
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬੈਂਕਾਂ ਦੀ ਖਸਤਾ ਹਾਲਤ ਲਈ ਜ਼ਿੰਮੇਵਾਰ ਦੱਸੇ ਜਾਣ ‘ਤੇ ਸਾਬਕਾ ਮੁੱਖ ਮੰਤਰੀ ਨੇ ਪਲਟਵਾਰ ਕੀਤਾ ਹੈ।
ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬੈਂਕਾਂ ਦੀ ਖਸਤਾ ਹਾਲਤ ਲਈ ਜ਼ਿੰਮੇਵਾਰ ਦੱਸੇ ਜਾਣ ‘ਤੇ ਸਾਬਕਾ ਮੁੱਖ ਮੰਤਰੀ ਨੇ ਪਲਟਵਾਰ ਕੀਤਾ ਹੈ। ਮਨਮੋਹਨ ਸਿੰਘ ਨੇ ਕਿਹਾ ਕਿ ਕਿਸੇ ਦੇ ਸਿਰ ਦੋਸ਼ ਲਗਾਉਣ ਦਾ ਸਰਕਾਰ ‘ਤੇ ਜਨੂਨ ਸਵਾਰ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਆਰਥਕ ਸੁਸਤੀ, ਸਰਕਾਰ ਦੀ ਉਦਾਸੀਨਤਾ ਨਾਲ ਭਾਰਤੀਆਂ ਦੇ ਭਵਿੱਖ ਅਤੇ ਇੱਛਾਵਾਂ ‘ਤੇ ਅਸਰ ਪੈ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਅਤੇ ਸੂਬੇ ਵਿਚ ਇਕ ਪਾਰਟੀ ਦੀ ਸਰਕਾਰ ਵਾਲਾ ਮਾਡਲ ਫੇਲ੍ਹ ਹੋ ਚੁੱਕਾ ਹੈ, ਜਿਸ ਦੀ ਭਾਜਪਾ ਵੋਟਾਂ ਲਈ ਬਹੁਤ ਚਰਚਾ ਕਰਦੀ ਰਹੀ ਹੈ। ਮਹਾਰਾਸ਼ਟਰ ਆਰਥਕ ਸੁਸਤੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ।
Nirmala Sitharaman
ਉਹਨਾਂ ਨੇ ਕਿਹਾ ਕਿ ਚੀਨ ਦੇ ਮਾਲ ਕਾਰਨ ਮਹਾਰਾਸ਼ਟਰ ਵਿਚ ਪ੍ਰੋਡਕਟ ਦੇ ਨਿਰਮਾਣ ‘ਤੇ ਉਲਟ ਅਸਰ ਪੈ ਰਿਹਾ ਹੈ ਅਤੇ ਉਦਯੋਗਿਕ ਖੇਤਰ ਵਿਚ ਗਿਰਾਵਟ ਆ ਰਹੀ ਹੈ। ਉਹਨਾਂ ਨੇ ਕਿਹਾ ਕਿ ਚੀਨ ਦੇ ਮਾਲ ਕਾਰਨ ਮਹਾਰਾਸ਼ਟਰ ਵਿਚ ਮੌਕਿਆਂ ਦੀ ਭਾਰੀ ਕਮੀ ਆਈ ਹੈ। ਨੌਜਵਾਨਾਂ ਨੂੰ ਘੱਟ ਤਨਖਾਹ ‘ਤੇ ਨੌਕਰੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਹਨਾਂ ਨੇ ਪੀਐਮਸੀ ਬੈਂਕ ਦੇ ਪਰੇਸ਼ਾਨ 16 ਲੱਖ ਗ੍ਰਾਹਕਾਂ ਨੂੰ ਰਾਹਤ ਦੇਣ ਲਈ ਸਰਕਾਰ ਨੂੰ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਹੈ।
Manmohan Singh
ਮੁੰਬਈ ਵਿਚ ਪੀਐਮਸੀ ਖਾਤਾਧਾਰਕਾਂ ਨਾਲ ਮੁਲਾਕਾਤ ਵਿਚ ਮਨਮੋਹਨ ਸਿੰਘ ਨੇ ਕਿਹਾ, ‘ਪੀਐਮਸੀ ਵਿਚ ਜੋ ਵੀ ਹੋਇਆ ਉਹ ਬਦਕਿਸਮਤੀ ਨਾਲ ਹੋਇਆ ਹੈ। ਮੇਰੀ ਮਹਾਰਾਸ਼ਟਰ ਦੇ ਮੁੱਖ ਮੰਤਰੀ, ਪ੍ਰਧਾਨ ਮੰਤਰੀ, ਵਿੱਤ ਮੰਤਰੀ ਅਤੇ ਆਰਬੀਆਈ ਦੇ ਗਵਰਨਰ ਨੂੰ ਅਪੀਲ ਹੈ ਕਿ ਇਸ ਮਾਮਲੇ ਨੂੰ ਜਲਦ ਦੇਖਣ ਅਤੇ ਮਿਲ ਕੇ ਕੋਈ ਹੱਲ ਕੱਢਣ ਤਾਂ ਜੋ 16 ਲੱਖ ਖਾਤਾਧਾਰਕਾਂ ਨੂੰ ਰਾਹਤ ਮਿਲੇ’। ਮਨਮੋਹਨ ਸਿੰਘ ਨੇ ਕਿਹਾ, ‘ਇਹ ਮਾਮਲਾ ਸੁਪਰੀਮ ਕੋਰਟ ਦੇ ਕੋਲ ਹੈ, ਇਸ ਲਈ ਮੈਂ ਜ਼ਿਆਦਾ ਨਹੀਂ ਕਹਾਂਗਾ ਪਰ ਮੈਨੂੰ ਯਕੀਨ ਹੈ ਕਿ ਆਰਬੀਆਈ ਇਸ ਦੇ ਹੱਲ ਲ਼ਈ ਕੋਈ ਤਰੀਕਾ ਜ਼ਰੂਰ ਅਪਣਾਵੇਗਾ ਅਤੇ ਉਮੀਦ ਹੈ ਕਿ ਸਰਕਾਰ ਅਜਿਹਾ ਕੋਈ ਕਦਮ ਚੁੱਕੇ, ਜਿਸ ਨਾਲ 16 ਲੱਖ ਖਾਤਾ ਧਾਰਕਾਂ ਨੂੰ ਰਾਹਤ ਮਿਲ ਸਕੇ’।
PMC Bank
ਨਿਰਮਲਾ ਸੀਤਾਰਮਨ ਦੇ ਬਿਆਨ ‘ਤੇ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਸਮੇਂ ਜੋ ਹੋਇਆ ਉਹ ਹੋਇਆ, ਕੁਝ ਕਮਜ਼ੋਰੀਆਂ ਸੀ ਪਰ ਇਸ ਸਰਕਾਰ ਨੂੰ ਸਾਡੀਆਂ ਕਮਜੋਰੀਆਂ ਤੋਂ ਸਿੱਖ ਕੇ ਅਰਥ ਵਿਵਸਥਾ ਦੀਆਂ ਸਮੱਸਿਆਵਾਂ ਨਾਲ ਨਜਿੱਠਣਾ ਚਾਹੀਦਾ ਹੈ। ਫਾਈਵ ਟ੍ਰਿਲੀਅਨ ਡਾਲਰ ਦੀ ਅਰਥ ਵਿਵਸਥਾ ਦੇ ਸਰਕਾਰ ਦੇ ਟੀਚੇ ‘ਤੇ ਉਹਨਾਂ ਨੇ ਕਿਹਾ ਕਿ, ‘ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ 5 ਟ੍ਰਿਲੀਅਨ ਡਾਲਰ ਦੀ ਅਰਥ ਵਿਵਸਥਾ ਲਈ ਹਰ ਸਾਲ 10 ਤੋਂ 12 ਫੀਸਦੀ ਗ੍ਰੋਥ ਰੇਟ ਚਾਹੀਦਾ ਹੈ ਪਰ ਹੁਣ ਹਰ ਸਾਲ ਗ੍ਰੋਥ ਰੇਟ ਘੱਟ ਹੋ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ