
ਸਨਮਾਨੇ ਗਏ ਕੁੱਲ 1,171 ਲੋਕਾਂ 'ਚ 40 ਤੋਂ ਵੱਧ ਭਾਰਤੀ ਮੂਲ ਦੀਆਂ ਸ਼ਖ਼ਸੀਅਤਾਂ
ਲੰਡਨ : ਕਿੰਗ ਚਾਰਲਸ ਤੀਜੇ ਦੇ ਬ੍ਰਿਟੇਨ ਦੇ ਬਾਦਸ਼ਾਹ ਬਣਨ ਤੋਂ ਬਾਅਦ ਪਹਿਲੀ ਵਾਰ ਜਾਰੀ ਕੀਤੀ ਗਈ ਜਨਮਦਿਨ ਸਨਮਾਨ ਸੂਚੀ ਵਿਚ 40 ਤੋਂ ਵੱਧ ਭਾਰਤੀ ਮੂਲ ਦੇ ਡਾਕਟਰਾਂ, ਕਾਰੋਬਾਰੀਆਂ ਅਤੇ ਕਮਿਊਨਿਟੀ ਆਈਕਨਜ਼ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਜਾਣਕਾਰੀ ਬ੍ਰਿਟਿਸ਼ ਰਾਇਲ ਪੈਲੇਸ ਵਲੋਂ ਜਾਰੀ ਇਕ ਬਿਆਨ ਵਿਚ ਸਾਂਝੀ ਕੀਤੀ ਗਈ ਹੈ।
ਆਕਸਫੋਰਡ ਯੂਨੀਵਰਸਿਟੀ ਵਿਖੇ ਆਕਸਫੋਰਡ ਵੈਕਸੀਨ ਗਰੁੱਪ 'ਚ ਗਲੋਬਲ ਆਪਰੇਸ਼ਨਜ਼ ਦੀ ਡਾਇਰੈਕਟਰ ਡਾ: ਪਰਵਿੰਦਰ ਕੌਰ ਅਲੀ ਨੂੰ ਕੋਵਿਡ-19 ਦੌਰਾਨ ਟੀਕਾਕਰਨ ਲਈ ਉਨ੍ਹਾਂ ਦੀਆਂ ਸੇਵਾਵਾਂ ਬਦਲੇ 'ਅਫ਼ੀਸਰ ਆਫ਼ ਦਿ ਆਰਡਰ ਆਫ਼ ਦਿ ਬ੍ਰਿਟਿਸ਼ ਐਂਪਾਇਰ' (OBE) ਵਜੋਂ ਸਨਮਾਨਤ ਕੀਤਾ ਗਿਆ ਹੈ।
ਕਿੰਗਜ਼ ਕਾਲਜ ਲੰਡਨ ਵਿਖੇ ਰੋਬੋਟਿਕ ਸਰਜਰੀ ਅਤੇ ਯੂਰੋਲੋਜੀਕਲ ਇਨੋਵੇਸ਼ਨ ਦੇ ਪ੍ਰਧਾਨ ਪ੍ਰੋਕਰ ਦਾਸਗੁਪਤਾ ਨੂੰ ਵੀ ਸਰਜਰੀ ਅਤੇ ਵਿਗਿਆਨ ਲਈ ਉਨ੍ਹਾਂ ਦੀਆਂ ਸੇਵਾਵਾਂ ਲਈ ਓ.ਬੀ.ਈ. ਨਾਲ ਸਨਮਾਨਤ ਕੀਤਾ ਗਿਆ ਹੈ।
ਸਨਮਾਨਿਤ ਹੋਣ ਵਾਲੇ ਬ੍ਰਿਟਿਸ਼ ਭਾਰਤੀ ਕਾਰੋਬਾਰੀ ਨੇਤਾਵਾਂ ਵਿਚ ਗ੍ਰਾਂਟ ਥੋਰਨਟਨ ਯੂਕੇ ਐਲਐਲਪੀ ਦੇ ਸਾਂਝੀਦਾਰ ਅਤੇ ਦਖਣੀ ਏਸ਼ੀਆ ਵਪਾਰ ਸਮੂਹ ਦੇ ਮੁਖੀ ਅਨੁਜ ਚੰਦੇ ਸ਼ਾਮਲ ਹਨ, ਜਿਨ੍ਹਾਂ ਨੂੰ ਅੰਤਰਰਾਸ਼ਟਰੀ ਵਪਾਰ ਅਤੇ ਨਿਵੇਸ਼ ਲਈ ਅਪਣੀਆਂ ਸੇਵਾਵਾਂ ਲਈ ਓ.ਬੀ.ਈ. ਨਾਲ ਸਨਮਾਨਤ ਕੀਤਾ ਗਿਆ ਹੈ। ਕਾਰੋਬਾਰ ਅਤੇ ਚੈਰਿਟੀ ਲਈ ਸੇਵਾਵਾਂ ਲਈ ਸੋਲ ਕੋਸਮੇਡਿਕਸ ਦੀ ਸੰਸਥਾਪਕ ਹਿਨਾ ਸੋਲੰਕੀ ਨੂੰ 'ਮੈਂਬਰ ਆਫ਼ ਦਿ ਆਰਡਰ ਆਫ਼ ਦਿ ਬ੍ਰਿਟਿਸ਼ ਐਂਪਾਇਰ' (MBE) ਨਾਲ ਸਨਮਾਨਤ ਕੀਤਾ ਗਿਆ ਹੈ। ਇਹ ਸੂਚੀ ਸ਼ੁੱਕਰਵਾਰ ਰਾਤ ਨੂੰ ਲੰਡਨ 'ਚ ਬ੍ਰਿਟੇਨ ਦੀ ਸਰਕਾਰ ਨੇ ਜਾਰੀ ਕੀਤੀ।
ਇਹ ਵੀ ਪੜ੍ਹੋ: ਸੜਕ ਹਾਦਸੇ ਵਿਚ ਮਾਪਿਆਂ ਦੇ ਕਮਾਊ ਪੁੱਤਰ ਦੀ ਮੌਤ
ਬ੍ਰਿਟੇਨ ਦੇ ਉਪ ਪ੍ਰਧਾਨ ਮੰਤਰੀ ਓਲੀਵਰ ਡਾਉਡੇਨ ਨੇ ਕਿਹਾ, "ਇਸ ਸਾਲ ਦੀ ਸਨਮਾਨ ਸੂਚੀ ਆਮ ਲੋਕਾਂ ਦੇ ਯੋਗਦਾਨ ਦਾ ਸਬੂਤ ਹੈ, ਜਿਨ੍ਹਾਂ ਨੇ ਅਸਾਧਾਰਨ ਭਾਈਚਾਰਕ ਭਾਵਨਾ ਦਾ ਪ੍ਰਦਰਸ਼ਨ ਕੀਤਾ ਅਤੇ ਮੈਂ ਉਨ੍ਹਾਂ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ ਜਿਨ੍ਹਾਂ ਨੂੰ ਅੱਜ ਸਨਮਾਨਤ ਕੀਤਾ ਗਿਆ ਹੈ।"
ਕੁੱਲ 1,171 ਲੋਕਾਂ ਨੂੰ ਸਨਮਾਨਤ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ 52 ਫ਼ੀ ਸਦੀ ਲੋਕ ਅਜਿਹੇ ਹਨ ਜਿਨ੍ਹਾਂ ਨੇ ਅਪਣੇ ਭਾਈਚਾਰਿਆਂ ਵਿਚ ਸ਼ਾਨਦਾਰ ਕੰਮ ਕੀਤਾ ਹੈ ਅਤੇ 11 ਫ਼ੀ ਸਦੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਨਸਲੀ ਘੱਟ ਗਿਣਤੀ ਪਿਛੋਕੜ ਵਾਲੇ ਹਨ।
ਇਨ੍ਹਾਂ ਸਨਮਾਨਾਂ ਵਿਚ ‘ਨਾਈਟਹੁੱਡ’ ਦਾ ਸਨਮਾਨ ਵੀ ਸ਼ਾਮਲ ਹੈ, ਜੋ ਸਾਹਿਤ ਦੇ ਖੇਤਰ ਵਿਚ ਸੇਵਾਵਾਂ ਲਈ ਨਾਵਲਕਾਰ ਮਾਰਟਿਨ ਐਮਿਸ ਨੂੰ ਦਿਤਾ ਗਿਆ ਹੈ। ਐਮਿਸ ਦਾ ਹਾਲ ਹੀ ਵਿਚ ਦੇਹਾਂਤ ਹੋ ਗਿਆ ਹੈ। ਪੁਰਸਕਾਰ ਜੇਤੂ ਬ੍ਰਿਟਿਸ਼ ਫ਼ਿਲਮ ਨਿਰਮਾਤਾ ਸਟੀਫ਼ਨ ਫ਼ਰੀਅਰਸ ਨੂੰ 'ਨਾਈਟ' ਦੇ ਖ਼ਿਤਾਬ ਨਾਲ ਸਨਮਾਨਤ ਕੀਤਾ ਗਿਆ ਹੈ। ਫੈਸ਼ਨ ਮੈਗਜ਼ੀਨ ਵੋਗ ਦੀ ਸੰਪਾਦਕ ਡੈਮ ਅੰਨਾ ਵਿੰਟੂਰ ਅਤੇ ਲੇਖਕ ਸਰ ਇਆਨ ਮੈਕਈਵਾਨ ਨੂੰ ਆਨਰ ਆਫ਼ ਚੈਂਪੀਅਨਜ਼ ਨਾਲ ਸਨਮਾਨਤ ਕੀਤਾ ਗਿਆ ਹੈ।