
ਕੇਂਦਰੀ ਮੰਤਰੀ ਮੇਨਕਾ ਗਾਂਧੀ ਦੇ ਦਖ਼ਲ ਤੋਂ ਬਾਅਦ ਪੁਲਿਸ ਨੇ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਵਿਚ ਕੁੱਤਿਆਂ ਦੀ ਲੜਾਈ ਦੇ ਸਮਾਗਮ....
ਚੰਡੀਗੜ੍ਹ : ਕੇਂਦਰੀ ਮੰਤਰੀ ਮੇਨਕਾ ਗਾਂਧੀ ਦੇ ਦਖ਼ਲ ਤੋਂ ਬਾਅਦ ਪੁਲਿਸ ਨੇ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਵਿਚ ਕੁੱਤਿਆਂ ਦੀ ਲੜਾਈ ਦੇ ਸਮਾਗਮ 'ਤੇ ਰੋਕ ਲਗਾ ਦਿਤੀ ਹੈ। ਪੁਲਿਸ ਨੇ ਪ੍ਰਸਤਾਵਤ ਕੁੱਤਿਆਂ ਦੀ ਲੜਾਈ ਵਾਲੇ ਸ਼ੋਅ ਦੇ ਪ੍ਰਬੰਧਕਾਂ ਵਿਰੁਧ ਪਸ਼ੂ ਦੇ ਨਾਲ ਕਰੂਰਤਾ ਰੋਕਥਾਮ ਕਾਨੂੰਨ 1960 ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਆਯੋਜਨ ਦਾ ਇਕ ਇਸ਼ਤਿਹਾਰ ਹਾਲ ਹੀ ਵਿਚ ਨਿਹਾਲ ਸਿੰਘ ਵਾਲਾ ਦੀਆਂ ਕੰਧਾਂ 'ਤੇ ਦਿਖਾਈ ਦਿਤਾ ਸੀ, ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪੁਲਿਸ ਨੂੰ ਤੁਰਤ ਕਾਰਵਾਈ ਕਰਨ ਦੇ ਨਿਰਦੇਸ਼ ਦਿਤੇ।
menka gandhiਇਕ ਪੁਲਿਸ ਨੇ ਕਿਹਾ ਕਿ ਇਸ ਆਯੋਜਨ ਸਬੰਧੀ ਮੇਨਕਾ ਗਾਂਧੀ ਦੇ ਦਫ਼ਤਰ ਵਲੋਂ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦਿਤੀ ਗਈ। ਪੁਲਿਸ ਜਾਂਚ ਤੋਂ ਪਤਾ ਚੱਲਿਆ ਕਿ ਵੱਖ-ਵੱਖ ਨਸਲਾਂ ਦੇ ਟ੍ਰੇਂਡ ਕੁੱਤਿਆਂ ਨੂੰ ਸ਼ੋਅ ਵਿਚ ਹਿੱਸਾ ਲੈਣਾ ਸੀ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਕੁੱਤਿਆਂ ਦੀ ਲੜਾਈ ਦਾ ਮੁੱਦਾ ਫ਼ਰਵਰੀ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਉਠਾਇਆ ਸੀ।
dog fightਪੁਲਿਸ ਨੇ ਅਣਪਛਾਤੇ ਲੋਕਾਂ ਵਿਰੁਧ ਐਨੀਮਲ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਕਿਸੇ ਵਿਅਕਤੀ ਨੇ ਕਸਬਾ ਨਿਹਾਲ ਸਿੰਘ ਵਾਲਾ ਵਿਚ ਇਸ਼ਤਿਹਾਰ ਜਾਰੀ ਕਰਕੇ ਸੋਸ਼ਲ ਮੀਡੀਆ 'ਤੇ ਪਾਇਆ ਹੈ ਕਿ 15 ਜੂਨ ਨੂੰ ਇੱਥੇ ਕੁੱਤਿਆਂ ਦੀ ਲੜਾਈ ਕਰਵਾਈ ਜਾਵੇਗੀ ਅਤੇ ਇਸ ਦੌਰਾਨ ਵਿਜੇਤਾ ਕੁੱਤਿਆਂ ਦੇ ਮਾਲਕਾਂ ਨੂੰ ਇਨਾਮ ਵੀ ਦਿਤੇ ਜਾਣਗੇ।
menka gandhiਇਹ ਵੀ ਇਸ਼ਤਿਹਾਰ ਵਿਚ ਲਿਖਿਆ ਗਿਆ ਹੈ ਕਿ ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲਿਆਂ ਲਈ 500 ਰੁਪਏ ਦੀ ਐਂਟਰੀ ਫ਼ੀਸ ਰੱਖੀ ਗਈ ਹੈ। ਇਸ ਇਸ਼ਤਿਹਾਰ ਦੀ ਤਸਵੀਰ ਖਿੱਚ ਕੇ ਕਿਸੇ ਵਿਅਕਤੀ ਨੇ ਇਸ ਸ਼ਿਕਾਇਤ ਡਿਪਟੀ ਕਮਿਸ਼ਨਰ ਸਮੇਤ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਕਰ ਦਿਤੀ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਵੈਟਰਨਰੀ ਅਫ਼ਸਰ ਨੂੰ ਜਾਂਚ ਦੇ ਆਦੇਸ਼ ਜਾਰੀ ਕਰ ਦਿਤੇ। ਜਾਂਚ ਅਧਿਕਾਰੀ ਨੇ ਦਸਿਆ ਕਿ ਐਨੀਮਲ ਐਕਟ ਤਹਿਤ ਜਾਨਵਰਾਂ ਦੀ ਫਾਈਟ ਕਰਵਾਉਣਾ ਕਾਨੂੰਨੀ ਅਪਰਾਧ ਹੈ।
dog fightਇਸ਼ਤਿਹਾਰ ਜਾਰੀ ਕਰਨ ਵਾਲੇ ਦੇ ਮੋਬਾਇਲ ਨੰਬਰ ਅਤੇ ਹੋਰ ਪਤੇ ਤੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਦਸ ਦਈਏ ਕਿ ਮੇਨਕਾ ਗਾਂਧੀ ਦੇਸ਼ ਭਰ ਵਿਚ ਹੋਰ ਵੀ ਪਸ਼ੂਆਂ ਅਤੇ ਪੰਛੀਆਂ ਨੂੰ ਲੈ ਕੇ ਇਸ ਤਰ੍ਹਾਂ ਮੁੱਦੇ ਉਠਾ ਚੁੱਕੀ ਹੈ। ਕਈ ਥਾਵਾਂ 'ਤੇ ਕੁੱਝ ਲੋਕਾਂ ਵਿਰੁਧ ਕਾਰਵਾਈ ਵੀ ਕੀਤੀ ਗਈ ਹੈ। ਕਾਫ਼ੀ ਸਮਾਂ ਪਹਿਲਾਂ ਉਨ੍ਹਾਂ ਨੇ ਘਰ ਦੇ ਪਿੰਜਰਿਆਂ ਵਿਚ ਰੱਖੇ ਜਾਣ ਵਾਲੇ ਪੰਛੀਆਂ ਦਾ ਮੁੱਦਾ ਵੀ ਉਠਾਇਆ ਸੀ।