
ਕੜਕਦੀ ਧੁੱਪ ਕਾਰਨ ਕਈ ਹੋਏ ਬੀਮਾਰ
ਨਵੀਂ ਮੁੰਬਈ : ਮਹਾਰਾਸ਼ਟਰ ਦੇ ਨਵੀਂ ਮੁੰਬਈ 'ਚ ਐਤਵਾਰ ਨੂੰ ਮਹਾਰਾਸ਼ਟਰ ਭੂਸ਼ਣ ਸਮਾਗਮ ਦੌਰਾਨ ਹੀਟ ਸਟ੍ਰੋਕ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਹਸਪਤਾਲ 'ਚ 24 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਮਰਨ ਵਾਲਿਆਂ 'ਚ 8 ਔਰਤਾਂ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਬਜ਼ੁਰਗ ਹਨ। ਇਹ ਪ੍ਰੋਗਰਾਮ ਨਵੀਂ ਮੁੰਬਈ ਦੇ ਖਾਰਘਰ ਦੇ ਇੱਕ ਵੱਡੇ ਮੈਦਾਨ ਵਿੱਚ ਸਵੇਰੇ 11.30 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲਿਆ। ਇਸ ਦੌਰਾਨ ਦਿਨ ਦਾ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਰਿਹਾ।
ਇਸ ਸਮਾਗਮ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਮਾਜ ਸੇਵਕ ਦੱਤਾਤ੍ਰੇਯ ਨਰਾਇਣ ਨੂੰ ਇਹ ਪੁਰਸਕਾਰ ਦਿੱਤਾ। ਇਸ ਮੌਕੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਨੇ ਸ਼ਿਰਕਤ ਕੀਤੀ। ਸਾਰੇ ਲੋਕਾਂ ਦੇ ਪ੍ਰੋਗਰਾਮ ਦੇਖਣ ਅਤੇ ਸੁਣਨ ਲਈ ਗਰਾਊਂਡ ਵਿੱਚ ਆਡੀਓ ਅਤੇ ਵੀਡੀਓ ਦੀ ਸਹੂਲਤ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ ਪਰ ਲੋਕਾਂ ਦੇ ਬੈਠਣ ਲਈ ਕੀਤੇ ਗਏ ਪ੍ਰਬੰਧਾਂ ਉਪਰ ਕੋਈ ਛਾਂ ਨਹੀਂ ਰੱਖੀ ਗਈ। ਇਸ ਮੌਕੇ ਧੁੱਪ ਅਤੇ ਗਰਮੀ ਨੇ ਕਈ ਲੋਕਾਂ ਦੀ ਸਿਹਤ ਖਰਾਬ ਕਰ ਦਿੱਤੀ।
ਇਸ ਪ੍ਰੋਗਰਾਮ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਪ੍ਰੋਗਰਾਮ ਸਵੇਰੇ 10.30 ਵਜੇ ਖਤਮ ਹੋਣਾ ਸੀ ਪਰ ਦੁਪਹਿਰ 1 ਵਜੇ ਤੱਕ ਚੱਲਿਆ। ਇਸ ਤੋਂ ਬਾਅਦ ਭੀੜ 'ਚ ਮੌਜੂਦ ਲੋਕਾਂ ਨੂੰ ਬਾਹਰ ਕੱਢਣ 'ਚ ਸਮਾਂ ਲੱਗਾ। ਡੀਹਾਈਡ੍ਰੇਸ਼ਨ ਕਾਰਨ ਕਈ ਲੋਕਾਂ ਨੂੰ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਉਨ੍ਹਾਂ ਦੀ ਸਿਹਤ ਵਿਗੜ ਗਈ।