
ਪਹਿਲਾਂ ਕਸ਼ਮੀਰੀਆਂ ਦੇ ਦਿਲ ਜਿੱਤਣੇ ਚਾਹੀਦੇ ਸਨ
ਮੁੰਬਈ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਕਾਂਗਰਸ ਨੂੰ ਕਿਸੇ ਕੋਲੋਂ ਦੇਸ਼ਭਗਤੀ ਦਾ ਪ੍ਰਮਾਣ ਪੱਤਰ ਲੈਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਪਾਰਟੀ ਨੇ ਧਾਰਾ 370 ਹਟਾਉਣ ਦੇ ਹੱਕ ਵਿਚ ਵੋਟ ਪਾਈ ਪਰ ਜਿਸ ਤਰੀਕੇ ਨਾਲ ਇਹ ਧਾਰਾ ਹਟਾਈ ਗਈ, ਉਸ ਦਾ ਵਿਰੋਧ ਕੀਤਾ। ਅਰਥਸ਼ਾਸਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਆਜ਼ਾਦੀ ਦੀ ਲੜਾਈ ਦੌਰਾਨ ਕਾਂਗਰਸ ਦੀ ਭੂਮਿਕਾ ਬਾਰੇ ਸੱਭ ਜਾਣਦੇ ਹਨ। ਭਾਜਪਾ ਜਾਂ ਆਰਐਸਐਸ ਨੇ ਆਜ਼ਾਦੀ ਦੀ ਲੜਾਈ ਵਿਚ ਹਿੱਸਾ ਨਹੀਂ ਲਿਆ ਸੀ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਈਡੀ ਜਿਹੀਆਂ ਏਜੰਸੀਆਂ ਦੀ ਵਰਤੋਂ ਰਾਜਨੀਤਕ ਬਦਲਾ ਲੈਣ ਵਿਚ ਨਹੀਂ ਕੀਤੀ ਜਾਣੀ ਚਾਹੀਦੀ।
Article 370
ਉਨ੍ਹਾਂ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਧਾਰਾ 370 ਦੇ ਮੁੱਦੇ 'ਤੇ ਕਾਂਗਰਸ ਨੂੰ ਘੇਰ ਰਹੇ ਹਨ। ਉਧਰ, ਸ਼ਰਦ ਪਵਾਰ ਅਤੇ ਪ੍ਰਫੁੱਲ ਪਟੇਲ ਸਮੇਤ ਐਨਸੀਪੀ ਦੇ ਆਗੂਆਂ ਵਿਰੁਧ ਵੱਖ ਵੱਖ ਮਾਮਲਿਆਂ ਵਿਚ ਈਡੀ ਦੀ ਜਾਂਚ ਚੱਲ ਰਹੀ ਹੈ। ਡਾ. ਮਨਮੋਹਨ ਸਿੰਘ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਜਿਸ ਤਰੀਕੇ ਨਾਲ ਧਾਰਾ 370 ਸਬੰਧੀ ਬਿੱਲ ਸੰਸਦ ਵਿਚ ਪੇਸ਼ ਕੀਤਾ ਗਿਆ, ਕਾਂਗਰਸ ਨੇ ਉਸ ਦਾ ਵਿਰੋਧ ਕੀਤਾ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦਾ ਕਦਮ ਚੁੱਕਣ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਲੋਕਾਂ ਦਾ ਦਿਲ ਜਿੱਤਣਾ ਜ਼ਰੂਰੀ ਸੀ।
Article 370
ਉਨ੍ਹਾਂ ਕਿਹਾ, 'ਕਾਂਗਰਸ ਨੇ ਸੰਸਦ ਵਿਚ ਇਸ ਪਹਿਲ ਦੇ ਹੱਕ ਵਿਚ ਵੋਟ ਪਾਈ ਨਾਕਿ ਇਸ ਦੇ ਵਿਰੋਧ ਵਿਚ। ਕਾਂਗਰਸ ਦਾ ਮੰਨਣਾ ਹੈ ਕਿ ਧਾਰਾ 370 ਅਸਥਾਈ ਪ੍ਰਾਵਧਾਨ ਹੈ ਪਰ ਜੇ ਬਦਲਾਅ ਕੀਤਾ ਜਾਣਾ ਹੈ ਤਾਂ ਇਹ ਜੰਮੂ ਕਸ਼ਮੀਰ ਦੇ ਲੋਕਾਂ ਦੀਆਂ ਇੱਛਾਵਾਂ ਮੁਤਾਬਕ ਹੋਵੇ।' ਉਨ੍ਹਾਂ ਕਿਹਾ ਕਿ ਈਡੀ ਨੂੰ ਐਨਡੀਏ ਦੇ ਸ਼ਾਸਨ ਕਾਲ ਵਿਚ ਪਹਿਲਾਂ ਦੀ ਤੁਲਨਾ ਵਿਚ ਜ਼ਿਆਦਾ ਤਾਕਤਾਂ ਮਿਲੀਆਂ ਅਤੇ ਰਾਜਨੀਤਕ ਬਦਲੇ ਦੀ ਭਾਵਨਾ ਨਾਲ ਇਸ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਭਰੋਸਾ ਪ੍ਰਗਟ ਕੀਤਾ ਕਿ ਸਰਕਾਰ ਪ੍ਰਫੁੱਲ ਪਟੇਲ ਨਾਲ ਇਨਸਾਫ਼ ਕਰੇਗੀ ਅਤੇ ਕਿਹਾ, 'ਸਾਨੂੰ ਉਮੀਦ ਹੈ ਕਿ ਇਨ੍ਹਾਂ ਤਾਕਤਾਂ ਦੀ ਵਰਤੋਂ ਰਾਜਸੀ ਬਦਲੇ ਦੀ ਭਾਵਨਾ ਨਾਲ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਐਨਆਰਸੀ ਜਿਹੇ ਮਾਮਲਿਆਂ ਨੂੰ ਨਿਰਪੱਖ ਤਰੀਕੇ ਨਾਲ ਵੇਖਣ ਦੀ ਲੋੜ ਹੈ।
Manmohan Singh
ਅਸੀਂ ਸਾਵਰਕਰ ਦੀ ਹਿੰਦੂ ਵਿਚਾਰਧਾਰਾ ਦੇ ਵਿਰੋਧੀ ਹਾਂ :
ਪੁੱਛਣ 'ਤੇ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਕਾਂਗਰਸ ਸਾਵਰਕਰ ਦੀ ਸਿਰਫ਼ ਹਿੰਦੂਵਾਦੀ ਵਿਚਾਰਧਾਰਾ ਦਾ ਵਿਰੋਧ ਕਰਦੀ ਹੈ। ਮਹਾਤਮਾ ਗਾਂਧੀ ਦੀ ਹਤਿਆ ਦੇ ਮਾਮਲੇ ਵਿਚ ਸਾਵਰਕਰ ਮੁਲਜ਼ਮ ਸੀ ਪਰ ਉਹ ਬਰੀ ਹੋ ਗਿਆ ਸੀ। ਹਿੰਦੂ ਮਹਾਸਭਾ ਦੇ ਨੇਤਾ ਨੂੰ 'ਸਾਵਰਕਰ ਜੀ' ਦੇ ਸੰਬੋਧਨ ਨਾਲ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਾਵਰਕਰ ਦੀ ਯਾਦ ਵਿਚ ਡਾਕ ਟਿਕਟ ਜਾਰੀ ਕੀਤੀ ਸੀ। ਉਨ੍ਹਾਂ ਕਿਹਾ, 'ਅਸੀਂ ਹਿੰਦੂਤਵ ਦੀ ਵਿਚਾਰਧਾਰਾ ਦੇ ਸਮਰਥਨ ਵਿਚ ਨਹੀਂ ਹਾਂ ਜਿਸ ਨੂੰ ਸਾਵਰਕਰ ਨੇ ਸਰਪ੍ਰਸਤੀ ਅਤੇ ਹੱਲਾਸ਼ੀ ਦਿਤੀ।'