
ਦੋ ਜ਼ਖਮੀ, ਭਾਜਪਾ ਆਗੂਆਂ ਦੇ ਘਰ ਸਾੜਨ ਦੀ ਕੋਸ਼ਿਸ਼
ਇੰਫਾਲ/ਕੋਲਕਾਤਾ: ਮਣੀਪੁਰ ਦੇ ਇੰਫਾਲ ਸ਼ਹਿਰ ਵਿਚ ਸ਼ੁਕਰਵਾਰ ਨੂੰ ਸੁਰਖਿਆ ਬਲਾਂ ਅਤੇ ਭੀੜ ਵਿਚਾਲੇ ਸਾਰੀ ਰਾਤ ਚਲੀ ਝੜਪ ਵਿਚ ਦੋ ਵਿਅਕਤੀ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਇੰਫਾਲ 'ਚ ਭੀੜ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂਆਂ ਦੇ ਘਰ ਵੀ ਸਾੜਨ ਦੀ ਕੋਸ਼ਿਸ਼ ਕੀਤੀ।
ਵੱਖ-ਵੱਖ ਘਟਨਾਵਾਂ 'ਚ ਮਣੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ਦੇ ਕਵਾਕਟਾ ਅਤੇ ਚੂਰਾਚਾਂਦਪੁਰ ਜ਼ਿਲ੍ਹੇ ਦੇ ਕੰਗਵਾਈ 'ਚ ਸਾਰੀ ਰਾਤ ਗੋਲੀਬਾਰੀ ਦੀ ਸੂਚਨਾ ਮਿਲੀ ਹੈ।
ਇੰਫਾਲ ਪਛਮੀ ਦੇ ਇਰਿੰਗਬਾਮ ਪੁਲਿਸ ਸਟੇਸ਼ਨ ’ਤੇ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਇਸ ਦੌਰਾਨ ਕੋਈ ਹਥਿਆਰ ਚੋਰੀ ਨਹੀਂ ਹੋਇਆ।
ਅਧਿਕਾਰੀਆਂ ਅਨੁਸਾਰ ਦੰਗਾਕਾਰੀਆਂ ਨੂੰ ਇਕੱਠੇ ਹੋਣ ਤੋਂ ਰੋਕਣ ਲਈ ਫੌਜ, ਅਸਾਮ ਰਾਈਫਲਜ਼ ਅਤੇ ਮਨੀਪੁਰ ਰੈਪਿਡ ਐਕਸ਼ਨ ਫੋਰਸ (ਆਰ.ਏ.ਐਫ.) ਨੇ ਅੱਧੀ ਰਾਤ ਤਕ ਇੰਫਾਲ ਵਿਚ ਇਕ ਸਾਂਝਾ ਮਾਰਚ ਕਢਿਆ।
ਉਨ੍ਹਾਂ ਕਿਹਾ ਕਿ ਲਗਭਗ 1,000 ਲੋਕਾਂ ਦੀ ਭੀੜ ਨੇ ਮਹਿਲ ਕੰਪਲੈਕਸ ਦੇ ਨੇੜੇ ਸਥਿਤ ਇਮਾਰਤਾਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਅਧਿਕਾਰੀਆਂ ਮੁਤਾਬਕ ਆਰ.ਏ.ਐਫ਼. ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ। ਇੰਫਾਲ 'ਚ ਵੀ ਭੀੜ ਨੇ ਵਿਧਾਇਕ ਵਿਸ਼ਵਜੀਤ ਦੇ ਘਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਆਰ.ਏ.ਐਫ. ਦੀ ਇਕ ਟੁਕੜੀ ਨੇ ਭੀੜ ਨੂੰ ਖਿੰਡਾਇਆ।
ਇਸੇ ਤਰ੍ਹਾਂ ਭੀੜ ਨੇ ਅੱਧੀ ਰਾਤ ਨੂੰ ਇੰਫਾਲ ਦੇ ਪੋਰਮਪੇਟ ਨੇੜੇ ਭਾਜਪਾ (ਮਹਿਲਾ ਵਿੰਗ) ਦੀ ਪ੍ਰਧਾਨ ਸ਼ਾਰਦਾ ਦੇਵੀ ਦੇ ਘਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਬਲਾਂ ਨੇ ਨੌਜਵਾਨਾਂ ਨੂੰ ਭਜਾ ਦਿਤਾ।ਇਸ ਤੋਂ ਪਹਿਲਾਂ ਦਿਨ ਵਿਚ, ਸ਼ੁਕਰਵਾਰ ਨੂੰ ਇਕ ਭੀੜ ਨੇ ਇੰਫਾਲ ਸ਼ਹਿਰ ਦੇ ਵਿਚਕਾਰ ਸੜਕਾਂ ਨੂੰ ਜਾਮ ਕਰ ਦਿਤਾ ਅਤੇ ਦੁਕਾਨਾਂ ਨੂੰ ਅੱਗ ਲਗਾ ਦਿਤੀ, ਅਧਿਕਾਰੀਆਂ ਨੇ ਕਿਹਾ।
ਕੇਂਦਰੀ ਮੰਤਰੀ ਆਰ.ਕੇ. ਰੰਜਨ ਸਿੰਘ ਦੇ ਘਰ ਵੀਰਵਾਰ ਰਾਤ ਨੂੰ ਹਮਲਾ ਕਰ ਕੇ ਸਾੜ ਦਿਤਾ ਗਿਆ। ਸ਼ਾਹੀ ਮਹਿਲ ਨੇੜੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐਸ.) ਦੇ ਸੇਵਾਮੁਕਤ ਕਬਾਇਲੀ ਅਧਿਕਾਰੀ ਦਾ ਗੋਦਾਮ ਸ਼ੁਕਰਵਾਰ ਨੂੰ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ।
ਸੁਰਖਿਆ ਗਾਰਡਾਂ ਅਤੇ ਅੱਗ ਬੁਝਾਊ ਦਸਤੇ ਨੇ ਭੀੜ ਦੁਆਰਾ ਅੱਗ ਲਗਾਉਣ ਦੀਆਂ ਕਈ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿਤਾ।
ਇਹ ਵੀ ਪੜ੍ਹੋ: ਕਿੰਗ ਚਾਰਲਸ III ਦੇ ਜਨਮਦਿਨ ਸਨਮਾਨਾਂ ਦੀ ਸੂਚੀ 'ਚ ਭਾਰਤੀ ਮੂਲ ਦੇ ਡਾਕਟਰ ਤੇ ਕਾਰੋਬਾਰੀ ਵੀ ਸ਼ਾਮਲ
ਗੋਦਾਮ ਨੂੰ ਅੱਗ ਲਾਉਣ ਤੋਂ ਬਾਅਦ ਸ਼ੁਕਰਵਾਰ ਸ਼ਾਮ ਨੂੰ ਭੀੜ ਨੇ ਆਰ.ਏ.ਐਫ. ਦੇ ਜਵਾਨਾਂ ਨਾਲ ਝੜਪ ਕੀਤੀ। ਅਧਿਕਾਰੀਆਂ ਨੇ ਦਸਿਆ ਕਿ ਭੀੜ ਨੇ ਵਾਂਗਖੇਈ, ਪੋਰੋਮਪਤ ਅਤੇ ਥੰਗਾਪਟ 'ਚ ਸੜਕਾਂ 'ਤੇ ਟਾਇਰ, ਲੱਕੜ ਅਤੇ ਕੂੜਾ ਵੀ ਸਾੜ ਦਿਤਾ, ਜਿਸ ਨਾਲ ਮਣੀਪੁਰ ਦੀ ਰਾਜਧਾਨੀ 'ਚ ਆਵਾਜਾਈ ਪ੍ਰਭਾਵਿਤ ਹੋਈ।
ਇਕ ਮਹੀਨਾ ਪਹਿਲਾਂ ਮਣੀਪੁਰ ਵਿਚ ਮੇਤੇਈ ਅਤੇ ਕੂਕੀ ਭਾਈਚਾਰਿਆਂ ਦਰਮਿਆਨ ਹੋਈ ਨਸਲੀ ਹਿੰਸਾ ਵਿਚ 100 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਮਣੀਪੁਰ ਸਰਕਾਰ ਨੇ ਰਾਜ ਵਿਚ ਅਫਵਾਹਾਂ ਨੂੰ ਫੈਲਣ ਤੋਂ ਰੋਕਣ ਲਈ 11 ਜ਼ਿਲ੍ਹਿਆਂ ਵਿਚ ਕਰਫੀਊ ਲਗਾਉਣ ਦੇ ਨਾਲ-ਨਾਲ ਇੰਟਰਨੈੱਟ ਸੇਵਾਵਾਂ ਨੂੰ ਸੀਮਤ ਕਰ ਦਿਤਾ ਹੈ। ਮੇਈਟੀ ਭਾਈਚਾਰੇ ਵਲੋਂ ਅਨੁਸੂਚਿਤ ਜਨਜਾਤੀ (ਐਸ.ਟੀ.) ਦਾ ਦਰਜਾ ਦੇਣ ਦੀ ਮੰਗ ਦੇ ਵਿਰੋਧ ਵਿਚ ਪਹਾੜੀ ਜ਼ਿਲ੍ਹਿਆਂ ਵਿਚ 3 ਮਈ ਨੂੰ 'ਕਬਾਇਲੀ ਏਕਤਾ ਮਾਰਚ' ਦਾ ਕੱਢਣ ਤੋਂ ਬਾਅਦ ਪਹਿਲੀ ਵਾਰ ਝੜਪਾਂ ਹੋਈਆਂ।
ਝੜਪਾਂ ’ਚ ਘੱਟ ਤੋਂ ਘੱਟ 111 ਲੋਕ ਮਾਰੇ ਜਾ ਚੁੱਕੇ ਹਨ ਅਤੇ ਸੈਂਕੜੇ ਜ਼ਖ਼ਮੀ ਹੋਏ ਹਨ। ਹਜ਼ਾਰਾਂ ਲੋਕ ਅਜੇ ਵੀ ਕੈਂਪਾਂ ’ਚ ਰਹਿ ਰਹੇ ਹਨ। ਮਣੀਪੁਰ ’ਚ ਮੇਈਤੀ ਬਹੁਗਿਣਤੀ ਫ਼ਿਰਕਾ ਹੈ ਅਤੇ ਇਸ ਦੀ ਆਬਾਦੀ 53 ਫ਼ੀ ਸਦੀ ਹੈ। ਇਹ ਮੁੱਖ ਰੂਪ ’ਚ ਇੰਫ਼ਾਲ ਵਾਦੀ ’ਚ ਰਹਿੰਦੇ ਹਨ। ਜਦਕਿ ਨਗਾ ਅਤੇ ਕੁਕੀ ਵਰਗੇ ਆਦਿਵਾਸੀ ਫ਼ਿਰਕਿਆਂ ਦੀ ਆਬਾਦੀ 40 ਫ਼ੀ ਸਦੀ ਹੈ ਅਤੇ ਇਹ ਮੁੱਖ ਤੌਰ ’ਤੇ ਪਹਾੜੀ ਜ਼ਿਲ੍ਹਿਆਂ ’ਚ ਵਸਦੇ ਹਨ।