
ਕਰਨਾਟਕ ਸਰਕਾਰ 'ਤੇ ਸੰਕਟ ਦੇ ਬੱਦਲ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕਰਨਾਟਕ ਵਿਚ ਕਾਂਗਰਸ ਅਤੇ ਜੇਡੀਐਸ ਦੇ 15 ਬਾਗ਼ੀ ਵਿਧਾਇਕਾਂ ਨੂੰ ਵਿਧਾਨ ਸਭਾ ਇਜਲਾਸ ਦੌਰਾਨ ਸਦਨ ਦੀ ਕਾਰਵਾਈ ਵਿਚ ਹਿੱਸਾ ਲੈਣ ਲਈ ਪਾਬੰਦ ਨਹੀਂ ਕੀਤਾ ਜਾ ਸਕਦਾ ਅਤੇ ਉਨ੍ਹਾਂ ਨੂੰ ਇਸ ਵਿਚ ਸ਼ਾਮਲ ਹੋਣ ਜਾਂ ਦੂਰ ਰਹਿਣ ਦਾ ਬਦਲ ਦਿਤਾ ਜਾਣਾ ਚਾਹੀਦਾ ਹੈ। ਸੁਪਰੀਮ ਕੋਰਟ ਦੇ ਇਸ ਫ਼ੈਸਲੇ ਨਾਲ ਕਰਨਾਟਕ ਦੀ 14 ਮਹੀਨੇ ਪੁਰਾਣੀ ਕਾਂਗਰਸ-ਜੇਡੀਐਸ ਗਠਜੋੜ ਸਰਕਾਰ 'ਤੇ ਵਿਸਵਾਸ਼ ਮਤ ਤੋਂ ਇਕ ਦਿਨ ਪਹਿਲਾਂ ਸੰਕਟ ਦੇ ਬੱਦਲ ਮੰਡਰਾ ਰਹੇ ਹਨ।
Karnataka Assembly Speaker K.R. Ramesh Kumar
ਮੁੱਖ ਜੱਜ ਦੇ ਹੁਕਮ ਨਾਲ ਇਕ ਪਾਸੇ ਜਿਥੇ ਸਦਨ ਵਿਚ ਗਿਣਤੀ ਦੀ ਲੜਾਈ ਵਿਚ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਸਾਹਮਣੇ ਸੰਕਟ ਖੜਾ ਹੋ ਗਿਆ ਹੈ, ਉਥੇ ਬੈਂਚ ਨੇ ਵਿਧਾਨ ਸਭਾ ਸਪੀਕਰ ਨੂੰ ਵੀ ਇਹ ਆਜ਼ਾਦੀ ਦੇ ਦਿਤੀ ਕਿ ਉਹ ਉਸ ਸਮਾਂ-ਸੀਮਾ ਅੰਦਰ 15 ਵਿਧਾਇਕਾਂ ਦੇ ਅਸਤੀਫ਼ਿਆਂ ਬਾਰੇ ਫ਼ੈਸਲਾ ਕਰਨ ਜਿਸ ਨੂੰ ਉਹ ਉਚਿਤ ਸਮਝਦੇ ਹਨ। ਮੁੱਖ ਜੱਜ ਰੰਜਨ ਗੋਗਈ, ਜੱਜ ਦੀਪਕ ਗੁਪਤਾ ਅਤੇ ਜੱਜ ਅਨਿਰੁਧ ਬੋਸ ਦੇ ਬੈਂਚ ਨੇ ਕਿਹਾ ਕਿ ਵਿਧਾਨ ਸਭਾ ਸਪੀਕਰ ਕੇ ਆਰ ਰਮੇਸ਼ ਕੁਮਾਰ ਇਨ੍ਹਾਂ 15 ਵਿਧਾਇਕਾਂ ਦੇ ਅਸਤੀਫ਼ਿਆਂ 'ਤੇ ਉਸ ਸਮਾਂ ਸੀਮਾ ਅੰਦਰ ਫ਼ੈਸਲਾ ਕਰਨਗੇ ਜਿਸ ਨੂੰ ਉਹ ਠੀਕ ਸਮਝਦੇ ਹਨ। ਬੈਂਚ ਨੇ ਕਿਹਾ ਕਿ 15 ਵਿਧਾਇਕਾਂ ਦੇ ਅਸਤੀਫ਼ਿਆਂ ਬਾਰੇ ਫ਼ੈਸਲਾ ਕਰਨ ਦੇ ਸਪੀਕਰ ਦੇ ਵਿਸ਼ੇਸ਼ ਅਧਿਕਾਰ ਬਾਰੇ ਅਦਾਲਤ ਦੇ ਹੁਕਮ ਜਾਂ ਟਿਪਣੀਆਂ ਦੀ ਬੰਦਸ਼ ਨਹੀਂ ਹੋਣੀ ਚਾਹੀਦੀ ਅਤੇ ਉਹ ਇਸ ਮਾਮਲੇ 'ਚ ਫ਼ੈਸਲਾ ਕਰਨ ਲਈ ਆਜ਼ਾਦ ਹੋਣੇ ਚਾਹੀਦੇ ਹਨ।
Karnataka chief minister H.D. Kumaraswamy and his deputy G. Parameshwara with other member
ਅਦਾਲਤ ਨੇ ਕਿਹਾ ਕਿ ਵਿਧਾਨ ਸਭਾ ਸਪੀਕਰ ਦੇ ਫ਼ੈਸਲੇ ਨੂੰ ਉਸ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿਚ ਚੁੱਕੇ ਗਏ ਬਾਕੀ ਸਾਰੇ ਮੁੱਦਿਆਂ ਬਾਰੇ ਬਾਅਦ ਵਿਚ ਫ਼ੈਸਲਾ ਕੀਤਾ ਜਾਵੇਗਾ। ਬੈਂਚ ਨੇ ਤਿੰਨ ਪੰਨਿਆਂ ਵਿਚ ਹੁਕਮ ਦਿਤਾ। ਬਾਗ਼ੀ ਵਿਧਾਇਕਾਂ ਦੀ ਪਟੀਸ਼ਨ 'ਤੇ ਹੁਕਮ ਪਾਸ ਕਰਦਿਆਂ ਬੈਂਚ ਨੇ ਕਿਹਾ ਕਿ ਇਸ ਸਮੇਂ ਲੋੜ ਸਾਡੇ ਸਾਹਮਣੇ ਕੀਤੇ ਗਏ ਪਰਸਪਰ ਵਿਰੋਧੀ ਅਧਿਕਾਰਾਂ ਦੇ ਮਾਮਲੇ ਵਿਚ ਸੰਵਿਧਾਨਕ ਸੰਤੁਲਨ ਬਣਾਈ ਰੱਖਣ ਦੀ ਹੈ। ਬੈਂਚ ਨੇ ਕਿਹਾ ਕਿ ਮੌਜੂਦਾ ਰਾਜ ਸਰਕਾਰ ਵਿਰੁਧ ਬੇਭਰੋਸਗੀ ਮਤਾ ਜਿਵੇਂ ਸਾਨੂੰ ਦਸਿਆ ਗਿਆ ਕਿ 18 ਜੁਲਾਈ ਨੂੰ ਲਿਆਂਦਾ ਜਾਵੇਗਾ, ਜਿਹੀ ਸਮਾਂਬੱਧ ਕਾਰਵਾਈ ਨੂੰ ਧਿਆਨ ਵਿਚ ਰਖਦਿਆਂ ਇਸ ਤਰ੍ਹਾਂ ਦਾ ਅੰਤਰਮ ਹੁਕਮ ਜ਼ਰੂਰੀ ਹੋ ਗਿਆ ਹੈ। ਅਦਾਲਤ ਨੇ 10 ਬਾਗ਼ੀ ਵਿਧਾਇਕਾਂ ਦੀ ਪਟੀਸ਼ਨ ਵਿਚ ਹੀ ਪੰਜ ਹੋਰ ਬਾਗ਼ੀ ਵਿਧਾਇਕਾਂ ਨੂੰ ਧਿਰ ਬਣਾਉਣ ਦੀ ਆਗਿਆ ਵੀ ਦੇ ਦਿਤੀ।
Kumaraswamy
ਕੁਮਾਰਸਵਾਮੀ ਸਰਕਾਰ ਨੂੰ ਅੱਜ ਸਾਬਤ ਕਰਨਾ ਪਵੇਗਾ ਬਹੁਮਤ
ਬੰਗਲੌਰ : ਸੁਪਰੀਮ ਕੋਰਟ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਾਂਗਰਸ ਤੇ ਜੇਡੀਐਸ ਦੇ ਬਾਗ਼ੀ ਵਿਧਾਇਕਾਂ ਨੇ ਕਿਹਾ ਕਿ ਵਿਧਾਨ ਸਭਾ ਤੋਂ ਅਪਣੇ ਅਸਤੀਫ਼ਿਆਂ 'ਤੇ ਹੁਣ ਪਿੱਛੇ ਹਟਣ ਦਾ ਸਵਾਲ ਹੀ ਨਹੀਂ ਹੈ ਤੇ ਨਾ ਹੀ ਉਹ ਵਿਧਾਨ ਸਭਾ ਇਜਲਾਸ ਵਿਚ ਹਿੱਸਾ ਲੈਣਗੇ। ਬਾਗ਼ੀ ਵਿਧਾਇਕ ਮੁੰਬਈ ਵਿਚ ਠਹਿਰੇ ਹੋਏ ਹਨ। ਕਰਨਾਟਕ ਵਿਧਾਨ ਸਭਾ ਵਿਚ ਸਰਕਾਰ ਦੇ ਬਹੁਮਤ ਹਾਸਲ ਕਰਨ ਦੇ ਇਕ ਦਿਨ ਪਹਿਲਾਂ ਬਾਗ਼ੀ ਕਾਂਗਰਸ ਵਿਧਾਇਕ ਬੀ ਸੀ ਪਾਟਿਲ ਨੇ ਕਿਹਾ, 'ਅਦਾਲਤ ਦੇ ਫ਼ੇਸਲੇ ਤੋਂ ਅਸੀਂ ਖ਼ੁਸ਼ ਹਾਂ ਅਤੇ ਇਸ ਦਾ ਸਵਾਗਤ ਕਰਦੇ ਹਾਂ।' ਅਸਤੀਫ਼ਾ ਦੇਣ ਵਾਲੇ 11 ਹੋਰ ਵਿਧਾਇਕਾਂ ਨੇ ਵੀਡੀਉ ਸੰਦੇਸ਼ ਵਿਚ ਕਿਹਾ, 'ਅਸੀਂ ਸਾਰੇ ਇਕਜੁਟ ਹਾਂ ਅਤੇ ਅਸੀਂ ਜੋ ਵੀ ਫ਼ੈਸਲਾ ਕੀਤਾ ਹੈ, ਕਿਸੇ ਵੀ ਕੀਮਤ 'ਤੇ ਉਸ ਤੋਂ ਪਿੱਛੇ ਨਹੀਂ ਹਟਾਂਗੇ। ਅਸੀਂ ਅਪਣੇ ਫ਼ੈਸਲੇ 'ਤੇ ਬਜ਼ਿੱਦ ਹਾਂ। ਵਿਧਾਨ ਸਭਾ ਦੀ ਕਾਰਵਾਈ ਵਿਚ ਹਿੱਸਾ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।' 16 ਵਿਧਾਇਕਾਂ ਨੇ ਅਸਤੀਫ਼ਾ ਦੇ ਦਿਤਾ ਹੈ ਜਦਕਿ ਆਜ਼ਾਦ ਵਿਧਾਇਕਾਂ ਐਸ ਸ਼ੰਕਰ ਅਤੇ ਨਾਗੇਸ਼ ਨੇ ਵੀ ਗਠਜੋੜ ਸਰਕਾਰ ਕੋਲੋਂ ਸਮਰਥਨ ਵਾਪਸ ਲੈ ਲਿਆ ਹੈ।