
ਪ੍ਰਧਾਨ ਮੰਤਰੀ ਨੇ 'ਐਗਰੀ ਸਟਾਰਟਅੱਪ' ਕਾਨਫਰੰਸ ਦਾ ਉਦਘਾਟਨ ਵੀ ਕੀਤਾ ਅਤੇ ਇਸ ਮੌਕੇ 'ਤੇ ਇਕ ਈ-ਮੈਗਜ਼ੀਨ 'ਇੰਡੀਅਨ ਏਜ' ਵੀ ਜਾਰੀ ਕੀਤਾ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਭਾਰਤੀ ਜਨ ਖਾਦ ਪ੍ਰਾਜੈਕਟ ‘ਵਨ ਨੇਸ਼ਨ-ਵਨ ਫਰਟੀਲਾਈਜ਼ਰ’ ਦੀ ਸ਼ੁਰੂਆਤ ਕੀਤੀ ਅਤੇ ਇਸ ਦੇ ਤਹਿਤ ‘ਭਾਰਤ ਯੂਰੀਆ ਬੈਗ’ ਵੀ ਪੇਸ਼ ਕੀਤਾ ਗਿਆ। ਇਸ ਨਾਲ ਕੰਪਨੀਆਂ ਨੂੰ ਇਕ ਹੀ ਬ੍ਰਾਂਡ ਨਾਮ - ਭਾਰਤ ਦੇ ਤਹਿਤ ਖਾਦਾਂ ਦੀ ਮਾਰਕੀਟਿੰਗ ਕਰਨ ਵਿਚ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਨੇ ਰਾਜਧਾਨੀ ਵਿਚ ਭਾਰਤੀ ਖੇਤੀ ਖੋਜ ਸੰਸਥਾਨ ਦੇ ਪੂਸਾ ਮੇਲਾ ਮੈਦਾਨ ਵਿਚ ਆਯੋਜਿਤ ਇਕ ਸਮਾਗਮ ਵਿਚ 600 ਪ੍ਰਧਾਨ ਮੰਤਰੀ ਕਿਸਾਨ ਸਮ੍ਰਿਧੀ ਕੇਂਦਰਾਂ ਦਾ ਉਦਘਾਟਨ ਵੀ ਕੀਤਾ। ਇਸ ਯੋਜਨਾ ਦੇ ਤਹਿਤ ਦੇਸ਼ ਵਿਚ ਖਾਦਾਂ ਦੇ 3.30 ਲੱਖ ਤੋਂ ਵੱਧ ਪ੍ਰਚੂਨ ਦੁਕਾਨਾਂ ਨੂੰ ਪੜਾਅਵਾਰ ਢੰਗ ਨਾਲ ਪ੍ਰਧਾਨ ਮੰਤਰੀ ਕਿਸਾਨ ਸਮ੍ਰਿਧੀ ਕੇਂਦਰਾਂ ਵਿਚ ਤਬਦੀਲ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨੇ 'ਐਗਰੀ ਸਟਾਰਟਅੱਪ' ਕਾਨਫਰੰਸ ਦਾ ਉਦਘਾਟਨ ਵੀ ਕੀਤਾ ਅਤੇ ਇਸ ਮੌਕੇ 'ਤੇ ਇਕ ਈ-ਮੈਗਜ਼ੀਨ 'ਇੰਡੀਅਨ ਏਜ' ਵੀ ਜਾਰੀ ਕੀਤਾ। ਇਹ ਮੈਗਜ਼ੀਨ ਕਿਸਾਨਾਂ ਦੀਆਂ ਸਫ਼ਲਤਾ ਦੀਆਂ ਕਹਾਣੀਆਂ ਦੇ ਨਾਲ-ਨਾਲ ਘਰੇਲੂ ਅਤੇ ਅੰਤਰਰਾਸ਼ਟਰੀ ਖਾਦ ਦੇ ਹਾਲਾਤਾਂ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ, ਜਿਸ ਵਿਚ ਹਾਲੀਆ ਵਿਕਾਸ, ਕੀਮਤਾਂ ਦੇ ਰੁਝਾਨ ਦਾ ਵਿਸ਼ਲੇਸ਼ਣ, ਉਪਲਬਧਤਾ ਅਤੇ ਖਪਤ ਸ਼ਾਮਲ ਹੈ।
'ਇਕ ਰਾਸ਼ਟਰ-ਇਕ ਖਾਦ' ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਯੋਜਨਾ ਕਿਸਾਨਾਂ ਨੂੰ ਸਸਤੀ ਅਤੇ ਗੁਣਵੱਤਾ ਵਾਲੀ ਖਾਦ ਮੁਹੱਈਆ ਕਰਵਾਏਗੀ।ਉਹਨਾਂ ਕਿਹਾ, “ਇਕ ਰਾਸ਼ਟਰ ਇਕ ਖਾਦ ਕਿਸਾਨ ਨੂੰ ਹਰ ਤਰ੍ਹਾਂ ਦੇ ਭੰਬਲਭੂਸੇ ਤੋਂ ਮੁਕਤ ਕਰਨ ਜਾ ਰਹੀ ਹੈ ਅਤੇ ਵਧੀਆ ਖਾਦ ਵੀ ਉਪਲਬਧ ਹੋਣ ਜਾ ਰਹੀ ਹੈ। ਹੁਣ ਦੇਸ਼ ਵਿਚ ਇਕੋ ਨਾਮ ਅਤੇ ਇਕੋ ਬ੍ਰਾਂਡ ਅਤੇ ਇਕੋ ਕੁਆਲਿਟੀ ਦਾ ਯੂਰੀਆ ਵੇਚਿਆ ਜਾਵੇਗਾ ਅਤੇ ਇਹ ਬ੍ਰਾਂਡ ਭਾਰਤ ਹੈ”।
ਪ੍ਰਧਾਨ ਮੰਤਰੀ-ਕਿਸਾਨ ਸਮਰਿਧੀ ਕੇਂਦਰਾਂ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਇਹ ਅਜਿਹੇ ਕੇਂਦਰ ਹੋਣਗੇ ਜਿੱਥੇ ਨਾ ਸਿਰਫ਼ ਖਾਦ, ਸਗੋਂ ਬੀਜ ਅਤੇ ਉਪਕਰਨ ਵੀ ਉਪਲਬਧ ਹੋਣਗੇ ਅਤੇ ਮਿੱਟੀ ਦੀ ਜਾਂਚ ਵੀ ਕੀਤੀ ਜਾ ਸਕੇਗੀ। ਕਿਸਾਨਾਂ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਵੇਗੀ। ਇਸ ਪ੍ਰੋਗਰਾਮ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਮਨਸੁਖ ਮਾਂਡਵੀਆ ਵੀ ਮੌਜੂਦ ਸਨ।