
ਸਿੱਖ ਆਗੂਆਂ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ
ਮੁੰਬਈ: ਸ਼ਿਵ ਸੈਨਾ ਦੇ ਊਧਵ ਠਾਕਰੇ ਅਤੇ ਏਕਨਾਥ ਸ਼ਿੰਦੇ ਦੋਵੇਂ ਧੜਿਆਂ ਨੂੰ ਅਲਾਟ ਕੀਤੇ ਗਏ ਚੋਣ ਨਿਸ਼ਾਨ ਨੂੰ ਲੈ ਕੇ ਵਿਵਾਦ ਜਾਰੀ ਹੈ। ਇਸ ਵਾਰ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਪਾਰਟੀ ਦੇ ਚੋਣ ਨਿਸ਼ਾਨ 'ਤੇ ਸਿੱਖ ਭਾਈਚਾਰੇ ਦੇ ਆਗੂਆਂ ਨੇ ਇਤਰਾਜ਼ ਜਤਾਇਆ ਹੈ। ਸ਼ਿੰਦੇ ਦੀ ਪਾਰਟੀ ਦਾ ਚੋਣ ਨਿਸ਼ਾਨ ਦੋ ਤਲਵਾਰਾਂ ਅਤੇ ਢਾਲ ਹੈ। ਇਸ 'ਤੇ ਸਿੱਖੇ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਖਾਲਸਾ ਪੰਥ ਦਾ ਧਾਰਮਿਕ ਚਿੰਨ੍ਹ ਹੈ।
ਦਰਅਸਲ ਚੋਣ ਕਮਿਸ਼ਨ ਨੇ ਪਾਰਟੀ ਦੇ ਨਵੇਂ ਨਾਂਅ ਅਤੇ ਚੋਣ ਨਿਸ਼ਾਨ ਨੂੰ ਲੈ ਕੇ ਦੋਵਾਂ ਧੜਿਆਂ ਤੋਂ ਵਿਕਲਪ ਮੰਗੇ ਸਨ। ਦੋਵਾਂ ਪਾਰਟੀਆਂ ਤੋਂ ਵਿਕਲਪ ਮਿਲਣ ਤੋਂ ਬਾਅਦ ਉਹਨਾਂ ਨੂੰ ਵੱਖ-ਵੱਖ ਚੋਣ ਨਿਸ਼ਾਨ ਅਤੇ ਪਾਰਟੀ ਦੇ ਨਾਂ ਦਿੱਤੇ ਗਏ ਹਨ। ਭਾਵੇਂ ਇਹ ਸਥਾਈ ਨਹੀਂ ਹੈ ਪਰ ਫਿਲਹਾਲ ਜ਼ਿਮਨੀ ਚੋਣ ਦੇ ਮੱਦੇਨਜ਼ਰ ਦੋਵਾਂ ਧੜਿਆਂ ਨੂੰ ਵੱਖਰੇ-ਵੱਖਰੇ ਨਾਂਅ ਅਤੇ ਚੋਣ ਨਿਸ਼ਾਨ ਮੁਹੱਈਆ ਕਰਵਾਏ ਗਏ ਹਨ। ਏਕਨਾਥ ਸ਼ਿੰਦੇ ਦੇ ਧੜੇ ਨੂੰ ਤਲਵਾਰ ਅਤੇ ਢਾਲ ਚੋਣ ਨਿਸ਼ਾਨ ਅਲਾਟ ਕੀਤੇ ਗਏ ਹਨ ਪਰ ਹੁਣ ਸਿੱਖ ਕੌਮ ਨੇ ਇਸ ਚਿੰਨ੍ਹ ਦਾ ਵਿਰੋਧ ਕੀਤਾ ਹੈ।
ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ ਦੇ ਸਾਬਕਾ ਸਕੱਤਰ ਰਣਜੀਤ ਸਿੰਘ ਕਾਮਥੇਕਰ ਅਤੇ ਇਕ ਸਥਾਨਕ ਕਾਂਗਰਸੀ ਆਗੂ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਏਕਨਾਥ ਸ਼ਿੰਦੇ ਦੀ ਪਾਰਟੀ ਨੂੰ ਚੋਣ ਨਿਸ਼ਾਨ ਨਾ ਦੇਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਇਹ ਚਿੰਨ੍ਹ ਧਾਰਮਿਕ ਹੈ। ਜੇਕਰ ਚੋਣ ਕਮਿਸ਼ਨ ਵੱਲੋਂ ਕੋਈ ਨੋਟਿਸ ਨਹੀਂ ਲਿਆ ਗਿਆ ਤਾਂ ਉਹ ਕਾਰਵਾਈ ਲਈ ਅਦਾਲਤ ਜਾ ਸਕਦੇ ਹਨ।
ਉਹਨਾਂ ਕਿਹਾ ਕਿ ਸਾਡੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਅਤੇ ਢਾਲ ਨੂੰ ਖ਼ਾਲਸਾ ਪੰਥ ਦੇ ਧਾਰਮਿਕ ਚਿੰਨ੍ਹ ਵਜੋਂ ਸਥਾਪਿਤ ਕੀਤਾ ਸੀ। ਇਸ ਨੂੰ ਚੋਣ ਨਿਸ਼ਾਨ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ।