
ਹਿੰਦੂ ਧਾਰਮਕ ਸਥਾਨਾਂ ਨੂੰ ਨਿਸ਼ਾਨਾ ਬਣਾਏ ਜਾਣ ’ਤੇ ਚਿੰਤਾ ਜ਼ਾਹਰ ਕੀਤੀ, ਉਸ ਵਿਰੁਧ ਕਾਰਵਾਈ ਕਰਨ ਲਈ ਦਬਾਅ ਪਾਇਆ
ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਮਰੀਕੀ ਧਰਤੀ ’ਤੇ ਗਰਮਖ਼ਿਆਲੀ ਵੱਖਵਾਦੀ ਸਮੂਹ ਸਿੱਖਸ ਫਾਰ ਜਸਟਿਸ (SFJ ) ਦੀਆਂ ਗਤੀਵਿਧੀਆਂ ’ਤੇ ਸੋਮਵਾਰ ਨੂੰ ਅਮਰੀਕੀ ਕੌਮੀ ਖੁਫੀਆ ਨਿਰਦੇਸ਼ਕ ਤੁਲਸੀ ਗਬਾਰਡ ਨੂੰ ਭਾਰਤ ਦੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਇਸ ਨੂੰ ਅਤਿਵਾਦੀ ਸੰਗਠਨ ਐਲਾਨਣ ਦੀ ਅਪੀਲ ਕੀਤੀ। ਸੂਤਰਾਂ ਨੇ ਇਹ ਜਾਣਕਾਰੀ ਦਿਤੀ।
ਸੂਤਰਾਂ ਨੇ ਦਸਿਆ ਕਿ ਰਾਇਸੀਨਾ ਹਿਲਜ਼ ਸਥਿਤ ਅਪਣੇ ਦਫਤਰ ’ਚ 30 ਮਿੰਟ ਤੋਂ ਵੱਧ ਸਮੇਂ ਤਕ ਚੱਲੀ ਬੈਠਕ ਦੌਰਾਨ ਰਾਜਨਾਥ ਸਿੰਘ ਨੇ ਗਬਾਰਡ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ.ਐੱਸ.ਆਈ.) ਨਾਲ ਐਸ.ਐਫ.ਜੇ. ਦੇ ਕਥਿਤ ਸਬੰਧਾਂ ਅਤੇ ਬੱਬਰ ਖਾਲਸਾ ਖਾੜਕੂ ਜਥੇਬੰਦੀ ਨਾਲ ਇਸ ਦੇ ‘ਤਾਲਮੇਲ’ ਬਾਰੇ ਵੀ ਜਾਣਕਾਰੀ ਦਿਤੀ ਅਤੇ ਉਸ ਵਿਰੁਧ ਕਾਰਵਾਈ ਕਰਨ ਲਈ ਦਬਾਅ ਪਾਇਆ।
ਸੂਤਰਾਂ ਨੇ ਦਸਿਆ ਕਿ ਰੱਖਿਆ ਮੰਤਰੀ ਨੇ ਐਸ.ਐਫ਼.ਜੇ. ਵਲੋਂ ਅਮਰੀਕਾ ’ਚ ਵੱਖ-ਵੱਖ ਹਿੰਦੂ ਧਾਰਮਕ ਸਥਾਨਾਂ ਨੂੰ ਨਿਸ਼ਾਨਾ ਬਣਾਏ ਜਾਣ ’ਤੇ ਚਿੰਤਾ ਜ਼ਾਹਰ ਕੀਤੀ ਅਤੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨੂੰ ਰੋਕਿਆ ਜਾਣਾ ਚਾਹੀਦਾ ਹੈ। ਐਸ.ਐਫ.ਜੇ. ਦੀ ਅਗਵਾਈ ਗੁਰਪਤਵੰਤ ਸਿੰਘ ਪੰਨੂੰ ਕਰ ਰਹੇ ਹਨ। ਐਸ.ਐਫ.ਜੇ. ਭਾਰਤ ’ਚ ਇਕ ਪਾਬੰਦੀਸ਼ੁਦਾ ਸੰਗਠਨ ਹੈ। ਪੰਨੂੰ ਵੱਖ-ਵੱਖ ਅਤਿਵਾਦੀ ਮਾਮਲਿਆਂ ’ਚ ਭਾਰਤੀ ਜਾਂਚ ਏਜੰਸੀਆਂ ਨੂੰ ਲੋੜੀਂਦਾ ਹੈ।
ਇਸ ਤੋਂ ਇਲਾਵਾ ਰਾਜਨਾਥ ਸਿੰਘ ਅਤੇ ਗਬਾਰਡ ਨੇ ਰੱਖਿਆ, ਤਕਨਾਲੋਜੀ ਅਤੇ ਸੂਚਨਾ ਸਾਂਝੀ ਕਰਨ ਦੇ ਖੇਤਰਾਂ ’ਚ ਭਾਰਤ ਅਤੇ ਅਮਰੀਕਾ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਵੀ ਚਰਚਾ ਕੀਤੀ। ਇਕ ਅਧਿਕਾਰਤ ਬਿਆਨ ਮੁਤਾਬਕ ਰਾਜਨਾਥ ਸਿੰਘ ਅਤੇ ਗਬਾਰਡ ਨੇ ਸਮੁੰਦਰੀ ਖੇਤਰ ਵਿਚ ਦੁਵਲੇ ਰਣਨੀਤਕ ਸਹਿਯੋਗ ਦੀ ਵੀ ਸਮੀਖਿਆ ਕੀਤੀ।
ਗਬਾਰਡ ਭਾਰਤ ਦੇ ਢਾਈ ਦਿਨਾਂ ਦੌਰੇ ’ਤੇ ਐਤਵਾਰ ਤੜਕੇ ਕੌਮੀ ਰਾਜਧਾਨੀ ਪਹੁੰਚੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੇ ਕਿਸੇ ਚੋਟੀ ਦੇ ਅਧਿਕਾਰੀ ਦੀ ਇਹ ਪਹਿਲੀ ਉੱਚ ਪੱਧਰੀ ਭਾਰਤ ਯਾਤਰਾ ਹੈ। ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਉਹ ਅਮਰੀਕਾ ਦੇ ਕੌਮੀ ਖੁਫੀਆ ਮੁਖੀ ਨਾਲ ਮੁਲਾਕਾਤ ਕਰ ਕੇ ਖੁਸ਼ ਹਨ ਅਤੇ ਭਾਰਤ-ਅਮਰੀਕਾ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ।
ਰੱਖਿਆ ਮੰਤਰੀ ਨੇ ਕਿਹਾ, ‘‘ਅਸੀਂ ਭਾਰਤ-ਅਮਰੀਕਾ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਦੇ ਉਦੇਸ਼ ਨਾਲ ਰੱਖਿਆ ਅਤੇ ਸੂਚਨਾ ਵਾਂਝਾ ਕਰਨ ਸਮੇਤ ਕਈ ਮੁੱਦਿਆਂ ’ਤੇ ਚਰਚਾ ਕੀਤੀ।’’ ਇਹ ਸਮਝਿਆ ਜਾਂਦਾ ਹੈ ਕਿ ਦੋਹਾਂ ਧਿਰਾਂ ਨੇ ਖੇਤਰ ’ਚ ਚੀਨੀ ਫੌਜ ਦੇ ਵਧਦੇ ਫੌਜੀ ਦਬਦਬੇ ਦੇ ਪਿਛੋਕੜ ’ਚ ਹਿੰਦ-ਪ੍ਰਸ਼ਾਂਤ ਖੇਤਰ ’ਚ ਸੁਰੱਖਿਆ ਸਥਿਤੀ ਨੂੰ ਵਿਕਸਤ ਕਰਨ ’ਤੇ ਵੀ ਵਿਚਾਰ-ਵਟਾਂਦਰੇ ਕੀਤੇ।
ਰੱਖਿਆ ਮੰਤਰਾਲੇ ਨੇ ਕਿਹਾ ਕਿ ਰਾਜਨਾਥ ਸਿੰਘ ਅਤੇ ਗਬਾਰਡ ਨੇ ਇਸ ਗੱਲ ’ਤੇ ਜ਼ੋਰ ਦਿਤਾ ਕਿ ਰਣਨੀਤਕ ਸੁਰੱਖਿਆ ਭਾਰਤ-ਅਮਰੀਕਾ ਵਿਆਪਕ ਗਲੋਬਲ ਰਣਨੀਤਕ ਭਾਈਵਾਲੀ ਦਾ ਇਕ ਮਹੱਤਵਪੂਰਨ ਥੰਮ੍ਹ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਰਾਜਨਾਥ ਸਿੰਘ ਅਤੇ ਗਬਾਰਡ ਨੇ ਫੌਜੀ ਅਭਿਆਸ, ਰਣਨੀਤਕ ਸਹਿਯੋਗ, ਰੱਖਿਆ ਉਦਯੋਗਿਕ ਸਪਲਾਈ ਚੇਨ ਦੇ ਏਕੀਕਰਨ ਅਤੇ ਸੂਚਨਾ ਵਾਂਝਾ ਕਰਨ ਵਿਚ ਸਹਿਯੋਗ ਸਮੇਤ ਵੱਖ-ਵੱਖ ਖੇਤਰਾਂ ਵਿਚ ਭਾਰਤ ਅਤੇ ਅਮਰੀਕਾ ਵਿਚਾਲੇ ਹੋਈ ਮਹੱਤਵਪੂਰਨ ਤਰੱਕੀ ਦੀ ਸਮੀਖਿਆ ਕੀਤੀ।
ਇਸ ਤੋਂ ਇਕ ਦਿਨ ਪਹਿਲਾਂ ਗਬਾਰਡ ਨੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ ਸੀ ਅਤੇ ਕੌਮੀ ਰਾਜਧਾਨੀ ’ਚ ਭਾਰਤ ਵਲੋਂ ਆਯੋਜਿਤ ਗਲੋਬਲ ਖੁਫੀਆ ਮਾਹਰਾਂ ਦੀ ਕਾਨਫਰੰਸ ’ਚ ਹਿੱਸਾ ਲਿਆ ਸੀ। ਮੰਨਿਆ ਜਾ ਰਿਹਾ ਹੈ ਕਿ ਡੋਭਾਲ ਅਤੇ ਗਬਾਰਡ ਨੇ ਸੁਰੱਖਿਆ ਖੇਤਰ ’ਚ ਮਿਲ ਕੇ ਕੰਮ ਕਰਨ ਅਤੇ ਭਾਰਤ-ਅਮਰੀਕਾ ਗਲੋਬਲ ਰਣਨੀਤਕ ਭਾਈਵਾਲੀ ਦੇ ਅਨੁਸਾਰ ਖੁਫੀਆ ਜਾਣਕਾਰੀ ਸਾਂਝੀ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ।
ਗਬਾਰਡ, ਕੈਨੇਡਾ ਦੇ ਖੁਫੀਆ ਮੁਖੀ ਡੈਨੀਅਲ ਰੋਜਰਸ ਅਤੇ ਬਰਤਾਨੀਆਂ ਦੇ ਕੌਮੀ ਸੁਰੱਖਿਆ ਸਲਾਹਕਾਰ ਜੋਨਾਥਨ ਪਾਵੇਲ ਦੁਨੀਆਂ ਭਰ ਦੇ ਚੋਟੀ ਦੇ ਖੁਫੀਆ ਅਧਿਕਾਰੀਆਂ ਵਿਚ ਸ਼ਾਮਲ ਸਨ, ਜਿਨ੍ਹਾਂ ਨੇ ਇੱਥੇ ਭਾਰਤ ਵਲੋਂ ਆਯੋਜਿਤ ਸੁਰੱਖਿਆ ਕਾਨਫਰੰਸ ਵਿਚ ਹਿੱਸਾ ਲਿਆ। ਮੰਨਿਆ ਜਾਂਦਾ ਹੈ ਕਿ ਖੁਫੀਆ ਅਤੇ ਸੁਰੱਖਿਆ ਵਿਭਾਗਾਂ ਦੇ ਚੋਟੀ ਦੇ ਅਧਿਕਾਰੀਆਂ ਨੇ ਅਤਿਵਾਦ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਤੋਂ ਪੈਦਾ ਹੋਏ ਖਤਰਿਆਂ ਨਾਲ ਨਜਿੱਠਣ ਲਈ ਖੁਫੀਆ ਜਾਣਕਾਰੀ ਸਾਂਝੀ ਕਰਨ ਅਤੇ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਹੈ।