
10 ਸਾਲਾਂ ਦੌਰਾਨ ਰੇਲਵੇ ’ਚ 5 ਲੱਖ ਲੋਕਾਂ ਨੂੰ ਰੁਜ਼ਗਾਰ ਮਿਲਿਆ, ਵਿਰੋਧੀ ਧਿਰ ਭੰਬਲਭੂਸਾ ਫੈਲਾ ਰਹੀ ਹੈ : ਅਸ਼ਵਨੀ ਵੈਸ਼ਣਵ
ਨਵੀਂ ਦਿੱਲੀ : ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਸੋਮਵਾਰ ਨੂੰ ਰਾਜ ਸਭਾ ’ਚ ਵਿਰੋਧੀ ਧਿਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਸ ਨੂੰ ਰੇਲਵੇ ਭਰਤੀ ਬਾਰੇ ਗੁਮਰਾਹਕੁੰਨ ਬਿਆਨ ਨਹੀਂ ਦੇਣੇ ਚਾਹੀਦੇ ਅਤੇ ਰੇਲਵੇ ਨੇ ਪਿਛਲੇ 10 ਸਾਲਾਂ ’ਚ 5 ਲੱਖ ਲੋਕਾਂ ਨੂੰ ਨੌਕਰੀ ਦਿਤੀ ਹੈ।
ਵੈਸ਼ਣਵ ਨੇ ਕਿਹਾ ਕਿ ਰੇਲਵੇ ਅਤੇ ਰੱਖਿਆ ਦੋ ਅਜਿਹੇ ਵਿਭਾਗ ਹਨ ਜਿਨ੍ਹਾਂ ’ਤੇ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ ਕਿਉਂਕਿ ਇਹ ਦੇਸ਼ ਦੀ ਜ਼ਰੂਰਤ, ਰੀੜ੍ਹ ਦੀ ਹੱਡੀ ਅਤੇ ਜੀਵਨ ਰੇਖਾ ਹਨ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਚੀਜ਼ਾਂ ’ਚ ਸਿਆਸਤ ਖੇਡੀ ਜਾਂਦੀ ਹੈ ਤਾਂ ਇਹ ਦੇਸ਼ ਲਈ ਚੰਗਾ ਨਹੀਂ ਹੋਵੇਗਾ।
ਰੇਲ ਮੰਤਰਾਲੇ ਦੇ ਕੰਮਕਾਜ ’ਤੇ ਉੱਚ ਸਦਨ ’ਚ ਚਰਚਾ ’ਚ ਹਿੱਸਾ ਲੈਂਦੇ ਹੋਏ ਵੈਸ਼ਣਵ ਨੇ ਕਿਹਾ, ‘‘ਵਿਰੋਧੀ ਧਿਰ ਦੋਸ਼ ਲਗਾ ਰਹੀ ਹੈ ਕਿ ਰੇਲਵੇ ਨੇ ਭਰਤੀ ਨਹੀਂ ਕੀਤੀ।’’ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਸੱਚਾਈ ਤੋਂ ਕੋਹਾਂ ਦੂਰ ਅਤੇ ਗੁਮਰਾਹਕੁੰਨ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ’ਚ ਰੇਲਵੇ ’ਚ ਪੰਜ ਲੱਖ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। ਇਸ ਤੋਂ ਇਲਾਵਾ ਇਕ ਲੱਖ ਭਰਤੀਆਂ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਕਿਹਾ, ‘‘ਰੇਲਵੇ ’ਚ ਭਰਤੀ ਪ੍ਰਕਿਰਿਆ ਪੂਰੀ ਪਾਰਦਰਸ਼ਤਾ ਨਾਲ ਚੱਲ ਰਹੀ ਹੈ।’’
ਵੈਸ਼ਣਵ ਨੇ ਕਿਹਾ ਕਿ ਇਸ ਸਮੇਂ ਰੇਲਵੇ ਵਿਚ ਲਗਭਗ 12 ਲੱਖ ਕਰਮਚਾਰੀ ਹਨ, ਜਿਨ੍ਹਾਂ ਵਿਚੋਂ ਲਗਭਗ 40 ਫੀ ਸਦੀ ਪਿਛਲੇ 10 ਸਾਲਾਂ ਵਿਚ ਭਰਤੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਰੇਲਵੇ ਦੀ ਜ਼ਿਆਦਾਤਰ ਕਾਰਜ ਸਮਰੱਥਾ ਨੌਜੁਆਨਾਂ ਦੀ ਹੈ।
ਮਹਾਕੁੰਭ ਮੇਲੇ ਦੌਰਾਨ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭਾਜੜ ਨੂੰ ਦਰਦਨਾਕ ਅਤੇ ਦੁਖਦਾਈ ਦਸਦਿਆਂ ਉਨ੍ਹਾਂ ਕਿਹਾ ਕਿ ਸੀ.ਸੀ.ਟੀ.ਵੀ. ਫੁਟੇਜ ਸਮੇਤ ਘਟਨਾ ਨਾਲ ਜੁੜੇ ਸਾਰੇ ਅੰਕੜੇ ਸੁਰੱਖਿਅਤ ਹਨ ਅਤੇ ਇਕ ਉੱਚ ਪੱਧਰੀ ਕਮੇਟੀ ਇਸ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਸਬਕ ਲੈਂਦੇ ਹੋਏ ਰੇਲਵੇ ਨੇ ਕਈ ਸਾਵਧਾਨੀ ਉਪਾਅ ਕੀਤੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਸਮੂਹਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਮੀਰ ਲੋਕ ਜਹਾਜ਼ਾਂ ਜਾਂ ਕਾਰਾਂ ਰਾਹੀਂ ਸਫ਼ਰ ਕਰ ਸਕਦੇ ਹਨ ਪਰ ਕੰਮਕਾਜੀ ਲੋਕ ਅਤੇ ਗਰੀਬ ਲੋਕ ਰੇਲਵੇ ਰਾਹੀਂ ਸਫ਼ਰ ਕਰਦੇ ਹਨ।
ਰੇਲ ਗੱਡੀਆਂ ’ਚ ਜਨਰਲ ਕੋਚਾਂ ਦੀ ਗਿਣਤੀ ਘਟਾਉਣ ਦੇ ਵਿਰੋਧੀ ਧਿਰ ਦੇ ਦੋਸ਼ਾਂ ’ਤੇ ਉਨ੍ਹਾਂ ਕਿਹਾ ਕਿ ਇਹ ਸਰਕਾਰ ਅੰਤਯੋਦਿਆ ਦੀ ਭਾਵਨਾ ਨਾਲ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਧਿਆਨ ’ਚ ਰਖਦੇ ਹੋਏ ਗ਼ੈਰ-ਏ.ਸੀ. ਕੋਚਾਂ ਦੀ ਗਿਣਤੀ ਵਧਾਈ ਜਾ ਰਹੀ ਹੈ ਅਤੇ ਇਸ ਸਮੇਂ ਗ਼ੈਰ-ਏ.ਸੀ. ਅਤੇ ਏ.ਸੀ. ਕੋਚਾਂ ਦੀ ਗਿਣਤੀ 70:30 ਦੇ ਅਨੁਪਾਤ ’ਚ ਹੈ। ਉਨ੍ਹਾਂ ਕਿਹਾ ਕਿ 17,000 ਨਾਨ-ਏਸੀ ਕੋਚ ਤਿਆਰ ਕੀਤੇ ਜਾ ਰਹੇ ਹਨ।
‘ਕਵਚ’ ਪ੍ਰਾਜੈਕਟ ਨੂੰ ਗੁੰਝਲਦਾਰ ਅਤੇ ਵਿਸ਼ਾਲ ਨੈੱਟਵਰਕ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਨੂੰ 10,000 ਲੋਕੋਮੋਟਿਵਾਂ ’ਚ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਅਗਲੇ ਪੰਜ-ਛੇ ਸਾਲਾਂ ’ਚ ਪੂਰੇ ਦੇਸ਼ ’ਚ ਲਾਗੂ ਕਰ ਦਿਤਾ ਜਾਵੇਗਾ। ਪਛਮੀ ਬੰਗਾਲ, ਤਾਮਿਲਨਾਡੂ, ਕੇਰਲ ਵਰਗੇ ਵਿਰੋਧੀ ਧਿਰ ਦੇ ਸ਼ਾਸਨ ਵਾਲੇ ਸੂਬਿਆਂ ਦੇ ਮੈਂਬਰਾਂ ਦੇ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਵੈਸ਼ਣਵ ਨੇ ਵੱਖ-ਵੱਖ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ ਸਬੰਧਤ ਸੂਬਾ ਸਰਕਾਰਾਂ ਤੋਂ ਸਹਿਯੋਗ ਦੀ ਮੰਗ ਕੀਤੀ।
ਰੇਲ ਮੰਤਰੀ ਦੀ ਗ਼ਲਤੀ ’ਤੇ ਤ੍ਰਿਣਮੂਲ ਕਾਂਗਰਸ ਮੈਂਬਰਾਂ ਨੇ ਕੀਤਾ ਵਾਕਆਊਟ
ਰੇਲ ਮੰਤਰੀ ਨੇ ਅਪਣੇ ਭਾਸ਼ਣ ਦੇ ਅੰਤ ’ਚ ਗਲਤੀ ਨਾਲ ਮੈਂਬਰਾਂ ਨੂੰ ‘ਰੇਲ ਬਜਟ’ ਪਾਸ ਕਰਨ ਦੀ ਅਪੀਲ ਕੀਤੀ, ਜਿਸ ’ਤੇ ਕੁੱਝ ਮੈਂਬਰਾਂ ਨੇ ਇਤਰਾਜ਼ ਜਤਾਇਆ ਅਤੇ ਇਸ ਮੁੱਦੇ ਨੂੰ ਵਿਵਸਥਾ ਦੇ ਸਵਾਲ ਤਹਿਤ ਉਠਾਉਣ ਦੀ ਕੋਸ਼ਿਸ਼ ਕੀਤੀ। ਉਪ ਚੇਅਰਮੈਨ ਘਣਸ਼ਿਆਮ ਤਿਵਾੜੀ ਨੇ ਇਸ ਦੀ ਇਜਾਜ਼ਤ ਨਹੀਂ ਦਿਤੀ ਅਤੇ ਕਿਹਾ ਕਿ ਰੇਲ ਮੰਤਰਾਲੇ ਦੇ ਕੰਮਕਾਜ ’ਤੇ ਚਰਚਾ ਪੂਰੀ ਹੋ ਗਈ ਹੈ, ਇਸ ਲਈ ਹੁਣ ਉਨ੍ਹਾਂ ਨੂੰ ਵਾਪਸ ਨਹੀਂ ਆਉਣ ਦਿਤਾ ਜਾ ਸਕਦਾ। ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੇ ਇਹ ਮੁੱਦਾ ਉਠਾਉਣ ਦੀ ਇਜਾਜ਼ਤ ਨਾ ਮਿਲਣ ਤੋਂ ਬਾਅਦ ਵਾਕਆਊਟ ਕੀਤਾ।
ਰਾਜ ਸਭਾ ’ਚ ਵਿਰੋਧੀ ਧਿਰ ਦੇ ਮੈਂਬਰਾਂ ਨੇ ਆਮ ਆਦਮੀ ਲਈ ਰੇਲ ਸਹੂਲਤਾਂ ਵਧਾਉਣ ’ਤੇ ਜ਼ੋਰ ਦਿਤਾ
ਨਵੀਂ ਦਿੱਲੀ : ਰਾਜ ਸਭਾ ’ਚ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਸੋਮਵਾਰ ਨੂੰ ਰੇਲ ਹਾਦਸਿਆਂ ਦੀ ਵਧਦੀ ਗਿਣਤੀ ’ਤੇ ਚਿੰਤਾ ਜ਼ਾਹਰ ਕੀਤੀ ਅਤੇ ਆਮ ਆਦਮੀ ਲਈ ਰੇਲ ਸਹੂਲਤਾਂ ਵਧਾਉਣ ਦੀ ਜ਼ਰੂਰਤ ’ਤੇ ਜ਼ੋਰ ਦਿਤਾ।
ਉੱਚ ਸਦਨ ’ਚ ਰੇਲ ਮੰਤਰਾਲੇ ਦੇ ਕੰਮਕਾਜ ’ਤੇ ਚਰਚਾ ਨੂੰ ਅੱਗੇ ਵਧਾਉਂਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਰਾਮਜੀ ਨੇ ਕਿਹਾ ਕਿ ਸਰਦੀਆਂ ’ਚ ਧੁੰਦ ਕਾਰਨ ਰੇਲ ਗੱਡੀਆਂ ਦੇਰੀ ਨਾਲ ਚੱਲਦੀਆਂ ਹਨ ਪਰ ਇਨ੍ਹੀਂ ਦਿਨੀਂ ਧੁੰਦ ਨਹੀਂ ਹੈ, ਫਿਰ ਵੀ ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ। ਉਨ੍ਹਾਂ ਨੇ ਸਰਕਾਰ ਨੂੰ ਗਰੀਬਾਂ ਲਈ ਵੀ ਵੰਦੇ ਭਾਰਤ ਰੇਲ ਗੱਡੀਆਂ ਚਲਾਉਣ ਦਾ ਸੁਝਾਅ ਦਿਤਾ।
ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਦੇ ਸਰਫਰਾਜ਼ ਅਹਿਮਦ ਨੇ ਕਿਹਾ ਕਿ ਰੇਲ ਮੰਤਰੀ ਨੂੰ ਗਰੀਬਾਂ ਅਤੇ ਕਿਸਾਨਾਂ ’ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਜ਼ੋਰ ਸਿਰਫ ਨਵੀਆਂ ਰੇਲ ਗੱਡੀਆਂ ’ਤੇ ਹੀ ਨਹੀਂ ਹੋਣਾ ਚਾਹੀਦਾ, ਸਗੋਂ ਪੁਰਾਣੀਆਂ ਰੇਲ ਗੱਡੀਆਂ ’ਚ ਸਹੂਲਤਾਂ ਵਧਾਉਣ ’ਤੇ ਵੀ ਹੋਣਾ ਚਾਹੀਦਾ ਹੈ।
ਰਾਸ਼ਟਰਵਾਦੀ ਕਾਂਗਰਸ ਪਾਰਟੀ (ਸਪਾ) ਦੀ ਫੌਜੀਆ ਖਾਨ ਨੇ ਕਿਹਾ, ‘‘ਅਸੀਂ ਵਿਕਸਤ ਭਾਰਤ ਦੀ ਗੱਲ ਕਰਦੇ ਹਾਂ ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਕ ਸਾਧਨਹੀਣ ਭਾਰਤ ਹੈ ਜੋ ਆਮ ਰੇਲ ਗੱਡੀਆਂ ਦੇ ਖਚਾਖਚ ਭਰੇ ਡੱਬਿਆਂ ’ਚ ਯਾਤਰਾ ਕਰਦਾ ਹੈ।’’ ਐਨ.ਸੀ.ਪੀ. ਮੈਂਬਰ ਨੇ ਕਿਹਾ ਕਿ ਸਾਧਨਹੀਣ ਭਾਰਤ ਪ੍ਰਤੀ ਹਮਦਰਦੀ ਵਿਖਾਈ ਜਾਣੀ ਚਾਹੀਦੀ ਹੈ।