
24 ਪਾਰਟੀਆਂ ਦੇ ਆਗੂ ਬੇਂਗਲੁਰੂ ਪੁੱਜੇ
ਬੈਂਗਲੁਰੂ: 2024 ਲੋਕ ਸਭਾ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਹਰਾਉਣ ਦੀ ਰਣਨੀਤੀ ਬਣਾਉਣ ਦੀ ਕੋਸ਼ਿਸ਼ ’ਚ ਵਿਰੋਧੀ ਧਿਰ ਦੀ ਮੀਟਿੰਗ ’ਚ ਸ਼ਾਮਲ ਹੋਣ ਲਈ 24 ਸਿਆਸੀ ਪਾਰਟੀਆਂ ਦੇ ਆਗੂ ਸੋਮਵਾਰ ਦੁਪਹਿਰ ਨੂੰ ਬੇਂਗਲੁਰੂ ਪਹੁੰਚੇ।
ਇਨ੍ਹਾਂ ਆਗੂਆਂ ’ਚ ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਨੇਤਾ ਰਾਹੁਲ ਗਾਂਧੀ ਸ਼ਾਮਲ ਹਨ। ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਐਚ.ਏ.ਐਲ. ਹਵਾਈ ਅੱਡੇ ’ਤੇ ਕਾਂਗਰਸ ਲੀਡਰਸ਼ਿਪ ਦਾ ਸਵਾਗਤ ਕੀਤਾ।
ਬੇਂਗਲੁਰੂ ਪੁੱਜਣ ਵਾਲੇ ਹੋਰ ਪ੍ਰਮੁੱਖ ਆਗੂਆਂ ’ਚ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖੀਲੇਸ਼ ਯਾਦਵ, ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ, ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਜਯੰਤ ਚੌਧਰੀ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਫਾਰੂਕ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਸ਼ਾਮਲ ਹਨ।
ਸ਼ਰਦ ਪਵਾਰ ਦੇ ਮੀਟਿੰਗ ’ਚ ਸ਼ਾਮਲ ਹੋਣ ਦੇ ਕਿਆਫਿਆਂ ਨੂੰ ਖਾਰਜ ਕਰਦੇ ਹੋਏ, ਖੜਗੇ ਨੇ ਦਿੱਲੀ ’ਚ ਕਿਹਾ ਕਿ ਉਨ੍ਹਾਂ ਨੇ ਪਵਾਰ ਨਾਲ ਗੱਲ ਕੀਤੀ ਹੈ ਅਤੇ ਮੰਗਲਵਾਰ ਨੂੰ ਮੀਟਿੰਗ ’ਚ ਸ਼ਾਮਲ ਹੋਣਗੇ।
ਵਿਰੋਧੀ ਪਾਰਟੀਆਂ ਦੇ ਸਿਖਰਲੇ ਆਗੂ ਇਸ ਪ੍ਰਮੁੱਖ ਦਖਣੀ ਸ਼ਹਿਰ ’ਚ ਦੋ-ਰੋਜ਼ਾ ਵਿਚਾਰ-ਵਟਾਂਦਰਾ ਕਰਨਗੇ ਕਿ ਕਿਵੇਂ ਅਗਲੀਆਂ ਲੋਕ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਵਿਰੁਧ ਸਾਂਝਾ ਪ੍ਰੋਗਰਾਮ ਉਲੀਕਿਆ ਜਾਵੇ ਅਤੇ ਇਸ ਨੂੰ ਇਕਜੁਟ ਹੋ ਕੇ ਹਰਾਇਆ ਜਾਵੇ। ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਇੱਥੇ ਪੋਸਟਰਾਂ ਰਾਹੀਂ ‘ਅਸੀਂ ਇਕ ਹਾਂ’ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ। ਬੇਂਗਲੁਰੂ ਦੀਆਂ ਸੜਕਾਂ ਇਸ ਨਾਅਰੇ ਦੇ ਪੋਸਟਰਾਂ ਨਾਲ ਢਕੀਆਂ ਹੋਈਆਂ ਹਨ।
ਦੋ ਦਿਨਾਂ ਦੀ ਬੈਠਕ ਦੀ ਸ਼ੁਰੂਆਤ ਅੱਜ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਵਲੋਂ ਦਿਤੀ ਦਾਅਵਤ ਨਾਲ ਹੋਈ ਅਤੇ ਮੰਗਲਵਾਰ ਨੂੰ ਰਸਮੀ ਬੈਠਕ ਹੋਵੇਗੀ। ਸੱਟਾਂ ਲਗੀਆਂ ਹੋਣ ਕਾਰਨ ਮਮਤਾ ਬੈਨਰਜੀ ਦੇ ਦਾਅਵਤ ’ਚ ਸ਼ਾਮਲ ਹੋਣ ਦੀ ਉਮੀਦ ਨਹੀਂ ਹੈ।
ਵਿਰੋਧੀ ਪਾਰਟੀਆਂ ਸਾਂਝੇ ਘੱਟੋ-ਘੱਟ ਪ੍ਰੋਗਰਾਮ ਦੇ ਆਧਾਰ ’ਤੇ ਕੰਮ ਕਰਨਗੀਆਂ ਅਤੇ ਇਕੱਠੇ ਅੰਦੋਲਨ ਕਰਨ, ਸਾਂਝੇ ਮੈਨੀਫੈਸਟੋ ’ਤੇ ਚਰਚਾ ਕਰਨ ਅਤੇ ਹਰ ਸੀਟ ’ਤੇ ਭਾਜਪਾ ਵਿਰੁਧ ਵਿਰੋਧੀ ਉਮੀਦਵਾਰ ਖੜੇ ਕਰਨ ਦੀ ਤਜਵੀਜ਼ ਦਾ ਐਲਾਨ ਕਰਨਗੀਆਂ।
ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਬੇਂਗਲੁਰੂ ਹਵਾਈ ਅੱਡੇ ’ਤੇ ਸਵਾਗਤ ਕੀਤਾ ਜਦਕਿ ਅਖਿਲੇਸ਼ ਯਾਦਵ ਦਾ ਸਵਾਗਤ ਐਚ.ਏ.ਐਲ. ਹਵਾਈ ਅੱਡੇ ’ਤੇ ਵੱਡੇ ਅਤੇ ਦਰਮਿਆਨੇ ਉਦਯੋਗ ਮੰਤਰੀ ਐਮ.ਬੀ. ਪਾਟਿਲ ਅਤੇ ਮਹਿਲਾ ਅਤੇ ਬਾਲ ਕਲਿਆਣ ਮੰਤਰੀ ਲਕਸ਼ਮੀ ਹੇਬਲਕਰ ਨੇ ਕੀਤਾ।
ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਕਿ ਇਹ ਦੂਜੀ ਮੀਟਿੰਗ ਹੈ, ਜਿਸ ’ਚ ਕਰੀਬ 24 ਸਿਆਸੀ ਪਾਰਟੀਆਂ ਦੇ ਆਗੂ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ, ‘‘ਵਿਰੋਧੀ ਧਿਰ ਦੇ ਸਾਰੇ ਆਗੂ ਅਗਲੀਆਂ ਲੋਕ ਸਭਾ ਚੋਣਾਂ ਦਾ ਸਾਹਮਣਾ ਕਰਨ ਦੇ ਉਦੇਸ਼ ਨਾਲ ਅੱਜ ਅਤੇ ਕੱਲ੍ਹ ਵਿਚਾਰ-ਵਟਾਂਦਰਾ ਕਰਨਗੇ।’’
ਮੁੱਖ ਮੰਤਰੀ ਨੇ ਕਿਹਾ, ‘‘ਭਾਜਪਾ ਨੇ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰ ਦਿਤਾ ਹੈ। ਪ੍ਰਧਾਨ ਮੰਤਰੀ ਮੋਦੀ ਦੇ ਸੱਤਾ ’ਚ ਆਉਣ ਤੋਂ ਬਾਅਦ ਮਹਿੰਗਾਈ ਸਭ ਤੋਂ ਉੱਚੇ ਪੱਧਰ ’ਤੇ ਹੈ। ਕਿਸਾਨਾਂ, ਦਲਿਤਾਂ ਅਤੇ ਗਰੀਬਾਂ ਦੇ ਰਹਿਣ ਯੋਗ ਨਹੀਂ ਹਨ। ਫਿਰਕਾਪ੍ਰਸਤੀ ਅਪਣੇ ਸਿਖਰ ’ਤੇ ਹੈ ਅਤੇ ਲੋਕ ਡਰ ਦੇ ਹੇਠਾਂ ਰਹਿਣ ਲਈ ਮਜਬੂਰ ਹਨ।’’
ਪ੍ਰਧਾਨ ਮੰਤਰੀ ਮੋਦੀ ਨੂੰ ਹਰਾਉਣ ਲਈ ਸਾਰੀਆਂ ਪਾਰਟੀਆਂ ਦੇ ਇਕਜੁਟ ਹੋਣ ਦੀ ਆਲੋਚਨਾ ’ਤੇ ਮੁੱਖ ਮੰਤਰੀ ਨੇ ਕਿਹਾ, ‘‘ਕੀ ਅਸੀਂ ਕਰਨਾਟਕ ’ਚ ਪ੍ਰਧਾਨ ਮੰਤਰੀ ਮੋਦੀ ਦਾ ਕੁਸ਼ਲਤਾ ਨਾਲ ਸਾਹਮਣਾ ਨਹੀਂ ਕੀਤਾ ਹੈ? ਮੋਦੀ ਜਿੱਥੇ ਵੀ ਗਏ ਹਨ, ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ। ਉਹ ਇੱਥੇ 28 ਵਾਰ ਆਇਆ ਪਰ ਅਸੀਂ ਜਿੱਤ ਗਏ। ਕਰਨਾਟਕ ਤੋਂ ਭਾਜਪਾ ਦਾ ਪਤਨ ਸ਼ੁਰੂ ਹੋ ਗਿਆ ਹੈ।’’
ਉਨ੍ਹਾਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਦੀ ਹਾਰ ਹੋਵੇਗੀ ਅਤੇ ਯੂ.ਪੀ.ਏ. ਗਠਜੋੜ ਦੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਵੀ ਭਾਜਪਾ ਨਾਲ ਹੱਥ ਮਿਲਾਉਣ ਦੀ ਅਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ।
ਬਿਹਾਰ ’ਚ 23 ਜੂਨ ਨੂੰ ਵਿਰੋਧੀ ਧਿਰ ਦੀ ਪਹਿਲੀ ਮੀਟਿੰਗ ਹੋਈ ਸੀ, ਜਿਸ ਨੂੰ ਵਿਰੋਧੀ ਪਾਰਟੀਆਂ ਨੇ ਸਫ਼ਲ ਮੀਟਿੰਗ ਹੋਣ ਦਾ ਦਾਅਵਾ ਕੀਤਾ ਸੀ। ਬਿਹਾਰ ਵਿੱਚ ਲਗਭਗ 12 ਪਾਰਟੀਆਂ ਨੇ ਹਿੱਸਾ ਲਿਆ।
ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਦੋਹਾਂ ਵਿਰੁਧ ਲੜਾਂਗੇ : ਸੀ.ਪੀ.ਆਈ. (ਐਮ)
ਕੋਲਕਾਤਾ: ਵਿਰੋਧੀ ਪਾਰਟੀਆਂ ਦੀ ਮੀਟਿੰਗ ਤੋਂ ਪਹਿਲਾਂ, ਸੀ.ਪੀ.ਆਈ. (ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਸੋਮਵਾਰ ਨੂੰ ਪਛਮੀ ਬੰਗਾਲ ’ਚ ਸੱਤਾਧਾਰੀ ਤ੍ਰਿਣਮਲ ਕਾਂਗਰਸ (ਟੀ.ਐਮ.ਸੀ.) ਨਾਲ ਗੱਠਜੋੜ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਖੱਬੇਪੱਖੀ ਅਤੇ ਕਾਂਗਰਸ ਦੇ ਨਾਲ ਮਿਲ ਕੇ ਧਰਮ ਨਿਰਪੱਖ ਪਾਰਟੀਆਂ ਸੂਬੇ ’ਚ ਭਾਜਪਾ ਅਤੇ ਟੀ.ਐੱਮ.ਸੀ. ਦੋਵਾਂ ਨਾਲ ਮੁਕਾਬਲਾ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਵਿਰੁਧ ਵੋਟਾਂ ਦੀ ਵੰਡ ਨੂੰ ਘੱਟ ਤੋਂ ਘੱਟ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾਵੇਗੀ।