
ਕੇਂਦਰ ਸਰਕਾਰ ਵਲੋਂ ਐੱਸ. ਸੀ.\ਐੱਸ. ਟੀ. ਵਿਦਿਆਰਥੀਆਂ ਨੂੰ ਪਿਛਲੇ ਤਿੰਨ ਸਾਲਾਂ ਤੋਂ ਸਕਾਲਰਸ਼ਿਪ ਨਾ ਦਿਤੇ ਜਾਣ ਦੇ ਵਿਰੋਧ
ਚੰਡੀਗੜ੍ਹ (ਸੁਖਵਿੰਦਰ ਸਿੰਘ): ਕੇਂਦਰ ਸਰਕਾਰ ਵਲੋਂ ਐੱਸ. ਸੀ.ਐੱਸ. ਟੀ. ਵਿਦਿਆਰਥੀਆਂ ਨੂੰ ਪਿਛਲੇ ਤਿੰਨ ਸਾਲਾਂ ਤੋਂ ਸਕਾਲਰਸ਼ਿਪ ਨਾ ਦਿਤੇ ਜਾਣ ਦੇ ਵਿਰੋਧ ਵਿਚ ਮੰਗਲਵਾਰ ਨੂੰ ਪੰਜਾਬ ਭਾਜਪਾ ਦੇ ਦਫ਼ਤਰ ਦਾ ਘਿਰਾਉ ਕਰਨ ਜਾ ਰਹੇ ਪੰਜਾਬ ਯੂਥ ਕਾਂਗਰਸੀਆਂ ਨੂੰ ਪੁਲਿਸ ਨੇ ਰਸਤੇ 'ਚ ਹੀ ਰੋਕ ਲਿਆ। ਉਹਨਾਂ ਨੇ ਕੇਂਦਰ ਸਰਕਾਰ ਦੇ ਵਿਰੁਧ ਜੰਮ ਕੇ ਨਾਅਰੇਬਾਜ਼ੀ ਕੀਤੀ।
Youth Congress workers protest
ਭਾਜਪਾ ਦਫ਼ਤਰ ਵੱਲ ਵਧ ਰਹੇ ਯੂਥ ਕਾਂਗਰਸੀਆਂ ਨੂੰ ਰੋਕਣ ਦੇ ਲਈ ਪੁਲਿਸ ਨੇ ਉਹਨਾਂ ‘ਤੇ ਪਾਣੀ ਦੀਆਂ ਬਾਛੜਾਂ ਛੱਡੀਆਂ। ਰੋਸ ਪ੍ਰਦਰਸ਼ਨ ਵਿਚ ਪਹੁੰਚੇ ਕਾਂਗਰਸੀ ਨੇਤਾਵਾਂ ਨੇ ਕਿਹਾ ਹੈ ਕਿ ਮੋਦੀ ਸਰਕਾਰ ਵਲੋਂ ਐਸਸੀਐਸਟੀ ਵਰਗ ਦੇ ਵਿਦਿਆਰਥੀਆਂ ਦੇ ਲਈ ਬਣੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ 1615.79 ਕਰੋੜ ਰੁਪਏ ਜਾਰੀ ਨਾ ਕੀਤੇ ਜਾਣ ਦੇ ਕਾਰਨ ਪੰਜਾਬ ਦੇ 9 ਲੱਖ 14 ਹਜ਼ਾਰ 132 ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ।
Youth Congress workers protest
ਇਸ ਮੌਕੇ ਪੰਜਾਬ ਭਰ ਵਿਚੋਂ ਹਜ਼ਾਰਾਂ ਦੀ ਗਿਣਤੀ ਵਿਚ ਯੂਥ ਕਾਂਗਰਸ ਦੇ ਵਰਕਰਾਂ ਨੇ ਹਿੱਸਾ ਲਿਆ। ਇਸ ਪ੍ਰਦਰਸ਼ਨ ਦੀ ਅਗਵਾਈ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਲਾਲੀ ਵਲੋਂ ਕੀਤੀ ਗਈ। ਇਸ ਪ੍ਰਦਰਸ਼ਨ ਵਿਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਵੀ ਮੌਜੂਦ ਸਨ।
Youth Congress workers protest
ਅਮਰਪ੍ਰੀਤ ਲਾਲੀ ਨੇ ਕਿਹਾ ਕਿ ਐੱਸ.ਸੀ.ਐੱਸ. ਟੀ. ਵਿਦਿਆਰਥੀਆਂ ਨੂੰ ਪਿਛਲੇ ਤਿੰਨ ਸਾਲਾਂ ਤੋਂ ਕੇਂਦਰ ਸਰਕਾਰ ਨੇ ਵਜ਼ੀਫ਼ਾ ਫੰਡ ਜਾਰੀ ਨਹੀਂ ਕੀਤਾ ਹੈ, ਜਿਸ ਦੇ ਚਲਦੇ ਲੋਕ ਸਭਾ ਵਿਚ ਵੀ ਆਵਾਜ਼ ਬੁਲੰਦ ਕੀਤੀ ਗਈ ਸੀ ਅਤੇ ਵਾਰ-ਵਾਰ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਪਰ ਸਰਕਾਰ 'ਤੇ ਕੋਈ ਅਸਰ ਨਹੀਂ ਹੋਇਆ।
Youth Congress workers protest
ਕਾਂਗਰਸੀ ਸਾਂਸਦਾਂ ਨੇ ਵੀ ਸੰਸਦ ਭਵਨ 'ਚ ਆਵਾਜ਼ ਚੁੱਕੀ ਪਰ ਉਨ੍ਹਾਂ ਦੀ ਆਵਾਜ਼ ਨਹੀਂ ਸੁਣੀ ਗਈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਐਸਸੀ-ਐਸਟੀ ਵਰਗ ਨਾਲ ਮਤਰੇਈ ਮਾਂ ਵਾਲਾ ਵਰਤਾਅ ਕਰ ਰਹੀ ਹੈ ਤੇ ਉਹਨਾਂ ਨੇ ਕੇਂਦਰ ਸਰਕਾਰ ਤੋਂ ਇਹ ਰਾਸ਼ੀ ਤੁਰਤ ਜਾਰੀ ਕਰਨ ਦੀ ਮੰਗ ਕੀਤੀ।