
ਦਿੱਲੀ ਦੇ ਰਹਿਣ ਵਾਲੇ ਸਨ ਰੇਹਾਨ (17) ਅਤੇ ਚਾਂਦ ਸੇਂਗਰ (13)
ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਵਿਚ ਸੇਂਗਰ ਨਦੀ ਕੰਢੇ ਖੜ੍ਹ ਕੇ ਰੀਲਾਂ ਬਣਾ ਰਹੇ ਦੋ ਚਚੇਰੇ ਭਰਾ ਪਾਣੀ ਵਿਚ ਰੁੜ੍ਹ ਗਏ।
ਇਟਾਵਾ ਦੇ ਐਸ.ਐਸ.ਪੀ. ਸੰਜੇ ਕੁਮਾਰ ਨੇ ਦਸਿਆ ਕਿ 17 ਸਾਲਾ ਰੇਹਾਨ ਅਤੇ 13 ਸਾਲਾ ਚਾਂਦ ਸੇਂਗਰ ਦਿੱਲੀ ਤੋਂ ਨਾਨੀ ਦੀ ਤਿਰਵੀਂ ਵਿਚ ਸ਼ਾਮਲ ਹੋਣ ਲਈ ਨਾਨਕੇ ਆਏ ਸਨ। ਇਹ ਦੋਵੇਂ ਨੌਜੁਆਨ ਸਵੇਰੇ 10 ਵਜੇ ਦੇ ਕਰੀਬ ਨਦੀ ਵਿਚ ਡੁੱਬ ਗਏ। ਦੋਵਾਂ ਦੇ ਡੁੱਬਣ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਾਸੀ ਮੌਕੇ 'ਤੇ ਪਹੁੰਚ ਗਏ।
ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿਤੀ, ਜਿਸ ਤੋਂ ਬਾਅਦ ਸਥਾਨਕ ਗੋਤਾਖੋਰਾਂ ਅਤੇ ਪੁਲਿਸ ਨੇ ਦੋਵਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਰੇਹਾਨ ਦੀ ਲਾਸ਼ ਬਰਾਮਦ ਕਰ ਲਈ ਗਈ, ਜਿਸ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ।
ਦੂਸਰੇ ਨੌਜੁਆਨ ਨੂੰ ਲੱਭਣ ਲਈ NDRF ਦੀ ਟੀਮ ਬੁਲਾਈ ਗਈ ਹੈ। ਰਿਸ਼ਤੇਦਾਰ ਦੱਸ ਰਹੇ ਹਨ ਕਿ ਦਿੱਲੀ ਬਦਰਪੁਰ ਬਾਰਡਰ ਤੋਂ ਆਏ ਦੋਵੇਂ ਚਚੇਰਾ ਭਰਾ ਹਨ ਅਤੇ ਰੀਲ ਬਣਾਉਂਦੇ ਸਮੇਂ ਰੇਹਾਨ ਅਚਾਨਕ ਤਿਲਕ ਕੇ ਨਦੀ 'ਚ ਡਿੱਗ ਗਿਆ, ਜਿਸ ਨੂੰ ਬਚਾਉਂਦੇ ਹੋਏ ਛੋਟਾ ਭਰਾ ਚਾਂਦ ਵੀ ਰੁੜ੍ਹ ਗਿਆ।
ਗੋਤਾਖੋਰਾਂ ਅਤੇ ਪੁਲਿਸ ਨੇ 2 ਘੰਟੇ ਦੀ ਕੜੀ ਮੁਸ਼ੱਕਤ ਤੋਂ ਬਾਅਦ ਰੇਹਾਨ ਦੀ ਲਾਸ਼ ਨੂੰ ਨਦੀ 'ਚੋਂ ਬਾਹਰ ਕੱਢਿਆ। ਮੌਤ ਦਾ ਸ਼ਿਕਾਰ ਬਣੇ ਰੇਹਾਨ ਨੂੰ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰਨ ਦਾ ਸ਼ੌਕ ਸੀ।