੀ ਤੇ ਅਮੇਠੀ ਦੀਆਂ ਸੀਟਾਂ ਕਾਂਗਰਸ ਲਈ ਛਡੀਆਂ ਹਨ, ਇਸ ਲਈ ਉਹ ਗਠਜੋੜ ਲਈ ਸੱਤ ਸੀਟਾਂ ਨੂੰ ਛੱਡ ਰਹੇ ਹਨ। ਰਾਜ ਬੱਬਰ ਨੇ ਕਿਹਾ ਕਿ ਕਾਂਗਰਸ ਨੇ ਗੋਂਡਾ ਤੇ ਪੀਲੀਭੀਤ ਸੀਟਾਂ ਅਪਣਾ ਦਲ ਨੂੰ ਦੇਣ ਦੀ ਯੋਜਨਾ ਬਣਾਈ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜਨ ਅਧਿਕਾਰੀ ਪਾਰਟੀ ਨਾਲ ਚੋਣ ਸਮਝੌਤਾ ਕੀਤਾ ਹੈ। ਪੰਜ ਸੀਟਾਂ 'ਤੇ ਜਨ ਅਧਿਕਾਰੀ ਪਾਰਟੀ ਦੇ ਉਮੀਦਵਾਰ ਚੋਣਾਂ ਲੜਨਗੇ ਜਦਕਿ ਦੋ ਸੀਟਾਂ 'ਤੇ ਜਨ ਅਧਿਕਾਰੀ ਪਾਰਟੀ ਦੇ ਉਮੀਦਵਾਰ ਕਾਂਗਰਸ ਦੇ ਨਿਸ਼ਾਨ 'ਤੇ ਚੋਣਾਂ ਲੜਨਗੇ। ਬਾਬੂ ਸਿੰਘ ਕੁਸ਼ਵਾਹਾ ਜਨ ਅਧਿਕਾਰੀ ਪਾਰਟੀ ਦੇ ਸੰਸਥਾਪਕ ਹਨ। (ਏਜੰਸੀ)