
ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਕੁਝ ਲੋਕ ਔਰਤਾਂ ਨੂੰ ਏਮਜ਼ ਵਿਚ ਨਰਸ ਦੀ ਨੌਕਰੀ ਦਾ ਝਾਂਸਾ ਦੇ ਕੇ ਉਹਨਾਂ ਤੋਂ ਰੁਪਏ ਇਕੱਠੇ ਕਰ ਰਹੇ ਹਨ
ਨਵੀਂ ਦਿੱਲੀ: ਮੱਧ ਪ੍ਰਦੇਸ਼ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਦੇ ਹੱਥ ਇਕ ਵੱਡੀ ਕਾਮਯਾਬੀ ਲੱਗੀ ਹੈ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ(ਏਮਜ਼) ਵਿਚ ਨਰਸ ਵਜੋਂ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਠੱਗੀ ਕਰਨ ਵਾਲੇ ਇਕ ਗਿਰੋਹ ਨੂੰ ਐਸਟੀਐਫ ਨੇ ਕਾਬੂ ਕੀਤਾ ਹੈ। ਦਰਅਸਲ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਕੁਝ ਲੋਕ ਔਰਤਾਂ ਨੂੰ ਏਮਜ਼ ਵਿਚ ਨਰਸ ਦੀ ਨੌਕਰੀ ਦਾ ਝਾਂਸਾ ਦੇ ਕੇ ਉਹਨਾਂ ਤੋਂ ਰੁਪਏ ਇਕੱਠੇ ਕਰ ਰਹੇ ਹਨ, ਜਿਸ ਤੋਂ ਬਾਅਦ ਮਾਮਲਾ ਐਸਟੀਐਫ ਨੂੰ ਸੌਂਪਿਆ ਗਿਆ।
ਜਾਂਚ ਤੋਂ ਬਾਅਦ ਐਸਟੀਐਫ ਨੇ ਇਸ ਗਿਰੋਹ ਦੇ ਮੁਖੀ ਜਬਲਪੁਰ ਦੇ ਦਿਲਸ਼ਾਦ ਖਾਨ ਅਤੇ ਭੋਪਾਲ ਦੇ ਅਲੋਕ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਸਟੀਐਫ ਦੇ ਏਡੀਜੀ ਅਸ਼ੋਕ ਅਵਸਥੀ ਨੇ ਦੱਸਿਆ ਕਿ ਇਹ ਗਿਰੋਹ ਏਮਜ਼ ਵਿਚ ਨਰਸਾਂ ਦੀ ਭਰਤੀ ਕਰਵਾਉਣ ਦੇ ਨਾਂਅ ‘ਤੇ ਹੁਣ ਤੱਕ 50 ਤੋਂ ਜ਼ਿਆਦਾ ਲੜਕੀਆਂ ਨਾਲ ਲੱਖਾਂ ਰੁਪਏ ਦੀ ਠੱਕੀ ਕਰ ਚੁੱਕਾ ਹੈ। ਏਡੀਜੀ ਐਸਟੀਐਫ ਅਸ਼ੋਕ ਅਵਸਥੀ ਮੁਤਾਬਕ ਪੁੱਛ ਗਿੱਛ ਵਿਚ ਖੁਲਾਸਾ ਹੋਇਆ ਹੈ ਕਿ ਗਿਰੋਹ ਦੇ ਸਰਗਨਾ ਦਿਲਸ਼ਾਦ ਖਾਨ ਦੀਆਂ ਪੰਜ ਪਤਨੀਆਂ ਹਨ, ਜਿਨ੍ਹਾਂ ਦੇ ਰਹਿਣ-ਸਹਿਣ ਅਤੇ ਭਾਰੀ ਖਰਚਿਆਂ ਨੂੰ ਪੂਰਾ ਕਰਨ ਲਈ ਦਿਲਸ਼ਾਦ ਨੇ ਠੱਗੀ ਦੇ ਧੰਦੇ ਨੂੰ ਅਪਣਾ ਲਿਆ।
ਐਸਟੀਐਫ ਮੁਤਾਬਕ ਦਿਲਸ਼ਾਦ ਨੇ ਪੁੱਛਗਿੱਛ ਵਿਚ ਦੱਸਿਆ ਹੈ ਕਿ ਉਸ ਦੀ ਇਕ ਪਤਨੀ ਜਬਲਪੁਰ ਵਿਚ ਨਿੱਜੀ ਹਸਪਤਾਲ ਚਲਾਉਂਦੀ ਹੈ ਜਦਕਿ ਉਸ ਦੇ ਸਾਥੀ ਅਲੋਕ ਦੀ ਪਤਨੀ ਭੋਪਾਲ ਵਿਚ ਸਰਕਾਰੀ ਗਰਲਜ਼ ਹਾਸਟਲ ਦੀਆਂ ਲੜਕੀਆਂ ਦੀ ਸੁਪਰਡੈਂਟ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਦੋਵੇਂ ਔਰਤਾਂ ਦਾ ਠੱਗੀ ਵਿਚ ਕੋਈ ਹੱਥ ਨਹੀਂ ਸਾਹਮਣੇ ਆਇਆ ਹੈ। ਐਸਟੀਐਫ ਨੇ ਦੱਸਿਆ ਕਿ ਗਿਰੋਹ ਦੇ ਨਿਸ਼ਾਨੇ ‘ਤੇ ਪੜ੍ਹੀਆਂ-ਲਿਖੀਆਂ ਲੜਕੀਆਂ ਹੀ ਹੁੰਦੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ