
ਭਾਗਲਪੁਰ ਅਤੇ ਖਗੜੀਆ ਜ਼ਿਲ੍ਹਿਆਂ ਨੂੰ ਜੋੜਨ ਵਾਲੇ ਇਸ ਪੁਲ ਦਾ ਇਕ ਸਲੈਬ ਢਹਿ ਗਿਆ
Bihar bridge collapse : ਬਿਹਾਰ ’ਚ ਗੰਗਾ ਨਦੀ ’ਤੇ ਇਕ ਨਿਰਮਾਣ ਅਧੀਨ ਪੁਲ ਦਾ ਇਕ ਹਿੱਸਾ ਸਨਿਚਰਵਾਰ ਸਵੇਰੇ ਢਹਿ ਗਿਆ। ਅਧਿਕਾਰੀਆਂ ਨੇ ਦਸਿਆ ਕਿ ਪੁਲ ਨੂੰ ਢਾਹਿਆ ਜਾ ਰਿਹਾ ਸੀ ਅਤੇ ਸਨਿਚਰਵਾਰ ਨੂੰ ਇਸ ਦਾ ਇਕ ਹਿੱਸਾ ਅਚਾਨਕ ਡਿੱਗ ਗਿਆ।
ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਸ ਘਟਨਾ ’ਚ ਕੋਈ ਜ਼ਖਮੀ ਨਹੀਂ ਹੋਇਆ। ਭਾਗਲਪੁਰ ਅਤੇ ਖਗੜੀਆ ਜ਼ਿਲ੍ਹਿਆਂ ਨੂੰ ਜੋੜਨ ਵਾਲੇ ਇਸ ਪੁਲ ਦਾ ਇਕ ਸਲੈਬ ਢਹਿ ਗਿਆ। ਇਸ ਘਟਨਾ ਦਾ ਇਕ ਵੀਡੀਉ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਜਿਸ ’ਚ ਸਥਾਨਕ ਲੋਕਾਂ ਨੂੰ ਦੂਰ ਖੜ੍ਹੇ ਹੋ ਕੇ ਚੀਕਦਿਆਂ ਸੁਣਿਆ ਜਾ ਸਕਦਾ ਹੈ ਕਿ ਢਾਂਚਾ ਇਕ ਵਾਰ ਫਿਰ ਢਹਿ ਗਿਆ।
ਜ਼ਿਕਰਯੋਗ ਹੈ ਕਿ ਪੁਲ ਦਾ ਕੁੱਝ ਹਿੱਸਾ 2022 ਦੀ ਸ਼ੁਰੂਆਤ ਵਿਚ ਅਤੇ ਇਕ ਸਾਲ ਬਾਅਦ ਦੁਬਾਰਾ ਢਹਿ ਗਿਆ ਸੀ। ਖਗੜੀਆ ਦੇ ਜ਼ਿਲ੍ਹਾ ਮੈਜਿਸਟਰੇਟ ਅਮਿਤ ਕੁਮਾਰ ਪਾਂਡੇ ਨੇ ਕਿਹਾ ਕਿ ਨਿਰਮਾਣ ਅਧੀਨ ਪੁਲ ਦਾ ਪੂਰਾ ਢਾਂਚਾ ਖਰਾਬ ਪਾਇਆ ਗਿਆ ਸੀ ਅਤੇ ਪਟਨਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਠੇਕੇਦਾਰ ਵਲੋਂ ਇਸ ਨੂੰ ਢਾਹਿਆ ਜਾ ਰਿਹਾ ਸੀ। ਪੁਲ ਦੇ ਇਕ ਹਿੱਸੇ ਦੇ ਡਿੱਗਣ ਨਾਲ ਸਿਆਸੀ ਵਿਵਾਦ ਪੈਦਾ ਹੋ ਗਿਆ ਹੈ।
ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਨੇਤਾ ਤੇਜਸਵੀ ਯਾਦਵ ਨੇ ਇਸ ਘਟਨਾ ਲਈ ਸਿੱਧੇ ਤੌਰ ’ਤੇ ਨਿਤੀਸ਼ ਕੁਮਾਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਕੋਲ ਇਸ ਸਾਲ ਜਨਵਰੀ ’ਚ ਸੱਤਾ ਤੋਂ ਬਾਹਰ ਹੋਣ ਤਕ ਸੜਕ ਨਿਰਮਾਣ ਵਿਭਾਗ ਸੀ।
ਤੇਜਸਵੀ ਨੇ ਕਿਹਾ, ‘‘ਜਦੋਂ ਮੈਂ ਵਿਭਾਗ ਦਾ ਮੁਖੀ ਸੀ ਤਾਂ ਇਸ ਪੁਲ ਦੀ ਜਾਂਚ ਆਈ.ਆਈ.ਟੀ. ਰੁੜਕੀ ਦੇ ਮਾਹਰਾਂ ਦੀ ਇਕ ਕਮੇਟੀ ਨੇ ਕੀਤੀ ਸੀ। ਉਨ੍ਹਾਂ ਨੂੰ ਨੀਂਹ ਅਤੇ ਇਸ ਦੇ ਡਿਜ਼ਾਈਨ ’ਚ ਕਮੀਆਂ ਮਿਲੀਆਂ ਪਰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਬਿਲਕੁਲ ਵੀ ਚਿੰਤਾ ਨਹੀਂ ਹੈ ਅਤੇ ਰੀਪੋਰਟ ਧੂੜ ਫੱਕਦੀ ਜਾਪਦੀ ਹੈ।’’
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਵਿਜੇ ਕੁਮਾਰ, ਜਿਨ੍ਹਾਂ ਕੋਲ ਇਸ ਸਮੇਂ ਸੜਕ ਨਿਰਮਾਣ ਵਿਭਾਗ ਹੈ, ਨੇ ਜਵਾਬੀ ਹਮਲਾ ਕਰਦਿਆਂ ਕਿਹਾ, ‘‘ਜੇ ਪਿਛਲੀ ਸਰਕਾਰ ਕਾਫ਼ੀ ਚੌਕਸ ਹੁੰਦੀ ਤਾਂ ਸਥਿਤੀ ਅਜਿਹੀ ਨਾ ਹੁੰਦੀ।’’ ਸਿਨਹਾ ਨੇ ਕਿਹਾ, ‘‘ਫਿਰ ਵੀ ਅਸੀਂ ਠੇਕੇਦਾਰ ਦੇ ਕੰਮ ਤੋਂ ਖੁਸ਼ ਨਹੀਂ ਹਾਂ ਜਿਸ ਨੂੰ ਹਾਈ ਕੋਰਟ ਨੇ ਢਾਹੁਣ ਦਾ ਕੰਮ ਦਿਤਾ ਹੈ। ਅਸੀਂ ਇਸ ਦੀ ਨਿਗਰਾਨੀ ਕਰ ਰਹੇ ਹਾਂ। ਅਸੀਂ ਠੇਕੇਦਾਰ ਦੀ ਲਾਪਰਵਾਹੀ ਬਾਰੇ ਹਾਈ ਕੋਰਟ ਨੂੰ ਵੀ ਜਾਣੂ ਕਰਾਵਾਂਗੇ ਅਤੇ ਉਸ ਵਿਰੁਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।’