
ਚੋਣ ਬਾਂਡ ਭਾਜਪਾ ਦਾ ‘ਵ੍ਹਾਈਟ ਕਾਲਰ ਭ੍ਰਿਸ਼ਟਾਚਾਰ‘ ਹਨ: ਸਟਾਲਿਨ
ਮੁੰਬਈ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੁੰਬਈ ਦੇ ਸ਼ਿਵਾਜੀ ਪਾਰਕ ’ਚ ਇਕ ਰੈਲੀ ਨਾਲ ਹੀ ਅਪਣੀ ‘ਭਾਰਤ ਜੋੜੋ ਨਿਆਂ ਯਾਤਰਾ’ ਦੀ ਸਮਾਪਤੀ ਕਰ ਦਿਤੀ। ਇਸ ਦੌਰਾਨ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਕੌਮੀ ਲੋਕਤੰਤਰੀ ਗੱਠਜੋੜ (ਐੱਨ.ਡੀ.ਏ.) ਦਾ ਮੁਕਾਬਲਾ ਕਰਨ ਲਈ ‘ਇੰਡੀਆ’ ਦੀ ਤਾਕਤ ਦਾ ਪ੍ਰਦਰਸ਼ਨ ਕੀਤਾ ਗਿਆ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ, ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਨੇਤਾ ਤੇਜਸਵੀ ਯਾਦਵ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਵੀ ਰੈਲੀ ’ਚ ਸ਼ਾਮਲ ਹੋਏ। ਸਮਾਗਮ ਵਾਲੀ ਥਾਂ ’ਤੇ ਪਹੁੰਚ ਕੇ ਰਾਹੁਲ ਗਾਂਧੀ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ’ਤੇ ਫੁੱਲ ਭੇਟ ਕੀਤੇ ਅਤੇ ਸ਼ਿਵ ਸੈਨਾ ਦੇ ਸੰਸਥਾਪਕ ਬਾਲ ਠਾਕਰੇ ਦੀ ਯਾਦਗਾਰ ’ਤੇ ਜਾ ਕੇ ਸ਼ਰਧਾਂਜਲੀ ਦਿਤੀ।
ਇਸ ਮੌਕੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਇਹ ਯਾਤਰਾ ਲੋਕਾਂ ਨਾਲ ਸੰਵਾਦ ਕਰਨ ਲਈ ਸ਼ੁਰੂ ਕੀਤੀ ਸੀ, ਕਿਉਂਕਿ ਮੀਡੀਆ ਬੇਰੁਜ਼ਗਾਰੀ, ਮਹਿੰਗਾਈ ਵਰਗੇ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਦਾ ਹੈ। ਇਸ ਮੌਕੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਗਾਰੰਟੀ ਅਮੀਰਾਂ ਲਈ ਹੈ, ਜਦਕਿ ਸਾਡੀ ਗਾਰੰਟੀ ਆਮ ਲੋਕਾਂ ਲਈ।’’
ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਇਸ ਮੌਕੇ ਚੋਣ ਬਾਂਡ ਨੂੰ ਸੱਤਾਧਾਰੀ ਭਾਜਪਾ ਦਾ ‘ਵ੍ਹਾਈਟ ਕਾਲਰ ਭ੍ਰਿਸ਼ਟਾਚਾਰ’ ਕਰਾਰ ਦਿਤਾ ਅਤੇ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਗਠਜੋੜ ‘ਇੰਡੀਆ’ ਕੇਂਦਰ ਵਿਚ ਧਰਮ ਨਿਰਪੱਖ, ਸੰਘੀ ਅਤੇ ਸਮਾਵੇਸ਼ੀ ਸਰਕਾਰ ਬਣਾਏਗਾ। ਸਟਾਲਿਨ ਮੁੰਬਈ ਦੇ ਸ਼ਿਵਾਜੀ ਪਾਰਕ ’ਚ ਆਯੋਜਿਤ ‘ਇੰਡੀਆ’ ਗੱਠਜੋੜ ਰੈਲੀ ’ਚ ਪਹਿਲੇ ਬੁਲਾਰੇ ਸਨ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 10 ਸਾਲਾਂ ’ਚ ਸਿਰਫ ਦੋ ਕੰਮ ਕੀਤੇ ਹਨ- ਵਿਦੇਸ਼ ਦੌਰੇ ਅਤੇ ਪ੍ਰਚਾਰ। ਸਾਨੂੰ ਇਸ ਨੂੰ ਰੋਕਣਾ ਪਵੇਗਾ।’’ ਦ੍ਰਾਵਿੜ ਮੁਨੇਤਰਾ ਕਜ਼ਗਮ (ਡੀ.ਐਮ.ਕੇ.) ਮੁਖੀ ਨੇ ਕਿਹਾ ਕਿ ਜਦੋਂ ਤੋਂ ਵਿਰੋਧੀ ਧਿਰ ਨੇ ਅਪਣੇ ਗੱਠਜੋੜ ਦਾ ਨਾਮ ‘ਇੰਡੀਆ’ ਰੱਖਿਆ ਹੈ, ਭਾਜਪਾ ਨੇ ‘ਇੰਡੀਆ’ ਸ਼ਬਦ ਦੀ ਵਰਤੋਂ ਬੰਦ ਕਰ ਦਿਤੀ ਹੈ। ਸਟਾਲਿਨ ਨੇ ਕਿਹਾ, ‘‘ਇਹ ਡਰ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਾਨੂੰ ਭ੍ਰਿਸ਼ਟ ਕਹਿ ਕੇ ਸਾਨੂੰ ਬਦਨਾਮ ਕਰਨਾ ਸ਼ੁਰੂ ਕਰ ਦਿਤਾ ਹੈ ਪਰ ਚੋਣ ਬਾਂਡ ਨੇ ਸਾਬਤ ਕਰ ਦਿਤਾ ਹੈ ਕਿ ਖ਼ੁਦ ਭਾਜਪਾ ਭ੍ਰਿਸ਼ਟ ਹੈ। ਇਹ ਭਾਜਪਾ ਦਾ ਵ੍ਹਾਈਟ ਕਾਲਰ ਭ੍ਰਿਸ਼ਟਾਚਾਰ ਹੈ।’’ ਉਨ੍ਹਾਂ ਕਿਹਾ ਕਿ ਭਾਰਤ ਲਈ ਭਾਜਪਾ ਤੋਂ ਵੱਡਾ ਕੋਈ ਖ਼ਤਰਾ ਨਹੀਂ ਹੈ।
ਇਸ ਮੌਕੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਦੇ ਭਾਈਵਾਲ ਦੇਸ਼ ਨੂੰ ਬਚਾਉਣ ਲਈ ਇਕੱਠੇ ਹੋਏ ਹਨ। ਆਮ ਆਦਮੀ ਪਾਰਟੀ (ਆਪ) ਦੇ ਨੇਤਾ ਅਤੇ ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ, ‘‘ਅਸੀਂ ਸਾਰੇ ਇੱਥੇ ਇਕੱਠੇ ਹਾਂ ਕਿਉਂਕਿ ਸਾਨੂੰ ਜੇਲ੍ਹ ਜਾਣ ਦਾ ਡਰ ਨਹੀਂ ਹੈ। ਸਾਨੂੰ ਜਿੱਤਣ ਲਈ ਲੜਨਾ ਪਵੇਗਾ। ਭਾਰਦਵਾਜ ਨੇ ਕਿਹਾ ਕਿ ਚੋਣ ਬਾਂਡਾਂ ਨੇ ਭਾਜਪਾ ਦਾ ਪਰਦਾਫਾਸ਼ ਕਰ ਦਿਤਾ ਹੈ ਅਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ।’’
ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਨੇਤਾ ਤੇਜਸਵੀ ਯਾਦਵ ਨੇ ਐਤਵਾਰ ਨੂੰ ਕਿਹਾ ਕਿ ‘ਇੰਡੀਆ’ ਗੱਠਜੋੜ ਦੀ ਲੜਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁਧ ਨਹੀਂ ਹੈ, ਬਲਕਿ ਨਫ਼ਰਤ ਦੀ ਵਿਚਾਰਧਾਰਾ ਦੇ ਵਿਰੁਧ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ’ਚ ਵੰਨ-ਸੁਵੰਨਤਾ ਅਤੇ ਭਾਈਚਾਰੇ ਦੀ ਰੱਖਿਆ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ, ‘‘ਮੋਦੀ ਝੂਠ ਦੇ ਸਿਰਜਣਹਾਰ, ਥੋਕ ਵਿਕਰੇਤਾ ਅਤੇ ਵਿਤਰਕ ਹਨ ਪਰ ਸਾਡੇ ਵਰਗੇ ਸੱਚੇ ਲੋਕ ਡਰਦੇ ਨਹੀਂ ਹਨ।’’
ਉਨ੍ਹਾਂ ਕਿਹਾ, ‘‘ਮਹਾਰਾਸ਼ਟਰ ’ਚ ਸਿਰਫ ਵਿਧਾਇਕਾਂ ਨੂੰ ਦਲ ਬਦਲਣ ਲਈ ਮਜਬੂਰ ਕੀਤਾ ਜਾਂਦਾ ਹੈ ਪਰ ਬਿਹਾਰ ’ਚ ਉਨ੍ਹਾਂ (ਭਾਜਪਾ) ਨੇ ਮੇਰੇ ਚਾਚੇ ਨੂੰ ਅਗਵਾ ਕਰ ਲਿਆ।’’ ਉਹ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਆਰ.ਜੇ.ਡੀ. ਛੱਡ ਕੇ ਭਾਜਪਾ ਦੀ ਅਗਵਾਈ ਵਾਲੇ ਕੌਮੀ ਲੋਕਤੰਤਰੀ ਗੱਠਜੋੜ (ਐਨ.ਡੀ.ਏ.) ’ਚ ਸ਼ਾਮਲ ਹੋਣ ਦਾ ਜ਼ਿਕਰ ਕਰ ਰਹੇ ਸਨ। ਯਾਦਵ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਅਤੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਮਦਦ ਨਾਲ ਸਰਕਾਰਾਂ ਨੂੰ ਢਾਹਿਆ ਜਾ ਰਿਹਾ ਹੈ।