
ਵਿਲੱਖਣ ਸੰਗ੍ਰਹਿ ’ਚ ਵੱਡੇ ਹਥਿਆਰਾਂ ਦੇ ਨਾਲ-ਨਾਲ ‘ਮਿੰਨੀ ਪਿਸਤੌਲ’ ਵੀ ਹਨ ਜੋ ਹਥਲੀ ’ਚ ਫਿੱਟ ਹੁੰਦੇ ਹਨ
ਇੰਦੌਰ (ਮੱਧ ਪ੍ਰਦੇਸ਼): ਕੀ ਤੁਸੀਂ ਕਦੇ ਅਜਿਹੀ ਬੰਦੂਕ ਦੇਖੀ ਹੈ ਜੋ ਬਾਹਰੋਂ ਆਮ ਡੰਡੇ ਵਰਗੀ ਵਿਖਾਈ ਦਿੰਦੀ ਹੈ ਪਰ ਜਿਵੇਂ ਹੀ ਇਸ ਦੇ ਘੋੜੇ ਨੂੰ ਦਬਾਇਆ ਜਾਂਦਾ ਹੈ ਤਾਂ ਉਸ ਵਿਚੋਂ ਨਿਕਲੀ ਗੋਲੀ ਨਿਸ਼ਾਨੇ ’ਤੇ ਲੱਗਣ ਸਾਰ ਦੁਸ਼ਮਣ ਦਾ ਸਫ਼ਾਇਆ ਕਰਨ ’ਚ ਸਮਰੱਥ ਹੋਵੇ। ਇੰਦੌਰ ’ਚ ਸੀਮਾ ਸੁਰੱਖਿਆ ਬਲ (BSF) ਦੇ ਸੈਂਟਰਲ ਸਕੂਲ ਆਫ ਆਰਮਾਮੈਂਟ ਐਂਡ ਵਾਰਫੇਅਰ ਸਕਿੱਲਜ਼ (ਸੀ.ਐਸ.ਡਬਲਯੂ.ਟੀ.) ਦੇ ਆਰਮਜ਼ ਮਿਊਜ਼ੀਅਮ ’ਚ ਅਜਿਹੀਆਂ ਤਿੰਨ ‘ਸਟਿਕ ਗੰਨ’ ਸਜਾਈਆਂ ਗਈਆਂ ਹਨ।
ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਦਸਿਆ ਕਿ ਬੀ.ਐਸ.ਐਫ. ਦੇ ਪਹਿਲੇ ਡਾਇਰੈਕਟਰ ਜਨਰਲ ਕੇ.ਐਫ. ਰੁਸਤਮਜੀ ਦੀ ਸੋਚ ਅਨੁਸਾਰ 1967 ’ਚ ਸਥਾਪਤ ਕੀਤੇ ਗਏ ਇਸ ਅਜਾਇਬ ਘਰ ’ਚ 300 ਦੁਰਲੱਭ ਹਥਿਆਰਾਂ ਦਾ ਭੰਡਾਰ ਹੈ। ਇਨ੍ਹਾਂ ’ਚ ਬੰਦੂਕਾਂ, ਪਿਸਤੌਲ, ਰਿਵਾਲਵਰ, ਰਾਈਫਲਾਂ, ਸਬ-ਮਸ਼ੀਨ ਗਨ, ਲਾਈਟ ਮਸ਼ੀਨ ਗਨ (ਐਲ.ਐਮ.ਜੀ.), ਮੀਡੀਅਮ ਮਸ਼ੀਨ ਗਨ (ਐਮ.ਐਮ.ਜੀ.), ਰਾਕੇਟ ਲਾਂਚਰ, ਮੋਰਟਾਰ ਅਤੇ ਗ੍ਰੇਨੇਡ ਲਾਂਚਰ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਵੱਖ-ਵੱਖ ਸਰੋਤਾਂ ਤੋਂ ਇਕੱਤਰ ਕੀਤੇ ਗਏ ਇਸ ਵਿਲੱਖਣ ਸੰਗ੍ਰਹਿ ’ਚ ਵੱਡੇ ਹਥਿਆਰਾਂ ਦੇ ਨਾਲ-ਨਾਲ ‘ਮਿੰਨੀ ਪਿਸਤੌਲ’ ਵੀ ਹਨ ਜੋ ਹਥਲੀ ’ਚ ਫਿੱਟ ਹੁੰਦੇ ਹਨ। ਸੀ.ਐਸ.ਡਬਲਯੂ.ਟੀ. ਦੇ ਇੰਸਪੈਕਟਰ ਜਨਰਲ ਬੀ.ਐਸ. ਰਾਵਤ ਨੇ ਪੀ.ਟੀ.ਆਈ. ਨੂੰ ਦਸਿਆ ਕਿ ਅਜਾਇਬ ਘਰ ’ਚ ਵਿਸ਼ੇਸ਼ ਤੌਰ ’ਤੇ 14ਵੀਂ ਸਦੀ ਤੋਂ ਬਾਅਦ ਦੀਆਂ ਪੀੜ੍ਹੀਆਂ ਤਕ ਦੇ ਹਥਿਆਰ ਪ੍ਰਦਰਸ਼ਿਤ ਕੀਤੇ ਗਏ ਹਨ।
ਉਨ੍ਹਾਂ ਕਿਹਾ, ‘‘ਇਸ ਅਜਾਇਬ ਘਰ ਦੇ ਜ਼ਰੀਏ, ਤੁਸੀਂ ਜਾਣਦੇ ਹੋ ਕਿ ਮਨੁੱਖਤਾ ਨੇ ਸ਼ੁਰੂਆਤ ’ਚ ਕਿਹੜੇ ਹਥਿਆਰਾਂ ਦੀ ਵਰਤੋਂ ਕੀਤੀ ਸੀ ਅਤੇ ਪਹਿਲੇ ਅਤੇ ਦੂਜੇ ਵਿਸ਼ਵ ਜੰਗ ਦੇ ਆਉਣ ਤਕ ਹਥਿਆਰ ਹੌਲੀ-ਹੌਲੀ ਕਿਵੇਂ ਵਿਕਸਤ ਹੋਏ ਸਨ।’’
ਰਾਵਤ ਨੇ ਕਿਹਾ ਕਿ ਬੀ.ਐਸ.ਐਫ. ਮਿਊਜ਼ੀਅਮ ’ਚ ਭਾਰਤੀ ਸੁਤੰਤਰਤਾ ਸੰਗਰਾਮ ਦੇ ਸ਼ਹੀਦ ਭਗਤ ਸਿੰਘ ਦੀ ਪਿਸਤੌਲ ਵੀ ਸੀ, ਜਿਸ ਦੀ ਵਰਤੋਂ ਉਸ ਨੇ 17 ਦਸੰਬਰ, 1928 ਨੂੰ ਲਾਹੌਰ ’ਚ ਬ੍ਰਿਟਿਸ਼ ਪੁਲਿਸ ਅਧਿਕਾਰੀ ਜੇ.ਪੀ. ਸਾਂਡਰਸ ਦੇ ਕਤਲ ਲਈ ਕੀਤੀ ਸੀ। ਅਧਿਕਾਰੀਆਂ ਨੇ ਦਸਿਆ ਕਿ ਅਮਰੀਕੀ ਹਥਿਆਰ ਨਿਰਮਾਤਾ ਕੋਲਟਸ ਵਲੋਂ ਵਿਕਸਿਤ ਸੈਮੀ-ਆਟੋਮੈਟਿਕ ਪਿਸਤੌਲ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ’ਤੇ 2017 ’ਚ ਪੰਜਾਬ ਭੇਜੀ ਗਈ ਸੀ ਅਤੇ ਇਸ ਸਮੇਂ ਫਿਰੋਜ਼ਪੁਰ ਜ਼ਿਲ੍ਹੇ ਦੇ ਹੁਸੈਨੀਵਾਲਾ ’ਚ ਇਕ ਅਜਾਇਬ ਘਰ ’ਚ ਪ੍ਰਦਰਸ਼ਿਤ ਹੈ।
ਰਾਵਤ ਨੇ ਕਿਹਾ ਕਿ ਭਗਤ ਸਿੰਘ ਦੀ ਸ਼ਹਾਦਤ ਦੇ ਸਨਮਾਨ ’ਚ ਉਨ੍ਹਾਂ ਦੀ ਇਸ ਇਤਿਹਾਸਕ ਪਿਸਤੌਲ ਦੀ ਤਸਵੀਰ ਇੰਦੌਰ ਦੇ ਬੀ.ਐਸ.ਐਫ. ਆਰਮਜ਼ ਮਿਊਜ਼ੀਅਮ ’ਚ ਲਗਾਈ ਗਈ ਹੈ। ਉਨ੍ਹਾਂ ਇਹ ਵੀ ਦਸਿਆ ਕਿ ਸੀ.ਐਸ.ਡਬਲਯੂ.ਟੀ. ’ਚ ਸਿਖਲਾਈ ਲਈ ਆਉਣ ਵਾਲੇ ਕਰਮਚਾਰੀਆਂ ਨੂੰ ਅਜਾਇਬ ਘਰ ਦੇ ਇਨ੍ਹਾਂ ਹਥਿਆਰਾਂ ਨਾਲ ਜਾਣੂ ਕਰਵਾਇਆ ਜਾਂਦਾ ਹੈ ਤਾਂ ਜੋ ਉਹ ਜਾਣ ਸਕਣ ਕਿ ਪੁਰਾਣੀ ਪੀੜ੍ਹੀ ਦੇ ਦੇਸੀ ਅਤੇ ਵਿਦੇਸ਼ੀ ਹਥਿਆਰਾਂ ’ਚ ਕੀ ਕਮੀਆਂ ਸਨ ਅਤੇ ਇਹਨਾਂ ਨੂੰ ਕਿਵੇਂ ਦੂਰ ਕੀਤਾ ਗਿਆ।