ਬੁੱਧਵਾਰ ਨੂੰ ਸੱਤ ਜ਼ਿਲ੍ਹਿਆਂ ਦੇ 24 ਵਿਧਾਨ ਸਭਾ ਹਲਕਿਆਂ ਵਿੱਚ 219 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨ ਲਈ ਵੋਟਿੰਗ ਹੋਣੀ ਹੈ
Jammu Kashmir Election 2024 : ਦੇਸ਼ ਭਰ ਦੇ 35,000 ਤੋਂ ਜ਼ਿਆਦਾ ਕਸ਼ਮੀਰੀ ਪੰਡਿਤ ਜੰਮੂ-ਕਸ਼ਮੀਰ 'ਚ ਬੁੱਧਵਾਰ ਨੂੰ ਤਿੰਨ ਪੜਾਵਾਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ ਵੋਟ ਪਾਉਣਗੇ। ਬੁੱਧਵਾਰ ਨੂੰ ਸੱਤ ਜ਼ਿਲ੍ਹਿਆਂ ਦੇ 24 ਵਿਧਾਨ ਸਭਾ ਹਲਕਿਆਂ ਵਿੱਚ 219 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨ ਲਈ ਵੋਟਿੰਗ ਹੋਣੀ ਹੈ। ਵਿਸਥਾਪਿਤ ਕਸ਼ਮੀਰੀ ਪੰਡਿਤ ਦੱਖਣੀ ਕਸ਼ਮੀਰ ਦੇ ਅਨੰਤਨਾਗ, ਪੁਲਵਾਮਾ, ਸ਼ੋਪੀਆਂ ਅਤੇ ਕੁਲਗਾਮ ਜ਼ਿਲ੍ਹਿਆਂ ਦੇ 16 ਹਲਕਿਆਂ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਅਧਿਕਾਰੀਆਂ ਨੇ ਕਿਹਾ ਹੈ ਕਿ ਸੁਰੱਖਿਆ ਬਲ ਅਤੇ ਚੋਣ ਟੀਮਾਂ ਆਪੋ-ਆਪਣੇ ਕੇਂਦਰਾਂ 'ਤੇ ਤਾਇਨਾਤ ਕੀਤੀਆਂ ਜਾ ਰਹੀਆਂ ਹਨ।
ਚੋਣਾਂ ਦੇ ਪਹਿਲੇ ਪੜਾਅ ਵਿੱਚ ਕਸ਼ਮੀਰੀ ਪੰਡਿਤ ਭਾਈਚਾਰੇ ਦੇ 6 ਉਮੀਦਵਾਰ ਚੋਣ ਲੜ ਰਹੇ ਹਨ। ਸੰਜੇ ਸਰਾਫ ਅਨੰਤਨਾਗ ਸੀਟ ਤੋਂ ਲੋਕ ਜਨ ਸ਼ਕਤੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਭਾਜਪਾ ਦੇ ਵੀਰ ਸਰਾਫ, ਆਪਣੀ ਪਾਰਟੀ ਦੇ ਐਮਕੇ ਯੋਗੀ ਅਤੇ ਆਜ਼ਾਦ ਉਮੀਦਵਾਰ ਦਲੀਪ ਪੰਡਿਤਾ ਸ਼ਾਂਗਾਸ-ਅਨੰਤਨਾਗ ਸੀਟ ਤੋਂ ਚੋਣ ਮੈਦਾਨ ਵਿੱਚ ਹਨ। ਰੋਜ਼ੀ ਰੈਨਾ ਅਤੇ ਅਰੁਣ ਰੈਨਾ ਕ੍ਰਮਵਾਰ ਰਿਪਬਲਿਕ ਪਾਰਟੀ ਆਫ ਇੰਡੀਆ ਅਤੇ ਐਨਸੀਪੀ ਦੇ ਉਮੀਦਵਾਰ ਵਜੋਂ ਰਾਜਪੋਰਾ ਅਤੇ ਪੁਲਵਾਮਾ ਸੀਟਾਂ ਤੋਂ ਚੋਣ ਲੜ ਰਹੇ ਹਨ। ਲਗਭਗ 23.27 ਲੱਖ ਵੋਟਰ ,ਜਿਨ੍ਹਾਂ 'ਚ 5.66 ਲੱਖ ਨੌਜਵਾਨ ਵੋਟਰ ਹਨ। ਪੀਡੀਪੀ ਪ੍ਰਧਾਨ ਮਹਿਬੂਬਾ ਮੁਫਤੀ ਦੀ ਬੇਟੀ ਇਲਤਿਜਾ ਮੁਫਤੀ (37) ਸਮੇਤ ਕਈ ਨੇਤਾਵਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
ਕਸ਼ਮੀਰੀ ਪੰਡਿਤ 24 ਵਿਸ਼ੇਸ਼ ਪੋਲਿੰਗ ਸਟੇਸ਼ਨਾਂ 'ਤੇ ਆਪਣੀ ਵੋਟ ਪਾਉਣਗੇ
ਰਾਹਤ ਅਤੇ ਮੁੜ ਵਸੇਬਾ ਕਮਿਸ਼ਨਰ ਡਾਕਟਰ ਅਰਵਿੰਦ ਕਾਰਵਾਨੀ ਨੇ ਦੱਸਿਆ, "35,500 ਕਸ਼ਮੀਰੀ ਪ੍ਰਵਾਸੀ ਵੋਟਰ ਭਲਕੇ ਚੋਣਾਂ ਦੇ ਪਹਿਲੇ ਪੜਾਅ ਲਈ ਜੰਮੂ, ਊਧਮਪੁਰ ਅਤੇ ਦਿੱਲੀ ਵਿੱਚ ਸਥਾਪਤ 24 ਵਿਸ਼ੇਸ਼ ਪੋਲਿੰਗ ਸਟੇਸ਼ਨਾਂ 'ਤੇ ਆਪਣੀ ਵੋਟ ਪਾਉਣ ਦੇ ਯੋਗ ਹਨ।" ਚੋਣ ਪ੍ਰਕਿਰਿਆ ਦੀ ਨਿਗਰਾਨੀ ਕਰ ਰਹੇ ਡਾਕਟਰ ਕਾਰਵਾਨੀ ਨੇ ਦੱਸਿਆ ਕਿ ਜੰਮੂ ਦੇ 19 ਪੋਲਿੰਗ ਸਟੇਸ਼ਨਾਂ 'ਤੇ 34,852 ਅਜਿਹੇ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਰਜਿਸਟਰਡ ਹਨ। ਇਸੇ ਤਰ੍ਹਾਂ ਊਧਮਪੁਰ ਅਤੇ ਦਿੱਲੀ ਵਿੱਚ 648 ਅਜਿਹੇ ਕਸ਼ਮੀਰੀ ਪ੍ਰਵਾਸੀ ਵੋਟਰ ਰਜਿਸਟਰਡ ਹਨ, ਜੋ ਊਧਮਪੁਰ ਦੇ ਇੱਕ ਪੋਲਿੰਗ ਬੂਥ ਅਤੇ ਦਿੱਲੀ ਵਿੱਚ ਅਜਿਹੇ ਚਾਰ ਪੋਲਿੰਗ ਬੂਥਾਂ 'ਤੇ ਆਪਣੀ ਵੋਟ ਪਾਉਣਗੇ। ਹਾਲਾਂਕਿ ਦਿੱਲੀ ਵਿੱਚ ਬਹੁਗਿਣਤੀ ਕਸ਼ਮੀਰੀ ਪੰਡਤਾਂ ਦੀ ਰਹਿੰਦੀ ਹੈ ਪਰ ਚੋਣਾਂ ਲਈ ਸਿਰਫ਼ 600 ਲੋਕਾਂ ਨੇ ਹੀ ਰਜਿਸਟਰੇਸ਼ਨ ਕਰਵਾਈ ਹੈ।
ਦਿੱਲੀ ਵਿੱਚ ਚਾਰ ਪੋਲਿੰਗ ਸਟੇਸ਼ਨ
ਕਮਿਸ਼ਨਰ ਨੇ ਕਿਹਾ ਕਿ ਬੁੱਧਵਾਰ ਨੂੰ ਆਜ਼ਾਦ ਅਤੇ ਨਿਰਪੱਖ ਵੋਟਿੰਗ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਬਜ਼ੁਰਗਾਂ, ਔਰਤਾਂ ਅਤੇ ਅਪਾਹਜ ਵੋਟਰਾਂ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਕਿਹਾ, "ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐਮ) ਰਾਹੀਂ ਵਿਅਕਤੀਗਤ ਤੌਰ 'ਤੇ ਵੋਟ ਪਾਉਣ ਦੀ ਚੋਣ ਕਰਨ ਵਾਲੇ ਕਸ਼ਮੀਰੀ ਪ੍ਰਵਾਸੀ ਵੋਟਰਾਂ ਨੂੰ ਜੰਮੂ 'ਚ 19, ਊਧਮਪੁਰ ਵਿੱਚ ਇੱਕ ਅਤੇ ਦਿੱਲੀ ਵਿੱਚ ਚਾਰ ਸਮੇਤ 24 ਪੋਲਿੰਗ ਸਟੇਸ਼ਨਾਂ 'ਤੇ ਪਹੁੰਚਾਉਣਾ ਹੋਵੇਗਾ।"