
ਮਹਿੰਗੀ ਜ਼ਮੀਨ 'ਤੇ ਕਬਜ਼ਾ ਕਰਨ ਲਈ ਸਰਕਾਰ ਸਿੱਖਾਂ ਨੂੰ ਤੰਗ ਕਰ ਰਹੀ
ਸਿੱਖਾਂ ਦੇ ਘਰ ਉਜਾੜ ਕੇ ਸਰਕਾਰ ਪੂੰਜੀਪਤੀਆਂ ਨੂੰ ਵੇਚਣਾ ਚਾਹੁੰਦੀ ਹੈ
ਮਹਿੰਗੀ ਜ਼ਮੀਨ 'ਤੇ ਕਬਜ਼ਾ ਕਰਨ ਲਈ ਸਰਕਾਰ ਸਿੱਖਾਂ ਨੂੰ ਤੰਗ ਕਰ ਰਹੀ
ਗੁਹਾਟੀ (ਹਰਦੀਪ ਸਿੰਘ ਭੋਗਲ) : ਭਾਜਪਾ ਨਾਲ ਗੱਠਜੋੜ ਵਾਲੀ ਮੇਘਾਲਿਆ ਸਰਕਾਰ ਵਲੋਂ ਮੁੜ ਤੋਂ ਸ਼ਿਲਾਂਗ ਦੀ ਪੰਜਾਬੀ ਬਸਤੀ ਦੀ ਜ਼ਮੀਨ ਨੂੰ ਇਕ ਹਫ਼ਤੇ ਦੇ ਅੰਦਰ ਐਕਵਾਇਰ ਕਰਨ ਦੀ ਕੀਤੀ ਜਾ ਰਹੀ ਤਿਆਰੀ ਨਾਲ ਪੰਜਾਬੀ ਬਸਤੀ, ਬੜਾ ਬਾਜ਼ਾਰ ਵਿਚ ਪਿਛਲੇ ਦੋ ਸੌ ਸਾਲ ਤੋਂ ਰਹਿ ਰਹੇ ਗ਼ਰੀਬ ਸਿੱਖਾਂ ਤੇ ਪੰਜਾਬੀਆਂ (ਦਲਿਤਾਂ) 'ਤੇ ਮੁੜ ਉਜਾੜੇ ਦੀ ਤਲਵਾਰ ਲਟਕ ਗਈ ਹੈ ਤੇ ਇਸ ਮਸਲੇ ਨੂੰ ਲੈ ਕੇ ਸਪੋਕਸਮੈਨ ਦੀ ਟੀਮ ਨੇ ਗੁਹਾਟੀ ਤੋਂ ਗਾਊਂਡ ਰਿਪੋਰਟ ਕੀਤੀ।
ਇਸ ਦੌਰਾਨ ਸਪੋਕਸਮੈਨ ਦੇ ਪੱਤਰਕਾਰ ਨੇ ਗੁਹਾਟੀ ਵਿਚ ਰਹਿੰਦੇ ਸਿੱਖਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ ਜੀਵਨ ਅਤੇ ਇਥੋਂ ਕੁਝ ਦੂਰੀ ਦੇ ਪੈਂਦੇ ਸ਼ਿਲੌਂਗ ਤੇ ਉਥੇ ਵਾਪਰ ਰਹੀਆਂ ਘਟਨਾਵਾਂ ਅਤੇ ਪ੍ਰੇਸ਼ਾਨੀਆਂ ਸੁਣੀਆਂ । ਗੱਲ ਕਰਦਿਆਂ ਉਥੇ ਰਹਿੰਦੇ ਸਿੱਖਾਂ ਨੇ ਦੱਸਿਆ ਕਿ ਪਹਿਲਾਂ ਸ਼ਿਲੌਂਗ ਵਿਚ ਵੀ ਸਿੱਖ ਬਹੁਤ ਸ਼ਾਂਤੀ ਨਾਲ ਰਹਿੰਦੇ ਸਨ ਪਰ ਪਿਛਲੇ ਪੰਜ ਛੇ ਸਾਲਾਂ ਤੋਂ ਸਿੱਖਾਂ ਦੇ ਘਰਾਂ ਅਤੇ ਜ਼ਮੀਨ ਨੂੰ ਲੈ ਕੇ ਜੋ ਘਟਨਾਵਾਂ ਵਾਪਰ ਰਹੀਆਂ ਹਨ ਉਸ ਨੇ ਮਾਹੌਲ ਤਣਾਅਪੂਰਨ ਬਣਾ ਦਿੱਤਾ ਹੈ।
sikh
ਇੱਕ ਹੋਰ ਸਿੱਖ ਨੇ ਦੱਸਿਆ ਕਿ ਜ਼ਮੀਨ ਬਾਜ਼ਾਰ ਵਿਚ ਆਉਣ ਕਾਰਨ ਉਥੋਂ ਦੀ ਸਰਕਾਰ ਸਿੱਖਾਂ ਨੂੰ ਤੰਗ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ 200 ਸਾਲ ਪਹਿਲਾਂ ਜਦੋਂ ਉਥੇ ਸਿੱਖ ਆ ਕੇ ਬੈਠੇ ਸੀ ਉਦੋਂ ਉਥੇ ਜੰਗਲ ਸੀ ਪਰ ਅੱਜ ਜ਼ਮੀਨ ਬਾਜ਼ਾਰ ਵਿਚ ਆਉਣ ਕਾਰਨ ਉਸ ਦਾ ਮੁੱਲ ਬਹੁਤ ਵੱਧ ਗਿਆ ਹੈ। ਇਹੀ ਕਾਰਨ ਹੈ ਕਿ ਸ਼ਿਲੌਂਗ ਵਿਚ ਅਜਿਹੇ ਹਾਲਤ ਬਣੇ ਹੋਏ ਹਨ।
ਉਨ੍ਹਾਂ ਅੱਗੇ ਕਿਹਾ ਕਿ ਸਿੱਖ ਹੀ ਸਨ ਜਿਨ੍ਹਾਂ ਨੇ ਸ਼ਿਲੌਂਗ ਦੀ ਧਰਤੀ ਨੂੰ ਉਪਜਾਊ ਬਣਾਇਆ ਕਿਉਂਕਿ ਉਥੇ ਪਹਿਲਾਂ ਜੰਗਲ ਹੋਇਆ ਕਰਦੇ ਸਨ। ਇਸ ਲਈ ਸਿੱਖਾਂ ਨਾਲ ਅਜਿਹਾ ਵਤੀਰਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਦੱਸਿਆ ਕਿ ਸ਼ਿਲੌਂਗ ਵਿਚ ਅੱਜ ਦੇ ਸਮੇਂ ਸਿੱਖਾਂ ਨਾਲ ਜੋ ਕੁਝ ਵੀ ਹੋ ਰਿਹਾ ਹੈ ਉਹ ਸਿਆਸਤ ਨਾਲ ਸਬੰਧਤ ਹੈ ਪਰ ਇਹ ਸਭ ਨਹੀਂ ਹੋਣਾ ਚਾਹੀਦਾ।
sikh
ਇੱਕ ਹੋਰ ਸਿੱਖ ਨੇ ਦੱਸਿਆ ਕਿ ਅਸਾਮ ਵਿਚ ਰਹਿੰਦੇ ਸਿੱਖ ਜ਼ਮੀਨ ਦੀ ਖ਼ਰੀਦ ਵੇਚ ਕਰ ਸਕਦੇ ਹਨ ਪਰ ਸ਼ਿਲੌਂਗ ਵਿਚ ਸਿਸਟਮ ਅਲਗ ਹੈ ਉਥੇ ਜ਼ਮੀਨ ਸਿਰਫ ਠੇਕੇ 'ਤੇ ਲਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਸਿੱਖਾਂ ਨੇ ਪਹਿਲੀ ਵਾਰ ਸ਼ਿਲੌਂਗ ਦੀ ਧਰਤੀ 'ਤੇ ਵਸੇਬਾ ਕੀਤਾ ਸੀ ਤਾਂ ਹਾਲਾਤ ਵੱਖਰੇ ਸਨ ਪਰ ਹੁਣ ਸ਼ਿਲੌਂਗ ਉੱਤਰੀ ਭਾਰਤ ਵਿਚ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ।
ਹੁਣ ਸਰਕਾਰ ਚਾਹੁੰਦੀ ਹੈ ਕਿ ਇਸ ਬਸਤੀ ਨੂੰ ਕੀਤੇ ਹੋਰ ਸ਼ਿਫਟ ਕਰ ਦਿੱਤਾ ਜਾਵੇ ਤਾਂ ਜੋ ਇਸ ਜਗ੍ਹਾ 'ਤੇ ਕੋਈ ਸ਼ਾਪਿੰਗ ਮਾਲ ਆਦਿ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸਰਕਾਰ ਆਪਣੇ ਨਜ਼ਰੀਏ ਨਾਲ ਦੇਖ ਰਹੀ ਹੈ ਕਿ ਇਥੋਂ ਦਾ ਹੋਰ ਵਿਕਾਸ ਕੀਤਾ ਜਾਵੇ ਪਰ ਕਿਸੇ ਦਾ ਗਲਾ ਵੱਡ ਕੇ ਵਿਕਾਸ ਕਰਨਾ ਵੀ ਚੰਗੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਜਗ੍ਹਾ ਖਾਲੀ ਕਰਵਾਉਣਾ ਚਾਹੁੰਦੀ ਹੈ ਤਾਂ ਪਹਿਲਾਂ ਉਥੇ ਵਸਦੇ ਲੋਕਾਂ ਦੇ ਰਹਿਣ ਦਾ ਬੰਦੋਬਸਤ ਕਰਨਾ ਚਾਹੀਦਾ ਹੈ ਅਤੇ ਫਿਰ ਘਰ ਖਾਲੀ ਕਰਨ ਦੇ ਹੁਕਮ ਦੇਣੇ ਚਾਹੀਦੇ ਹਨ।
ਇਕ ਹੋਰ ਸਿੱਖ ਨੇ ਉਥੋਂ ਦੇ ਹਾਲਾਤ ਨੂੰ ਅਡਾਨੀ ਅੰਬਾਨੀ ਨਾਲ ਜੋੜਦਿਆਂ ਕਿਹਾ ਕਿ ਸ਼ਿਲੌਂਗ ਵਿਚ ਵੀ ਲੈਂਡ ਮਾਫੀਆ ਚਲ ਰਿਹਾ ਹੈ ਅਤੇ ਉਹ ਚਾਹੁੰਦੇ ਹਨ ਕਿ ਇਨ੍ਹਾਂ ਨੂੰ ਇਥੋਂ ਚੁੱਕਿਆ ਜਾਵੇ ਅਤੇ ਜ਼ਮੀਨ ਸਾਡੇ ਹੱਥਾਂ ਵਿਚ ਆਵੇ। ਬਿਲ ਤਲਾਬ ਗੁਰਦਵਾਰੇ ਵਲੋਂ ਸਿੱਖਾਂ ਨੇ ਸ਼ਿਲੌਂਗ ਵਸਦੇ ਆਪਣੇ ਸਿੱਖ ਭਰਾਵਾਂ ਨੂੰ ਸੁਨੇਹਾ ਦਿੱਤਾ ਕਿ ਅਸੀਂ ਤੁਹਾਡੇ ਨਾਲ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਦੂਰ ਜ਼ਰੂਰ ਹਾਂ ਪਰ ਜਦੋਂ ਵੀ ਲੋੜ ਹੋਵੇਗੀ ਸਾਡੀ ਕਮੇਟੀ ਅਤੇ ਸੰਗਤ ਸਿੱਖਾਂ ਅਤੇ ਕਿਸਾਨਾਂ ਦਾ ਪੂਰਨ ਸਹਿਯੋਗ ਕਰੇਗੀ।