
ਆਖ਼ਰ ਟੁੱਟਣ ਲੱਗੀ ਮਹਾਮਾਰੀ ਦੀ ਲੜੀ
ਨਵੀਂ ਦਿੱਲੀ, 16 ਅਪ੍ਰੈਲ: ਸਿਹਤ ਅਤੇ ਪਰਵਾਰ ਭਲਾਈ ਮੰਤਰਾਲੇ ਨੇ ਕਿਹਾ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਲਾਗੂ ਕੀਤੇ ਗਏ ਨਿਯਮਾਂ ਦੇ ਹੁਣ ਸਾਰਥਕ ਨਤੀਜੇ ਦਿਸਣ ਲੱਗੇ ਹਨ ਅਤੇ ਇਨ੍ਹਾਂ ਦਾ ਹੀ ਨਤੀਜਾ ਹੈ ਕਿ ਦੇਸ਼ ਵਿਚ ਪੀੜਤ ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ ਵਧੀ ਹੈ। ਨਾਲ ਹੀ ਦੇਸ਼ ਦੇ 325 ਜ਼ਿਲ੍ਹੇ ਲਾਗ ਤੋਂ ਮੁਕਤ ਹਨ।
ਉਨ੍ਹਾਂ ਕਿਹਾ ਕਿ ਦੇਸ਼ ਵਿਚ ਪਾਜੇਟਿਵ ਮਾਮਲਿਆਂ ਦੇ ਸਾਹਮਣੇ ਆਉਣ ਦੀ ਗਤੀ ਮੱਠੀ ਪੈ ਗਈ ਹੈ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪੱਤਰਕਾਰ ਸੰਮੇਲਨ ਵਿਚ ਦਸਿਆ ਕਿ ਲਾਗ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕੀਤੇ ਗਈ ਤਾਲਾਬੰਦੀ ਦੇ ਨਤੀਜੇ ਹੁਣ ਦਿਸਣ ਲੱਗੇ ਹਨ। ਉਨ੍ਹਾਂ ਕਿਹਾ ਕਿ ਲਾਗ ਤੋਂ ਪ੍ਰਭਾਵਤ ਹੋਏ 17 ਰਾਜਾਂ ਦੇ 27 ਜ਼ਿਲ੍ਹਿਆਂ ਵਿਚ ਪਿਛਲੇ 14 ਦਿਨਾਂ ਤੋਂ ਲਾਗ ਦੇ ਇਕ ਵੀ ਮਾਮਲੇ ਦੀ ਪੁਸ਼ਟੀ ਨਹੀਂ ਹੋਈ।
ਇਸੇ ਤਰ੍ਹਾਂ ਪੁਡੂਚੇਰੀ ਦੇ ਮਾਹੇ ਜ਼ਿਲ੍ਹੇ ਵਿਚ ਪਿਛਲੇ 28 ਦਿਨਾਂ ਵਿਚ ਲਾਗ ਦਾ ਇਕ ਵੀ ਮਾਮਲਾ ਸਾਹਮਣਾ ਨਹੀਂ ਆਇਆ। ਉਨ੍ਹਾਂ ਕਿਹਾ ਕਿ ਇਹ ਲਾਗ ਦੀ ਲੜੀ ਟੁੱਟਣ ਦਾ ਸਪੱਸ਼ਟ ਪ੍ਰਮਾਣ ਹੈ। ਅਗਰਵਾਲ ਨੇ ਕਿਹਾ ਕਿ 20 ਅਪ੍ਰੈਲ ਤਕ ਲਾਗ ਮੁਕਤ 325 ਜ਼ਿਲ੍ਹਿਆਂ ਸਦੇ ਦੇਸ਼ ਦੇ ਹੋਰ ਸਾਰੇ ਜ਼ਿਲ੍ਹਿਆਂ ਵਿਚ ਕੋਰੋਨਾ ਵਾਇਰਸ ਨੂੰ ਰੋਕਣ ਦੇ ਤਰੀਕਿਆਂ ਦੀ ਸਖ਼ਤੀ ਨਾਲ ਪਾਲਣਾ ਅਤੇ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ।
ਅਗਰਵਾਲ ਨੇ ਕਿਹਾ ਕਿ ਦੇਸ਼ ਵਿਚ ਪੀੜਤ ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ ਵਧ ਰਹੀ ਹੈ ਜੋ ਚੰਗਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਪਿਛਲੇ ਕੁੱਝ ਦਿਨਾਂ ਵਿਚ 11.4 ਫ਼ੀ ਸਦੀ ਤੋਂ ਵੱਧ ਕੇ 12.02 ਫ਼ੀ ਸਦੀ ਹੋ ਗਈ ਹੈ। ਨਤੀਜਨ ਹੁਣ ਤਕ 1498 ਮਰੀਜ਼ਾਂ ਨੂੰ ਇਲਾਜ ਮਗਰੋਂ ਸਿਹਤਮੰਦ ਹੋਣ 'ਤੇ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ ਹੈ। ਇਨ੍ਹਾਂ ਵਿਚ ਹੁਣ ਤਕ ਸਿਹਤਮੰਦ ਹੋਣ ਵਾਲੇ 184 ਮਰੀਜ਼ ਵੀ ਸ਼ਾਮਲ ਹਨ।
File photo
ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਦੇਸ਼ ਵਿਚ ਕੁਲ ਪੀੜਤ ਮਰੀਜ਼ਾਂ ਦੀ ਗਿਣਤੀ 12380 ਅਤੇ ਮਰਨ ਵਾਲਿਆਂ ਦੀ ਗਿਣਤੀ 414 ਹੋ ਗਈ ਹੈ। ਇਨ੍ਹਾਂ ਵਿਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ ਲਾਗ ਦੇ 941 ਅਤੇ ਮਰੀਜ਼ਾਂ ਦੀ ਮੌਤ ਦੇ 37 ਮਾਮਲੇ ਵੀ ਸ਼ਾਮਲ ਹਨ। ਆਈਸੀਐਮਆਰ ਦੇ ਸੀਨੀਅਰ ਵਿਗਿਆਨੀ ਡਾ. ਰਮਨ ਆਰ ਗੰਗਾਖੇੜਕਰ ਨੇ ਦਸਿਆ ਕਿ ਕੋਰੋਨਾ ਵਾਇਰਸ ਦੀ ਫੌਰੀ ਟੈਸਟਿੰਗ ਦੀਆਂ ਦੋ ਕਿਸਮਾਂ ਦੀਆਂ ਪੰਜ ਲੱਖ ਕਿੱਟਾਂ ਦੀ ਸਪਲਾਈ ਹੋ ਗਈ ਹੈ। ਦੇਸ਼ ਵਿਚ ਹੁਣ ਤਕ 2,90,401 ਕੋਵਿਡ 19 ਟੈਸਟ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿਚ ਪਿਛਲੇ 24 ਘੰਟਿਆਂ ਵਿਚ ਹੋਈਆਂ 30043 ਕਿੱਟਾਂ ਸ਼ਾਮਲ ਹਨ। (ਏਜੰਸੀ)
24 ਘੰਟਿਆਂ 'ਚ 824 ਨਵੇਂ ਮਾਮਲੇ, 28 ਮੌਤਾਂ
ਦੇਸ਼ ਵਿਚ ਇਕ ਦਿਨ ਵਿਚ ਕੋਰੋਨਾ ਵਾਇਰਸ ਦੀ ਬੀਮਾਰੀ ਤੋਂ 183 ਲੋਕ ਠੀਕ ਹੋਏ ਹਨ ਜਦਕਿ 24 ਘੰਟਿਆਂ ਵਿਚ ਇਸ ਮਹਾਮਾਰੀ ਦੇ 824 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 28 ਜਣਿਆਂ ਦੀ ਮੌਤ ਹੋਈ ਹੇ। ਦੇਸ਼ ਵਿਚ ਫ਼ਿਲਹਾਲ 12759 ਲੋਕ ਪੀੜਤ ਅਤੇ ਹੁਣ ਤਕ ਕੁਲ 420 ਲੋਕਾਂ ਦੀ ਮੌਤ ਹੋਈ ਹੈ।
ਇਨ੍ਹਾਂ ਜ਼ਿਲ੍ਹਿਆਂ 'ਚ ਦੋ ਹਫ਼ਤਿਆਂ ਤੋਂ ਇਕ ਵੀ ਮਰੀਜ਼ ਨਹੀਂ
ਅਗਰਵਾਲ ਨੇ ਦਸਿਆ ਕਿ ਜਿਨ੍ਹਾਂ ਜ਼ਿਲ੍ਹਿਆਂ ਵਿਚ ਦੋ ਹਫ਼ਤਿਆਂ ਤੋਂ ਇਕ ਵੀ ਮਰੀਜ਼ ਨਹੀਂ ਮਿਲਿਆ, ਉਨ੍ਹਾਂ ਵਿਚ ਬਿਹਾਰ ਦਾ ਪਟਨਾ, ਬੰਗਾਲ ਦਾ ਨਾਦੀਆ, ਰਾਜਸਥਾਨ ਦਾ ਪ੍ਰਤਾਪਗੜ੍ਹ, ਗੁਜਰਾਤ ਦਾ ਪੋਰਬੰਦਰ, ਦਖਦੀ ਗੋਆ, ਯੂਪੀ ਦਾ ਪੀਲੀਭੀਤ, ਜੰਮੂ ਕਸ਼ਮੀਰ ਦਾ ਰਾਜੌਰੀ, ਉਤਰਾਖੰਡ ਦਾ ਪੌੜੀ ਗੜਵਾਲ, ਛੱਤੀਸਗੜ੍ਹ ਦਾ ਰਾਜਨੰਦਗਾਂਵ, ਕਰਨਾਟਕ ਦਾ ਬੇਲਾਰੀ, ਕੇਰਲਾ ਦਾ ਵਾਇਨਾਡ, ਹਰਿਆਣਾ ਦਾ ਪਾਨੀਪਤ ਅਤੇ ਮੱਧ ਪ੍ਰਦੇਸ਼ ਦਾ ਸ਼ਿਵਪੁਰੀ ਜ਼ਿਲ੍ਹਾ ਸ਼ਾਮਲ ਹਨ।