
ਧਮਾਕੇ ਵਿਚ ਨੌਂ ਜਵਾਨ ਜ਼ਖ਼ਮੀ, ਤਿੰਨ ਦੀ ਹਾਲਤ ਗੰਭੀਰ
ਸ੍ਰੀਨਗਰ : ਪੁਲਵਾਮਾ ਵਿਚ ਇਕ ਵਾਰ ਫਿਰ ਅਤਿਵਾਦੀ ਹਮਲਾ ਹੋਇਆ ਹੈ। ਅਤਿਵਾਦੀਆਂ ਨੇ ਆਈਈਡੀ ਧਮਾਕਾ ਕੀਤਾ ਅਤੇ ਫ਼ੌਜ ਦੀ 44 ਰਾਸ਼ਟਰੀ ਰਾਈਫ਼ਲਜ਼ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਸੂਤਰਾਂ ਮੁਤਾਬਕ ਹਮਲੇ ਵਿਚ ਫ਼ੌਜ ਦੇ ਨੌਂ ਜਵਾਨ ਜ਼ਖ਼ਮੀ ਹੋ ਗਏ ਹਨ ਅਤੇ ਤਿੰਨ ਦੀ ਹਾਲਤ ਗੰਭੀਰ ਹੈ। ਸਾਰੇ ਜਵਾਨਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ ਹਾਲਾਂਕਿ ਪੁਲਿਸ ਨੇ ਕਿਸੇ ਦੇ ਜ਼ਖ਼ਮੀ ਹੋਣ ਦੀ ਫ਼ਿਲਹਾਲ ਪੁਸ਼ਟੀ ਨਹੀਂ ਕੀਤੀ।
Army convoy targetted by IED blast in Pulwama, 9 jawans injured
ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਅਤਿਵਾਦੀਆਂ ਨੇ ਫ਼ੌਜ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਉਂਦਿਆਂ ਆਈਈਡੀ ਧਮਾਕੇ ਨਾਲ ਹਮਲਾ ਕੀਤਾ। ਦਖਣੀ ਕਸ਼ਮੀਰ ਦੇ ਇਸ ਜ਼ਿਲ੍ਹੇ ਵਿਚ ਅਤਿਵਾਦੀਆਂ ਨੇ ਰਾਸ਼ਟਰੀ ਰਾਈਫ਼ਲਜ਼ ਦੀ ਗੱਡੀ, ਬੁਲੇਟ ਅਤੇ ਬਾਰੂਦੀ ਸੁਰੰਗ ਪਰੂਫ਼ ਵਾਹਨ ਨੂੰ ਨਿਸ਼ਾਨਾ ਬਣਾਇਆ। ਫ਼ੌਜ ਨੇ ਇਲਾਕੇ ਨੂੰ ਘੇਰ ਲਿਆ ਅਤੇ ਹਵਾ ਵਿਚ ਗੋਲੀਆਂ ਚਲਾਈਆਂ। ਇਹ ਜਗ੍ਹਾ 14 ਫ਼ਰਵਰੀ ਨੂੰ ਹੋਏ ਹਮਲੇ ਵਾਲੀ ਥਾਂ ਤੋਂ 27 ਕਿਲੋਮੀਟਰ ਦੂਰ ਪੈਂਦੀ ਹੈ।
Army convoy targetted by IED blast in Pulwama, 9 jawans injured
ਇਹ ਹਮਲਾ ਪੁਲਵਾਮਾ ਦੇ ਅਰਿਹਲ ਪਿੰਡ ਵਿਚ ਅਰਿਹਲ-ਲਸੀਪੁਰਾ ਰੋਡ 'ਤੇ ਹੋਇਆ। ਫ਼ੌਜ ਅਤੇ ਅਤਿਵਾਦੀਆਂ ਵਿਚਾਲੇ ਗੋਲੀਬਾਰੀ ਹੋਈ। ਹਮਲਾ ਤਦ ਹੋਇਆ ਜਦ ਫ਼ੌਜ ਦੀ ਬਖ਼ਤਰਬੰਦ ਗੱਡੀ ਉਥੋਂ ਲੰਘ ਰਹੀ ਸੀ। ਜ਼ਿਕਰਯੋਗ ਹੈ ਕਿ ਜੰਮੂ ਅਤੇ ਕਸ਼ਮੀਰ ਵਿਚ ਇਕ ਦਿਨ ਪਹਿਲਾਂ ਹੀ ਆਈਈਡੀ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਸੀ ਜਿਸ ਮਗਰੋਂ ਸੁਰੱਖਿਆ ਵੀ ਵਧਾ ਦਿਤੀ ਗਈ ਸੀ। ਰੀਪੋਰਟਾਂ ਮੁਤਾਰਬਕ ਪਾਕਿਸਤਾਨ ਨੇ ਪੁਲਵਾਮਾ ਹਮਲੇ ਦੀ ਧਮਕੀ ਦੀ ਜਾਣਕਾਰੀ ਭਾਰਤ ਅਤੇ ਅਮਰੀਕਾ ਨਾਲ ਸਾਂਝੀ ਕੀਤੀ ਸੀ।
Army convoy targetted by IED blast in Pulwama, 9 jawans injured
ਸੂਤਰਾਂ ਦਾ ਕਹਿਣਾ ਹੈ ਕਿ ਅਤਿਵਾਦੀ ਜਾਕਿਰ ਮੂਸਾ ਦੀ ਹਤਿਆ ਦਾ ਬਦਲਾ ਲੈਣਾ ਚਾਹੁੰਦੇ ਹਨ। ਜਾਣਕਾਰੀ ਮਿਲਣ ਮਗਰੋਂ ਜੰਮੂ ਅਤੇ ਕਸ਼ਮੀਰ ਵਿਚ ਸੁਰੱਖਿਆ ਬਲਾਂ ਨੂੰ ਚੌਕਸੀ ਵਧਾਉਣ ਲਈ ਕਿਹਾ ਗਿਆ ਸੀ। ਜੰਮੂ ਅਤੇ ਕਸ਼ਮੀਰ ਪੁਲਿਸ ਦੇ ਜਵਾਨ ਖ਼ਾਸ ਤੌਰ 'ਤੇ ਰਾਜਮਾਰਗ ਉਤੇ ਸਖ਼ਤ ਨਿਗਰਾਨੀ ਰੱਖ ਰਹੇ ਸਨ। ਪਾਕਿਸਤਾਨ ਨੇ ਭਾਰਤ ਅਤੇ ਅਮਰੀਕਾ ਨੂੰ ਦਸਿਆ ਸੀ ਕਿ ਦੁਬਾਰਾ ਆਈਈਡੀ ਹਮਲਾ ਹੋ ਸਕਦਾ ਹੈ ਅਤੇ ਇਹ ਅਤਿਵਾਦੀ ਹਮਲਾ ਦਖਣੀ ਕਸ਼ਮੀਰ ਵਿਚ ਹੋ ਸਕਦਾ ਹੈ।
Army convoy targetted by IED blast in Pulwama, 9 jawans injured
ਜ਼ਿਕਰਯੋਗ ਹੈ ਕਿ 14 ਫ਼ਰਵਰੀ ਨੂੰ ਪੁਲਵਾਮਾ ਵਿਚ ਵੱਡਾ ਅਤਿਵਾਦੀ ਹਮਲਾ ਹੋਇਆ ਸੀ ਜਿਸ ਵਿਚ ਕਈ ਫ਼ੌਜੀ ਮਾਰੇ ਗਏ ਸਨ। ਕੁੱਝ ਦਿਨ ਪਹਿਲਾਂ ਹੀ ਅਨੰਨਨਾਗ ਵਿਚ ਅਤਿਵਾਦੀ ਹਮਲਾ ਹੋਇਆ ਸੀ ਜਿਸ ਵਿਚ ਸੀਆਰਪੀਐਫ਼ ਦੇ ਪੰਜ ਜਵਾਨ ਮਾਰੇ ਗਏ ਸਨ। ਦੋਹਾਂ ਅਤਿਵਾਦੀਆਂ ਨੂੰ ਵੀ ਸੁਰੱਖਿਆ ਬਲਾਂ ਨੇ ਮਾਰ ਦਿਤਾ ਸੀ।